ਵਾਤਾਵਰਣ ’ਚ ਵਿਗਾੜ ਕਾਰਨ ਫੈਲ ਰਹੀਆਂ ਹਨ ਭਿਆਨਕ ਬਿਮਾਰੀਆਂ : ਚਾਨਾ/ਬੈੜ
ਕੋਟਕਪੂਰਾ, 26 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਜੰਡੂ ਅਤੇ ਚੇਅਰਮੈਨ ਬਲਵਿੰਦਰ ਸਿੰਘ ਜੰਮੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਾਤਾਵਰਣ ਦੀ ਸ਼ੁਧਤਾ ਲਈ ਦੁਆਰੇਆਣਾ ਨੂੰ ਜਾਣ ਵਾਲੀ ਸੜਕ ’ਤੇ ਸਥਿੱਤ ਭੱਠੇ ਨੇੜੇ ਸ਼ੇਰੇ ਪੰਜਾਬ ਨਗਰ ਵਿਖੇ 150 ਵੱਖ-ਵੱਖ ਕਿਸਮਾ ਦੇ ਫਲਦਾਰ ਅਤੇ ਛਾਂਦਾਰ ਬੂਟੇ ਲਾਏ ਗਏ। ਸੇਵਾਮੁਕਤ ਪੁਲਿਸ ਇੰਸ. ਮਨਜੀਤ ਸਿੰਘ ਦੇ ਖੇਤਾਂ ਵਿੱਚ ਲਾਏ ਗਏ ਉਕਤ ਬੂਟਿਆਂ ਸਬੰਧੀ ਪਹਿਲਾਂ ਉਹਨਾਂ ਤੋਂ ਬੂਟਿਆਂ ਦੀ ਸੰਭਾਲ ਯਕੀਨੀ ਬਣਾਉਣ ਲਈ ਪ੍ਰਣ ਲਿਆ ਗਿਆ। ਕਲੱਬ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ, ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ, ਮੁੱਖ ਸਰਪ੍ਰਸਤ ਨਰਿੰਦਰ ਬੈੜ, ਸਰਪ੍ਰਸਤ ਅਮਿਤ ਸ਼ਰਮਾ ਸਮੇਤ ਚਮਨ ਗਰਗ ਰਿੰਕੀ, ਰਾਮ ਕਿਸ਼ਨ ਕਟਾਰੀਆ, ਸੁਰਿੰਦਰ ਦਮਦਮੀ, ਗੁਰਸਿਮਰਨ ਸਿੰਘ, ਅਮਨ ਸ਼ਰਮਾ ਆਦਿ ਨੇ ਆਖਿਆ ਕਿ ਵਾਤਾਵਰਣ ਦੀ ਸ਼ੁਧਤਾ ਲਈ ਅਜਿਹੇ ਉਪਰਾਲੇ ਕਰਨਾ ਵਰਤਮਾਨ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਆਖਿਆ ਕਿ ਯੂਨੀਅਨ ਦੇ ਇਹ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਖੇਤ ਦੇ ਮਾਲਕ ਮਨਜੀਤ ਸਿੰਘ ਨੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਮੌਸਮ ਵਿੱਚ ਆਪੋ-ਆਪਣੇ ਖੇਤਾਂ ਵਿੱਚ ਵੱਧ ਤੋਂ ਵੱਧ ਬੂਟੇ ਜਰੂਰ ਲਾਉਣ, ਕਿਉਂਕਿ ਇਹਨਾ ਬੂਟਿਆਂ ਨਾਲ ਜਿੱਥੇ ਆਕਸੀਜਨ ਮਿਲੇਗੀ ਅਤੇ ਹਜਾਰਾਂ ਰੁਪਏ ਦੀ ਲੱਕੜ ਕੰਮ ਆਵੇਗੀ, ਉੱਥੇ ਹੋਰਨਾ ਨੂੰ ਵੀ ਪ੍ਰੇਰਨਾ ਮਿਲਣੀ ਸੁਭਾਵਿਕ ਹੈ। ਉਹਨਾ ਨਾੜ ਅਤੇ ਪਰਾਲੀ ਸਾੜਨ ਮੌਕੇ ਦਰੱਖਤਾਂ ਨੂੰ ਅਗਨ ਭੇਂਟ ਕਰਨ ਵਾਲੇ ਭੁੱਲੜ ਵੀਰਾਂ ਨੂੰ ਨਸੀਅਤ ਦਿੱਤੀ ਕਿ ਉਹ ਇਸ ਅਣਗਹਿਲੀ ਨਾਲ ਆਉਣ ਵਾਲੀ ਨਵੀਂ ਪੀੜੀ ਦੇ ਰਸਤਿਆਂ ਵਿੱਚ ਕੰਡਿਆਂ ਦੀ ਸੇਜ ਵਿਛਾ ਰਹੇ ਹਨ, ਜਿਸ ਦਾ ਖਮਿਆਜਾ ਸਾਨੂੰ ਸਾਰਿਆਂ ਨੂੰ ਭੁਗਤਣਾ ਪਵੇਗਾ। ਯੂਨੀਅਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਜਿੱਥੇ ਇੰਸਪੈਕਟਰ ਮਨਜੀਤ ਸਿੰਘ ਦਾ ਧੰਨਵਾਦ ਕੀਤਾ, ਉੱਥੇ ਪੰਜਾਬ ਭਰ ਦੇ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੀਆਂ ਮੋਟਰਾਂ ਤੋਂ ਇਲਾਵਾ ਖੇਤ ਦੇ ਚਾਰ ਚੁਫੇਰੇ ਵੱਧ ਤੋਂ ਵੱਧ ਵੱਖ ਵੱਖ ਕਿਸਮਾ ਦੇ ਬੂਟੇ ਲਾਉਣੇ ਯਕੀਨੀ ਬਣਾਉਣ। ਉਹਨਾਂ ਦਾਅਵਾ ਕੀਤਾ ਕਿ ਵਾਤਾਵਰਣ ਵਿੱਚ ਆਏ ਵਿਗਾੜ ਕਾਰਨ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਤੇ ਸਕੂਲਾਂ-ਕਾਲਜਾਂ ਨਾਲੋਂ ਹਸਪਤਾਲਾਂ ਅਤੇ ਕੈਮਿਸਟਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਗਲੋਬਲ ਵਾਰਮਿੰਗ ਕਰਕੇ ਠੰਢ ਅਤੇ ਗਰਮੀ ਤੋਂ ਇਲਾਵਾ ਬਰਸਾਤਾਂ ਵੀ ਬੇਮੌਸਮੀਆਂ ਪੈਣ ਕਾਰਨ ਅਗਲਾ ਸਮਾਂ ਖਤਰਨਾਕ ਸਿੱਧ ਹੋ ਸਕਦਾ ਹੈ।