ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਤਿੱਖੀ ਨਾਹਰੇਬਾਜੀ
ਫਰੀਦਕੋਟ , 27 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬੀ.ਐੱਸ. ਐਗਰੀਕਲਚਰ ਦੀ ਪੜ੍ਹਾਈ ਨੂੰ ਬੰਦ ਕਰਨ ਦੇ ਖ਼ਿਲਾਫ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਵੀਰ ਕੌਰ ਅਤੇ ਜਸਨੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ਼ ਚੰਗੀ ਸਿੱਖਿਆ ਸਹਿਤ ਅਤੇ ਰੁਜ਼ਗਾਰ ਦੇਣ ਦੇ ਵਾਇਦੇ ਕੀਤੇ ਸਨ। ਚੋਣਾਂ ਤੋਂ ਪਹਿਲਾਂ ਫ਼ਰੀਦਕੋਟ ਵਿੱਚ ਖੇਤੀਬਾੜੀ ਦੀ ਪੜ੍ਹਾਈ ਨੂੰ ਬਚਾਉਣ ਲਈ ਚਲਦੇ ਧਰਨਿਆਂ ਵਿੱਚ ਸ਼ਮੂਲਿਅਤ ਕਰਦੇ ਰਹੇ। ਪਿਛਲੇ ਸਾਲ ਹੀ ਖੇਤੀਬਾੜੀ ਦੀ ਪੜ੍ਹਾਈ ਸ਼ੁਰੂ ਹੋਈ ਸੀ ਪਰ ਸਰਕਾਰ ਨੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਦੀ ਪੜ੍ਹਾਈ ਨੂੰ ਸੈਲਫ ਫਾਇਨਾਂਸ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਕੁੱਝ ਦਿਨ ਪਹਿਲਾਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਘਰ ਸਾਹਮਣੇ ਪ੍ਰਦਰਸ਼ਨ ਵੀ ਕੀਤਾ ਗਿਆ, ਵਿਧਾਇਕ ਵੱਲੋਂ ਦੋ ਦਿਨਾਂ ਵਿੱਚ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਜੇ ਤੱਕ ਮਾਮਲਾ ਹੱਲ ਨਹੀਂ ਕੀਤਾ ਗਿਆ।
ਉਹਨਾਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸੰਸਥਵਾਂ ਨੂੰ ਲਗਾਤਾਰ ਨਿੱਜੀਕਰਨ ਦੀ ਨੀਤੀ ਤਹਿਤ ਖ਼ਤਮ ਕਰਨ ‘ਤੇ ਲੱਗੀ ਹੋਈ ਹੈ। ਸਰਕਾਰੀ ਸਕੂਲਾਂ ਕਾਲਜਾਂ ਵਿੱਚ ਪ੍ਰਾਈਵੇਟ ਅਧਿਆਪਕਾਂ ਦੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਆਮ ਘਰਾਂ ਦੇ ਵਿਦਿਆਰਥੀ ਫੀਸਾਂ ਨਾ ਹੋਣ ਕਰਕੇ ਪੜ੍ਹਾਈ ਤੋਂ ਬਾਹਰ ਹੋ ਜਾਂਦੇ ਹਨ। ਹੁਣ ਸਰਕਾਰੀ ਸੰਸਥਵਾਂ ਵਿੱਚ ਪੜ੍ਹਨਾ ਵੀ ਔਖਾ ਹੋ ਗਿਆ ਹੈ, ਵਿਦਿਆਰਥੀਆਂ ‘ਤੇ ਪੀ.ਟੀ.ਏ. ਫੰਡ ਦਾ ਬੋਝ ਵਧ ਰਿਹਾ ਹੈ। ਸਿੱਖਿਆ ਖ਼ੇਤਰ ਵਿੱਚੋ ਆਮ ਲੋਕ ਲਗਾਤਾਰ ਬਾਹਰ ਹੋ ਰਹੇ। ਇਸੇ ਤਰਾਂ ਦਾ ਹਾਲ ਸਰਕਾਰੀ ਹਸਪਤਾਲਾਂ ਦਾ ਹੈ, ਸਰਕਾਰੀ ਹਸਪਤਾਲਾਂ ਵਿੱਚ ਸਹੀ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਪੰਜਾਬ ਸਰਕਾਰ ਹਰ ਪਾਸੇ ਤੋਂ ਫੇਲ੍ਹ ਹੋ ਚੁੱਕੀ ਹੈ। ਓਹਨਾਂ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਚਲਦੇ ਸਾਰੇ ਸੈਲਫ਼ ਫਾਈਨਾਂਸ ਕੋਰਸਾਂ ਨੂੰ ਸਰਕਾਰੀ ਕਰਨਾ ਚਾਹੀਦਾ ਹੈ, ਸਾਰੇ ਅਧਿਆਪਕਾਂ ਨੂੰ ਸਰਕਾਰੀ ਕਰਨਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ, ਰਜਨੀ, ਜਸਵਿੰਦਰ ਸਿੰਘ ਅਤੇ ਇਰਫਾਨ ਨੇ ਕਿਹਾ ਕਿ ਜਿੰਨਾ ਸਮਾਂ ਖੇਤੀਬਾੜੀ ਦੀ ਪੜ੍ਹਾਈ ਨੂੰ ਮੁੜ ਤੋਂ ਸਰਕਾਰੀ ਨਹੀਂ ਕੀਤਾ ਜਾਂਦਾ ਅਤੇ ਕੋਰਸ ਦੀਆਂ ਲੋੜੀਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਓਹਨਾਂ ਸਮਾਂ ਸੰਘਰਸ਼ ਜਾਰੀ ਰਹੇਗਾ। ਆਉਣ ਵਾਲੀ 31 ਜੁਲਾਈ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖ਼ਿਲਾਫ ਰੋਸ ਮੁਜਾਹਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਖੁਸ਼ਦੀਪ ਕੌਰ, ਸੁਨੇਹਾ, ਸਰਬਜੀਤ ਸਿੰਘ, ਗੁਰਕੀਰਤ ਸਿੰਘ ਆਦਿ ਵੀ ਹਾਜ਼ਰ ਸਨ।