ਭਾਜਪਾ ਅਤੇ ਹੋਰ ਲੋਕ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਲੋਕ ਸਭਾ ਚੋਣਾਂ ’ਚ ਹਰਾਉਣ ਦਾ ਦਿੱਤਾ ਸੱਦਾ
ਫਰੀਦਕੋਟ , 11 ਮਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੈਨਸ਼ਨਰਜ ਯੂਨੀਅਨ ਜਿਲਾ ਫਰੀਦਕੋਟ ਦੀ ਮਹੀਨਾਵਾਰੀ ਮੀਟਿੰਗ ਅੱਜ ਇੱਥੇ ਸਹੀਦ ਭਗਤ ਸਿੰਘ ਪਾਰਕ ’ਚ ਜਿਲਾ ਪ੍ਰਧਾਨ ਕੁਲਵੰਤ ਸਿੰਘ ਚਾਨੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ’ਚ ਪੰਜਾਬੀ ਸਾਹਿਤ ਦੇ ਨਾਮਵਰ ਸ਼ਾਇਰ ਤੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਸੁਰਜੀਤ ਪਾਤਰ ਜੀ ਦੇ ਅੱਜ ਸਵੇਰੇ ਅਚਨਚੇਤ ਸਦੀਵੀ ਵਿਛੋੜਾ ਦੇ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਦੇਸ਼ ’ਚ ਹੁਕਮਰਾਨ ਭਾਜਪਾ ਅਤੇ ਪੰਜਾਬ ’ਚ ਹੁਕਮਰਾਨ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਸੱਤਾ ਸੰਭਾਲਣ ਤੋਂ ਬਾਅਦ ਮੁੱਕਰ ਜਾਣ ਦਾ ਦੋਸ਼ ਲਾਇਆ ਜਿਵੇਂ ਕਿ ਮੁਲਾਜਮਾਂ ਦੀਆਂ ਰੈਗੂਲਰ ਭਰਤੀਆਂ ਨਾ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ 12 ਫੀਸਦੀ ਤਿੰਨ ਕਿਸ਼ਤਾਂ ਨਾ ਦੇਣ, ਪੰਜਾਬ ਦੇ ਛੇਵੇਂ ਤਨਖਾਹ ਕਮਿਸਨ ਅਨੁਸਾਰ ਮੁਲਾਜਮਾਂ ਅਤੇ ਪੈਨਸਨਰਾਂ ਦਾ ਸਾਢੇ ਪੰਜ ਸਾਲਾਂ ਦਾ ਬਕਾਇਆ ਨਾ ਦੇਣ, ਕੱਚੇ ਤੇ ਠੇਕਾ ਆਧਾਰਤ, ਸਕੀਮ ਵਰਕਰਜ ਅਤੇ ਆਊਟਸੋਰਸ ਮੁਲਾਜਮਾਂ ਦਾ ਵੱਡੇ ਪੱਧਰ ’ਤੇ ਆਰਥਿਕ ਸੋਸਣ ਕਰਨਾ, ਪੁਰਾਣੀ ਪੈਨਸਨ ਸਕੀਮ ਅਸਲ ਰੂਪ ’ਚ ਬਹਾਲ ਨਾ ਕਰਨ, ਪਬਲਿਕ ਸੈਕਟਰ ਨੂੰ ਖਤਮ ਕਰਕੇ ਨਿੱਜੀਕਰਨ ਨੂੰ ਉਤਸਾਹਿਤ ਕਰਨਾ ਆਦਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਮਸਲੇ ਭਗਵੰਤ ਮਾਨ ਸਰਕਾਰ ਨੇ ਪੂਰੀ ਤਰਾਂ ਨਜਰ ਅੰਦਾਜ ਕਰਕੇ ਰੱਖੇ ਹਨ। ਆਗੂਆਂ ਨੇ ਕਿਹਾ ਕਿ ਪੈਨਸ਼ਨਰਾਂ ਦੇ ਇਸ ਗੁੱਸੇ ਦਾ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ’ਚ ਖਮਿਆਜਾ ਭੁਗਤਣਾ ਪਵੇਗਾ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕਰਕੇ 1 ਜੂਨ ਨੂੰ ਪੰਜਾਬ ’ਚ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਅਤੇ ਹੋਰ ਲੋਕ ਵਿਰੋਧੀ ਪਾਰਟੀਆਂ ਨੂੰ ਹਰਾਉਣ ਅਤੇ ਜਮਹੂਰੀ ਤਾਕਤਾਂ ਦੇ ਹੱਥ ਮਜਬੂਤ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੈਨਸਨਰ ਆਗੂ ਸੋਮ ਨਾਥ ਅਰੋੜਾ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਗੁਲਵੰਤ ਸਿੰਘ, ਮਦਨ ਲਾਲ ਸਰਮਾ ਸੰਧਵਾਂ, ਪਰਮਿੰਦਰ ਸਿੰਘ ਜਟਾਣਾ, ਅਸ਼ੋਕ ਚਾਵਲਾ, ਸੁਰਿੰਦਰ ਕੁਮਾਰ ਮੁੰਜਾਲ ਤੇ ਰਮੇਸ਼ਵਰ ਸਿੰਘ ਸੁਪਰਡੈਂਟ, ਪਿ੍ਰੰਸੀਪਲ ਬਲਵੀਰ ਸਿੰਘ ਬਰਾੜ, ਹਰਦੇਵ ਸਿੰਘ ਗਿੱਲ, ਜਸਪਾਲ ਸਿੰਘ, ਗੁਰਕੀਰਤ ਸਿੰਘ, ਮੇਜਰ ਸਿੰਘ ਡੀਪੀਈ, ਕਰਨੈਲ ਸਿੰਘ ਸਲੰਕੀ ਬਰਗਾੜੀ, ਬਿੱਕਰ ਸਿੰਘ ਗੋਂਦਾਰਾ , ਹਰਨੇਕ ਸਿੰਘ ਸਾਹੋਕੇ, ਤਾਰਾ ਸਿੰਘ ਲੈਕਚਰਾਰ ਤੇ ਜਗਵੰਤ ਸਿੰਘ ਬਰਾੜ ਮੁੱਖ ਅਧਿਆਪਕ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *