ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਮਾਰਕਿਟ ਕਮੇਟੀ ਵਿਖੇ ਲਾਏ ਬੂਟੇ

ਫਰੀਦਕੋਟ , 13 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਵਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਮਾਰਕਿਟ ਕਮੇਟੀ ਫਰੀਦਕੋਟ ਵਿਖੇ ਬੂਟੇ ਲਾਏ ਗਏ ਅਤੇ ਨਾਲ ਹੀ ਇਨਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਉੱਥੋਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ। ਚੇਅਰਮੈਨ ਬਰਸਟ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਾਏ ਜਾ ਰਹੇ ਹਨ, ਕਿਉਂਕਿ ਦਿਨ-ਪ੍ਰਤੀ-ਦਿਨ ਗਲੋਬਲ ਵਾਰਮਿੰਗ ’ਚ ਵਾਧਾ ਹੋ ਰਿਹਾ ਹੈ, ਜਿਸ ਨਾਲ ਬਰਫ ਪਿਘਲ ਰਹੀ ਹੈ। ਇਸ ਲਈ ਸਾਨੂੰ ਆਪਣਾ ਵਾਤਾਵਰਣ ਸਾਫ ਅਤੇ ਸ਼ੁੱਧ ਰੱਖਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ 30 ਹਜਾਰ ਬੂਟੇ ਲਾਉਣ ਦੇ ਆਪਣੇ ਟੀਚੇ ਨੂੰ ਪਾਰ ਕਰਦਿਆਂ ਹੋਇਆ 33000 ਤੋਂ ਵੱਧ ਫਲਦਾਰ, ਛਾਂਦਾਰ ਅਤੇ ਮੈਡੀਸਨ ਦੇ ਪੌਦੇ ਲਾਏ ਗਏ ਸਨ ਅਤੇ ਇਸ ਸੀਜ਼ਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਾਉਣ ਦਾ ਟੀਚਾ ਹੈ। ਉਨਾਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ, ਆੜਤੀਆਂ, ਕਿਸਾਨਾਂ ਆਦਿ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜਮੀ ਲਾਉਣ ਅਤੇ ਆਪਣੇ ਜਨਮ ਦਿਨ ਮੌਕੇ ਦੋ-ਦੋ ਬੂਟੇ ਹੋਰ ਲਾਉਣ ਅਤੇ ਉਨਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਧਾਇਕ ਸੇਖੋਂ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਨਾਂ ਨੂੰ ਚੰਗਾ ਮਾਹੌਲ ਮੁੱਹਈਆ ਕਰਵਾਉਣ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਉਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਮੰਡੀ ਬੋਰਡ ਵੱਲੋਂ ਆਫ ਸੀਜਨ ਦੌਰਾਨ ਪੰਜਾਬ ਰਾਜ ਦੀਆਂ ਸਮੂਹ ਮੰਡੀਆਂ ’ਚ ਬਣੇ ਵੱਡੇ-ਵੱਡੇ ਕਵਰ ਸ਼ੈੱਡਾਂ ’ਚ ਇੰਨਡੋਰ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਇਹ ਨੌਜਵਾਨ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ। ਆਫ ਸੀਜਨ ਦੌਰਾਨ ਮੰਡੀਆਂ ’ਚ ਟ੍ਰੇਨਿੰਗ ਦੇਣ ਲਈ ਖੇਡ ਵਿਭਾਗ, ਐਨ.ਜੀ.ਓਜ ਅਤੇ ਰਿਟਾਇਰ ਕੋਚਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮੌਕੇ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਗੁਰਿੰਦਰ ਸਿੰਘ ਚੀਮਾ ਚੀਫ ਇੰਜੀਨੀਅਰ ਪੰਜਾਬ ਮੰਡੀ ਬੋਰਡ, ਜਿਲਾ ਮੰਡੀ ਅਫਸਰ ਫਰੀਦਕੋਟ ਪ੍ਰੀਤ ਕੰਵਰ ਸਿੰਘ ਬਰਾੜ, ਯੁਗਵੀਰ ਕੁਮਾਰ ਸਕੱਤਰ ਮਾਰਕਿਟ ਕਮੇਟੀ ਫਰੀਦਕੋਟ, ਸਤਨਾਮ ਸਿੰਘ, ਯਾਦਵਿੰਦਰ ਸਿੰਘ ਕਵਲਜੀਤ ਸਿੰਘ ਐਮ.ਸੀ., ਬੱਬੂ ਅਹੂਜਾ ਆੜਤੀਆ, ਕਲਭੂਸਣ ਬਾਂਸਲ ਆੜਤੀਆ ਅਮਰਜੀਤ ਸਿੰਘ ਪਰਮਾਰ ਐਸ.ਸੀ. ਵਿੰਗ ਪੰਜਾਬ ਆਮ ਆਦਮੀ ਪਾਰਟੀ ਆਦਿ ਹਾਜ਼ਰ ਸਨ।