ਕੋਟਕਪੂਰਾ, 10 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਚੰਡੀਗੜ੍ਹ ਵਿਖੇ ਮੁਲਾਜ਼ਮ ਹੱਕਾਂ ਲਈ ਕੀਤੀ ਗਈ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਅਤੇ ਮਟਕਾ ਚੌਂਕ ਵਿਖੇ ਦਿੱਤੇ ਧਰਨੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਾਂਝਾ ਫਰੰਟ ਦੇ ਆਗੂਆਂ ਵਿਰੁੱਧ ਦਿੱਤੇ ਝੂਠੇ ਪਰਚਿਆਂ ਦੀ ਸਾਂਝਾ ਫਰੰਟ ਫਰੀਦਕੋਟ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਫਰੀਦਕੋਟ ਦੇ ਆਗੂਆਂ ਨੇ ਸਾਂਝਾ ਪ੍ਰੈੱਸ ਨੋਟ ਜਾਰੀ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਂਝੇ ਫਰੰਟ ਦੇ ਮੁਲਾਜ਼ਮ ਅਤੇ ਪੈਨਸ਼ਨਰ ਸਾਥੀਆਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਕੀਤੀ ਰੋਸ ਰੈਲੀ ਅਤੇ ਰੋਸ ਧਰਨੇ ਦੇ ਬਦਲੇ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਕਰਵਾਏ ਪਰਚੇ ਸਿੱਧ ਕਰਦੇ ਹਨ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੁੱਝ ਵੀ ਦੇਣਾ ਨਹੀਂ ਚਾਹੁੰਦੀ ਉਲਟਾ ਝੂਠੇ ਪਰਚਿਆਂ ਨਾਲ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਸਰਕਾਰ ਦੀਆਂ ਘਟੀਆਂ ਨੀਤੀ ਤੋਂ ਝੁਕਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਮੁਲਾਜ਼ਮਾ ਅਤੇ ਪੈਨਸ਼ਨਰਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਗੁੱਸਾ ਹੋਰ ਪ੍ਰਚੰਡ ਹੋਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸਿਮਰਜੀਤ ਸਿੰਘ ਬਰਾੜ ਜਿਲਾ ਪ੍ਰਧਾਨ ਪ.ਸ.ਸ.ਫ਼., ਵੀਰਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਪੰਜਾਬ ਮੰਡੀ ਬੋਰਡ, ਜਤਿੰਦਰ ਕੁਮਾਰ ਸਟੇਟ ਆਗੂ ਪ.ਸ.ਸ.ਫ਼., ਸਰਬਜੀਤ ਸਿੰਘ ਬਰਾੜ ਜਿਲਾ ਪ੍ਰਧਾਨ ਜੀ.ਟੀ.ਯੂ, ਇੰਦਰਜੀਤ ਸਿੰਘ ਖੀਵਾ ਪੈਨਸ਼ਨਰ ਆਗੂ, ਪ੍ਰੇਮ ਚਾਵਲਾ ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ, ਕੁਲਵੰਤ ਸਿੰਘ ਚਾਨੀ, ਕਿਰਨ ਮਹਿਤਾ, ਹਰਚਰਨ ਸਿੰਘ ਸੰਧੂ,ਬਲਰਾਜ ਸਿੰਘ ਸੇਖੋਂ ਪੈਨਸ਼ਨਰ ਆਗੂ, ਸੁਖਵਿੰਦਰ ਸਿੰਘ ਸੁੱਖੀ, ਗਗਨ ਪਾਹਵਾ ਡੀਟੀਐਫ ਆਗੂ, ਹਰਪ੍ਰੀਤ ਸਿੰਘ ਟੀਐਸਯੂ, ਬਲਵਿੰਦਰ ਕੁਮਾਰ ਪੈਨਸ਼ਨਰ ਆਗੂ, ਅਜੀਤ ਸਿੰਘ ਖਾਲਸਾ ਮੰਡੀ ਬੋਰਡ ਪੈਨਸ਼ਨ ਆਗੂ, ਆਦਿ ਸਾਥੀ ਵੀ ਹਾਜ਼ਰ ਸਨ।