
ਫ਼ਰੀਦਕੋਟ, 22 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਪੁਲਿਸ ਯਾਦਗਾਰੀ ਦਿਵਸ ਤੇ ਆਪਣੀ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਮੈਮੋਰੇਸ਼ਨ-ਡੇਅ ਦਾ ਆਯੋਜਨ ਇਥੋਂ ਦੀ ਪੁਲਿਸ ਲਾਈਨ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸ੍ਰੀ ਅਸ਼ਵਨੀ ਕੁਮਾਰ,ਡੀ.ਆਈ.ਜੀ,ਫ਼ਰੀਦਕੋਟ ਰੇਂਜ਼, ਫ਼ਰੀਦਕੋਟ, ਸ਼੍ਰੀ ਦਿਨੇਸ਼ ਕੁਮਾਰ ਵਾਧਵਾ ਐਡੀਸ਼ਨਲ ਜਿਲਾ ਅਤੇ ਸ਼ੈਸ਼ਨ ਜੱਜ, ਫਰੀਦਕੋਟ, ਸ਼੍ਰੀ ਗਗਨਦੀਪ ਸਿੰਘ ਚੀਮਾ, ਡੀ.ਆਈ.ਜੀ, ਬੀ.ਐਸ.ਐਫ, ਕਮਾਂਡੈਟ ਬਲਬੀਰ ਸਿੰਘ ਅਤੇ ਸ਼੍ਰੀ ਚੰਦਰ ਸ਼ੇਖਰ ਸਿਵਲ ਸਰਜਨ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ 21 ਅਕਤੂਬਰ ਨੂੰ ਪੂਰੇ ਦੇਸ਼ ਵਿਚ ਪੁਲਿਸ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਜਿਨਾਂ ਨੇ ਦੁਸ਼ਮਣ ਨਾਲ ਲਾਹਾ ਲੈ ਕੇ ਦੇਸ਼ ਦੀ ਅਮਨ ਸ਼ਾਂਤੀ ਅਤੇ ਰਾਖੀ ਲਈ ਆਪਣੀ ਜਾਨ ਤਕ ਕੁਰਬਾਨ ਕਰ ਦਿੱਤੀ। ਸ਼ਹੀਦ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦ ਫ਼ਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨਾਂ ਕਿਹਾ ਕਿ ਸ਼ਹੀਦਾਂ ਦੀ ਇਸ ਅਦੁੱਤੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਨਾਂ ਕਿਹਾ ਕਿ ਇਨਾਂ ਸ਼ਹੀਦਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਾਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਇਸ ਦਿਨ ਦੀ ਮਹੱਤਤਾ ਬਾਰੇ ਅਤੇ ਚੀਨ ਅਤੇ ਲਦਾਖ ਦੇ ਹਮਲੇ ਦੌਰਾਨ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ/ਅਫਸਰਾਂ ਦੇ ਸਬੰਧ ਵਿੱਚ ਜਾਣੂ ਕਰਵਾਇਆ ਗਿਆ। ਉਨਾਂ ਕਿਹਾ ਕਿ ਇਹ ਸ਼ਹੀਦ ਪੰਜਾਬ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਲਈ ਹਮੇਸ਼ਾਂ ਚਾਨਣ ਮੁਨਾਰੇ ਵਜੋਂ ਸਾਡੇ ਦਿਲਾਂ ਵਿੱਚ ਰਹਿਣਗੇ ਅਤੇ ਹੋਰਨਾਂ ਪੁਲਿਸ ਜਵਾਨਾਂ ਲਈ ਆਪਣੀ ਡਿਊਟੀ ਹੋਰ ਜਜ਼ਬੇ, ਮਿਹਨਤ ਤੇ ਲਗਨ ਨਾਲ ਕਰਨ ਲਈ ਪ੍ਰੇਰਨਾ ਸਰੋਤ ਹਨ। ਉਨਾਂ ਕਿਹਾ ਕਿ ਸ਼ਹੀਦਾਂ ਦੀ ਇਸ ਲਾਸਾਨੀ ਕੁਰਬਾਨੀ ਸਦਕਾ ਸਮੁੱਚਾ ਦੇਸ਼ ਸ਼ਹੀਦਾਂ ਦੇ ਪਰਿਵਾਰਾਂ ਦਾ ਵੀ ਕਰਜਦਾਰ ਰਹੇਗਾ। ਇਸ ਮੌਕੇ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਉਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਅਤੇ ਮੌਕੇ ਤੇ ਹੀ ਸਬੰਧਿਤ ਵਿਭਾਗ ਨੂੰ ਉਨਾਂ ਦੇ ਹੱਲ ਲਈ ਨਿਰਦੇਸ਼ ਵੀ ਦਿੱਤੇ। ਇਸ ਦੇ ਨਾਲ ਹੀ ਉਹਨਾਂ ਨੇ ਆਗਾਮੀ ਸਮੇਂ ਵਿੱਚ ਵੀ ਅਜਿਹੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਵਿਸ਼ੇਸ਼ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਸ਼੍ਰੀ ਜਸਮੀਤ ਸਿੰਘ ਸਾਹੀਵਾਲ, ਐਸ.ਪੀ ਫਰੀਦਕੋਟ ਵੱਲੋਂ ਮਿਤੀ 01.09.2023 ਤੋਂ 31.08.2024 ਤੱਕ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਨਾਮ ਪੜੇ ਗਏ। ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਲਈ ਸ਼੍ਰੀ ਸਮਸ਼ੇਰ ਸਿੰਘ ਡੀ.ਐਸ.ਪੀ(ਸ) ਫਰੀਦਕੋਟ ਦੀ ਅਗਵਾਈ ਵਿੱਚ ਸ਼ੋਕ ਪਰੇਡ ਹੋਈ। ਇਸ ਉਪਰੰਤ ਸਾਰੇ ਅਫਸਰ ਅਤੇ ਦਰਸ਼ਕਾਂ ਨੇ ਖੜੇ ਹੋ ਕੇ ਸਿਰ ਨੀਵਾ ਕਰਕੇ 02 ਮਿੰਟ ਦਾ ਮੋਨ ਧਾਰਨ ਕੀਤਾ।