ਪੰਜਾਬ ਸਰਕਾਰ ਹੋਣਹਾਰ ਧੀ ਨੈਨਸੀ ਪ੍ਰਜਾਪਤੀ ਦੀ ਅਗਲੇਰੀ ਪੜਾਈ ਲਈ ਚੁੱਕੇ ਖਰਚ : ਗੁਰਮੀਤ ਸਿੰਘ ਪ੍ਰਜਾਪਤੀ
ਕੋਟਕਪੂਰਾ, 27 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਲ 2022 ’ਚ ਦਸਵੀਂ ਕਲਾਸ ’ਚੋਂ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਅਤੇ 12ਵੀਂ ਜਮਾਤ ਵਿੱਚ ਪੰਜਾਬ ਵਿੱਚ ਨੌਵਾਂ ਸਥਾਨ ਹਾਸਲ ਕਰਨ ਵਾਲੀ ਨੈਨਸੀ ਪ੍ਰਜਾਪਤੀ ਦੇ ਘਰ ਦੇ ਆਰਥਿਕ ਹਾਲਾਤ ਮੰਦੇ ਹੋਣ ਕਰਕੇ ਅਗਲੇਰੀ ਪੜਾਈ ਕਰਨ ’ਚ ਅਸਮਰਥ ਸੀ। ਨੈਨਸੀ ਦੇ ਪਰਿਵਾਰ ਨੇ ਅਪਣੀ ਬੱਚੀ ਦੀ ਅਗਲੇਰੀ ਉੱਚ ਵਿੱਦਿਆ ਕਰਵਾਉਣ ਦਾ ਮੁੱਦਾ ਗੁਰਮੀਤ ਸਿੰਘ ਪ੍ਰਜਾਪਤੀ ਕੋਲ ਰੱਖਿਆ। ਗੁਰਮੀਤ ਸਿੰਘ ਪ੍ਰਜਾਪਤੀ ਨੇ ਨੈਨਸੀ ਪ੍ਰਜਾਪਤੀ ਦੀ ਅਗਲੇਰੀ ਪੜਾਈ ਕਰਵਾਉਣ ਦਾ ਮੁੱਦਾ ਅਪਣੇ ਸਹਿਯੋਗੀ ਸਾਥੀਆਂ ਕੋਲ ਰੱਖਿਆ, ਜਿੰਨਾਂ ਨੇ ਨੈਨਸੀ ਪ੍ਰਜਾਪਤੀ ਦੀ ਅਗਲੇਰੀ ਉੱਚ ਵਿੱਦਿਆ ਦਿਵਾਉਣ ਦਾ ਫੈਸਲਾ ਲੈਂਦਿਆਂ ਨੈਨਸੀ ਪ੍ਰਜਾਪਤੀ ਨੂੰ ਹਰ 6 ਮਹੀਨੇ ਦੇ ਸਮੈਸਟਰ ਤੋਂ ਬਾਅਦ 50,000 ਰੁਪਏ ਆਰਥਿਕ ਯੋਗਦਾਨ ਦੇਣਾ ਦਾ ਐਲਾਨ ਕਰਦਿਆਂ ਨੈਨਸੀ ਪ੍ਰਜਾਪਤੀ ਦੀ ਪੜਾਈ ਕਰਨ ਲਈ ਗੋਦ ਲੈਣ ਦਾ ਫੈਸਲਾ ਕੀਤਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੈਕਚਰਾਰ ਰਤਨ ਸਿੰਘ ਚੇਅਰਮੈਨ ਪਿਛੜਾ ਵਰਗ ਪੰਜਾਬ ਅਤੇ ਓਮ ਪ੍ਰਕਾਸ਼ ਪ੍ਰਧਾਨ ਰਾਸ਼ਟਰੀ ਪਿਛੜਾ ਵਰਗ ਮੋਰਚਾ ਜਿਲਾ ਬਠਿੰਡਾ ਨੇ ਕੀਤਾ। ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਬਠਿੰਡਾ ’ਤੇ ਤੰਜ ਕਸਦਿਆਂ ਉਹਨਾਂ ਕਿਹਾ ਕਿ ਨੰਨੀ ਛਾਂ ਦੀ ਜਿਥੇ ਜਰੂਰਤ ਹੁੰਦੀ ਹੈ, ਨੰਨੀ ਛਾਂ ਓਥੋਂ ਅਲੋਪ ਹੋ ਜਾਂਦੀ ਹੈ, ਜਦਕਿ ਦਾਅਵੇ ਵੱਡੇ-ਵੱਡੇ ਕਰਦੇ ਹਨ। ਗੁਰਮੀਤ ਸਿੰਘ ਪ੍ਰਜਾਪਤੀ ਯੂਥ ਪ੍ਰਧਾਨ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ ਅਤੇ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ ਜਿਲਾ ਫਾਜਿਲਕਾ ਨੇ ਦੱਸਿਆ ਕਿ ਪੰਜਾਬ ਭਰ ’ਚ ਦਸਵੀਂ ਜਮਾਤ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਨੈਨਸੀ ਪ੍ਰਜਾਪਤੀ ਨੂੰ ਪੰਜਾਬ ਸਰਕਾਰ ਵਲੋਂ ਸਿਰਫ 2000 ਰੁਪਏ ਵਜੀਫੇ ਦੇ ਤੌਰ ’ਤੇ ਨਿਗੁਣੀ ਜਿਹੀ ਰਾਸ਼ੀ ਮੁਹੱਈਆ ਕਰਵਾਈ ਗਈ ਸੀ। ਉਹਨਾਂ ਦੱਸਿਆ ਕਿ ਨੈਨਸੀ ਪ੍ਰਜਾਪਤੀ ਦਾ ਦਾਖਲਾ ਸੈਂਟਰਲ ਯੂਨੀਵਰਸਿਟੀ ਘੁੱਦਾ ਜਿਲਾ ਬਠਿੰਡਾ ਵਿਖ਼ੇ ਬੀ.ਐਸ.ਸੀ. ਬੀ.ਐਡ. ਵਿੱਚ ਕਰਵਾਇਆ ਗਿਆ ਹੈ। ਗੁਰਮੀਤ ਸਿੰਘ ਪ੍ਰਜਾਪਤੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਅਤੇ ਹਰਜੋਤ ਸਿੰਘ ਬੈਂਸ ਸਿਖਿਆ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੈਨਸੀ ਪ੍ਰਜਾਪਤੀ ਦੀ ਅਗਲੇਰੀ ਪੜਾਈ ਦਾ ਖਰਚਾ ਚੁੱਕੇ ਤਾਂ ਜੋ ਇੱਕ ਪ੍ਰਤੀਭਾਸ਼ਾਲੀ ਵਿਦਿਆਰਥਣ ਅਪਣੀ ਪੜਾਈ ਪੂਰੀ ਕਰ ਸਕੇ। ਅਵਤਾਰ ਸਿੰਘ ਸਰਕਲ ਪ੍ਰਧਾਨ ਅਬੋਹਰ ਆਜ਼ਾਦ ਕਿਸਾਨ ਮੋਰਚਾ ਪੰਜਾਬ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਵਧੀਆ ਸਿਖਿਆ ਨੀਤੀ ਬਣਾ ਕੇ ਟਾਪਰ ਵਿਦਿਆਰਥੀਆਂ ਦੀ ਪੜਾਈ ਪੰਜਾਬ ਸਰਕਾਰ ਅਪਣੇ ਖਰਚੇ ’ਤੇ ਕਰਵਾਵੇ ਤਾਂ ਜੋ ਜਰੂਰਤਮੰਦ ਵਿਦਿਆਰਥੀਆਂ ਦੀ ਉਚੇਰੀ ਪੜਾਈ ਦਾ ਪੱਕਾ ਪ੍ਰਬੰਧ ਕਰਕੇ ਪੜਾਈ ਪੂਰੀ ਕਾਰਵਾਈ ਜਾ ਸਕੇ। ਨੈਨਸੀ ਪ੍ਰਜਾਪਤੀ ਨੇ ਅਪਣੀ ਪੜਾਈ ਪੂਰੀ ਕਰਵਾਉਣ ਲਈ ਆਰਥਿਕ ਸਹਿਯੋਗ ਕਰਨ ਵਾਲੇ ਸਾਰੇ ਸਹਿਯੋਗੀ ਸੱਜਣਾ ਅਤੇ ਸਮਾਜਿਕ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਮੇਰਾ ਅਗਲੇਰੀ ਪੜਾਈ ਪੂਰੀ ਕਰਨ ਦਾ ਸੁਪਨਾ ਪੂਰਾ ਹੋ ਜਾਵੇਗਾ, ਜਿਸ ਲਈ ਮੈਂ ਸਭ ਦੀ ਰਿਣੀ ਰਹਾਂਗੀ। ਨੈਨਸੀ ਪ੍ਰਜਾਪਤੀ ਨੇ ਅਪੀਲ ਕੀਤੀ ਕਿ ਮੇਰਾ ਅੱਗੇ ਵੀ ਇਸੇ ਤਰਾਂ ਸਹਿਯੋਗ ਕੀਤਾ ਜਾਵੇ। ਨੈਨਸੀ ਪ੍ਰਜਾਪਤੀ ਦੇ ਸੈਂਟਰਲ ਯੂਨੀਵਰਸਿਟੀ ਘੁੱਦਾ ਵਿਖ਼ੇ ਦਾਖਲਾ ਕਰਵਾਉਣ ਸਮੇ ਨੈਨਸੀ ਦੇ ਮਾਤਾ ਸੰਦੀਪ ਕੌਰ ਅਤੇ ਓਮ ਪ੍ਰਕਾਸ਼ ਆਦਿ ਵੀ ਹਾਜਰ ਸਨ।