ਨੌਜਵਾਨ ਨੂੰ ਕਾਰ ਅਤੇ ਮੋਟਰਸਾਇਕਲਾਂ ’ਤੇ ਆਏ ਬਦਮਾਸ਼ਾਂ ਨੇ ਕੁੱਟਮਾਰ ਕਰਕੇ ਕੀਤਾ ਅਗਵਾ
ਕੋਟਕਪੂਰਾ, 3 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਸ਼ਹਿਰ ਅੰਦਰ ਕਥਿਤ ਬਦਾਮਸ਼ਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਚਿੱਟੇ ਦਿਨ ਵੀ ਉਹ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜਾ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਸਾਦਿਕ ਰੋਡ ਤੋਂ ਜਿੱਥੇ ਜੀ.ਜੀ.ਐਸ. ਮੈਡੀਕਲ ਹਸਪਤਾਲ ਵਿੱਚ ਦਰਜਾਚਾਰ ਮੁਲਾਜਮ ਵਜੋਂ ਨੌਕਰੀ ਕਰਦੇ ਨੌਜਵਾਨ ਨੂੰ ਬਦਮਾਸ਼ਾ ਨੇ ਦਿਨ ਖੜ੍ਹੇ ਜੂਸ ਦੀ ਦੁਕਾਨ ਅੰਦਰੋਂ ਕੁੱਟਮਾਰ ਕਰਕੇ ਅਗਵਾ ਕਰ ਲਿਆ ਅਤੇ ਉਸ ਦੀ ਕਿਸੇ ਬੰਦ ਪਏ ਮਕਾਨ ਅੰਦਰ ਲਿਜਾ ਕੇ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਫਿਰੋਜਪੁਰ ਰੋਡ ਉਪਰ ਜਖਮੀਂ ਹਾਲਤ ਵਿਚ ਸੁੱਟ ਕੇ ਫਰਾਰ ਹੋ ਗਏ। ਜਿਸ ਨੂੰ ਇਲਾਜ ਲਈ ਜੀਜੀਐਸ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਲੜਕੇ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੀ ਵੀਡੀਓ ਵੀ ਸਾਹਮਣੇ ਆਏ ਹੈ, ਜਿਸ ਵਿਚ ਪੀੜਤ ਸੁਖਜੀਤ ਸਿੰਘ ਇਕ ਜੂਸ ਦੀ ਦੁਕਾਨ ਅੰਦਰ ਬੈਠ ਕੇ ਜੂਸ ਪੀ ਰਿਹਾ ਹੈ ਅਤੇ ਪਹਿਲਾਂ ਇਕ ਲੜਕਾ ਆਕੇ ਉਸ ਦੀ ਖਿੱਚਧੂਹ ਕਰਦਾ ਹੈ, ਬਾਅਦ ਵਿਚ ਕੁਝ ਹੋਰ ਨੌਜਵਾਨ ਆਂ ਜਾਂਦੇ ਹਨ ਅਤੇ ਸਾਰੇ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਕਾਰ ਵਿੱਚ ਸੁੱਟ ਕੇ ਆਪੇ ਨਾਲ ਹੀ ਲੈ ਜਾਂਦੇ ਹਨ। ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਲੜਕਾ ਸੁਖਜੀਤ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਰਜਾ ਚਾਰ (ਕੱਚਾ) ਮੁਲਾਜਮ ਹੈ ਜੋ ਰਾਤ ਦੀ ਡਿਉਟੀ ਕਰ ਕੇ ਘਰ ਨੂੰ ਜਾ ਰਿਹਾ ਸੀ ਜੋ ਮੈਡੀਕਲ ਹਸਪਤਾਲ ਦੇ ਸਾਹਮਣੇ ਹੀ ਬਣੀਆਂ ਦੁਕਾਨਾਂ ਤੋਂ ਜੂਸ ਪੀਣ ਲਈ ਰੁਕਿਆ ਤਾਂ ਇਕ ਕਾਰ ਅਤੇ ਕੁਝ ਮੋਟਰਸਾਇਕਲਾਂ ’ਤੇ ਸਵਾਰ ਹੋ ਕੇ 15-20 ਮੁੰਡੇ ਆਏ ਅਤੇ ਉਹਨਾਂ ਨੇ ਆਂਉਂਦਿਆ ਹੀ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਚੁੱਕ ਕੇ ਕਾਰ ਵਿੱਚ ਸੁੱਟ ਕੇ ਇੱਥੋਂ ਦੇ ਭੋਲੂਵਾਲਾ ਰੋਡ ’ਤੇ ਕਿਸੇ ਮਕਾਨ ਵਿੱਚ ਲੈ ਗਏ, ਜਿੱਥੇ ਉਹਨਾਂ ਨੇ ਉਸ ਦੇ ਲੜਕੇ ਦੀ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ, ਉਸ ਦੇ ਪੈਰਾਂ ਦੀਆਂ ਤਲੀਆਂ ’ਤੇ ਗਰਮ ਸਾਇਲੈਂਸਰ ਲਾਇਆ ਗਿਆ ਅਤੇ ਉਸ ਨੂੰ ਬਲਦੀ ਅੱਗ ਵਿੱਚ ਵੀ ਸੁੱਟਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਬੇਹੋਸ਼ੀ ਦੀ ਹਾਲਤ ਵਿੱਚ ਉਹ ਉਸ ਦੇ ਲੜਕੇ ਨੂੰ ਫਿਰੋਜਪੁਰ ਰੋਡ ’ਤੇ ਸੁੱਟ ਕੇ ਫਰਾਰ ਹੋ ਗਏ। ਜਿਸ ਨੂੰ ਹੁਣ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਉਕਤ ਲੋਕਾਂ ਨੇ ਉਸ ਦੇ ਇਸੇ ਲੜਕੇ ਨੂੰ ਦੀਵਾਲੀ ਵਾਲੇ ਦਿਨ ਘੇਰ ਕੇ ਇਸ ਦੀ ਕੁੱਟਮਾਰ ਕੀਤੀ ਸੀ ਅਤੇ ਗੰਭੀਰ ਹਾਲਤ ਵਿਚ ਇਸ ਨੂੰ ਚੰਡੀਗੜ ਪੀ.ਜੀ.ਆਈ. ਦਾਖਲ ਕਰਨਾ ਪਿਆ ਸੀ, ਉਸ ਤੋਂ ਬਾਅਦ ਇਹਨਾਂ ਹੀ ਬਦਮਾਸ਼ਾ ਵੱਲੋਂ ਇਸ ਦੇ ਛੋਟੇ ਲੜਕੇ ਨੂੰ ਅਗਵਾ ਕਰਕੇ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਸੀ ਅਤੇ ਹੁਣ ਤੀਜੀਵਾਰ ਫਿਰ ਉਹਨਾਂ ਮੇਰੇ ਲੜਕੇ ਦੀ ਕੁੱਟਮਾਰ ਕੀਤੀ ਹੈ। ਉਹਨਾਂ ਦੱਸਿਆ ਕਿ ਸ਼ਹਿਰ ਅੰਦਰ ਕੀੜਾ ਬਦਮਾਸ਼ ਨਾਮ ਦਾ ਕੋਈ ਲੜਕਾ ਹੈ, ਜਿਸ ਦੀ ਕਥਿੱਤ ਸ਼ਹਿ ’ਤੇ ਉਸ ਦੇ ਲੜਕਿਆਂ ਦੀ ਵਾਰ-ਵਾਰ ਕੁੱਟਮਾਰ ਹੋ ਰਹੀ ਹੈ। ਪੀੜਤ ਦੀ ਮਾਤਾ ਨੇ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ੍ਹ ਕੇ ਉਹਨਾਂ ਖਿਲ਼ਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਫਰੀਦਕੋਟ ਤਰਲੋਚਨ ਸਿੰਘ ਨੇ ਦੱਸਿਆ ਕਿ ਇਕ ਲੜਕਾ, ਜਿਸ ਦਾ ਨਾਮ ਸੁਖਜੀਤ ਸਿੰਘ ਵਾਸੀ ਸੁੰਦਰ ਨਗਰ ਫਰੀਦਕੋਟ ਹੈ ਜੋ ਇੱਥੋਂ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਰਜਾਚਾਰ ਵਜੋਂ ਨੌਕਰੀ ਕਰਦਾ ਹੈ, ਉਸ ਨੇ ਇਕ ਪੁਲਿਸ ਪਾਸ ਬਿਆਨ ਦਰਜ ਕਰਵਾਇਆ ਕਿ ਉਹ ਜਦੋਂ ਮੈਡੀਕਲ ਹਸਪਤਾਲ ਵਿੱਚੋਂ ਰਾਤ ਦੀ ਡਿਉਟੀ ਖਤਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਮੈਡੀਕਲ ਦੇ ਬਾਹਰ ਹੀ 8-9 ਨੌਜਵਾਨ ਜੋ ਇਕ ਸਵਿਫਟ ਕਾਰ ਅਤੇ ਮੋਟਰਸਾਇਕਲਾਂ ’ਤੇ ਆਏ ਸਨ, ਉਸ ਨਾ ਕੁੱਟਮਾਰ ਕਰਨ ਲੱਗੇ ਅਤੇ ਅਤੇ ਉਸ ਨੂੰ ਚੁੱਕ ਕੇ ਸਵਿੱਫਟ ਕਾਰ ਰਾਹੀਂ ਕਿਤੇ ਲੈ ਗਏ ਅਤੇ ਉਸ ਦੀ ਕੁੱਟਮਾਰ ਕਰ ਉਸ ਨੂੰ ਫਿਰੋਜਪੁਰ ਰੋਡ ’ਤੇ ਉਤਾਰ ਦਿੱਤਾ। ਉਹਨਾਂ ਦੱਸਿਆ ਕਿ ਇਹਨਾਂ ਦਾ ਪਹਿਲਾਂ ਹੀ ਕੋਈ ਨਾ ਕੋਈ ਤਕਰਾਰ ਚੱਲ ਰਿਹਾ ਸੀ, ਜਿਸ ਕਾਰਨ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।