
ਫਰੀਦਕੋਟ, 7 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਰਹਿਨੁਮਾਈ ਹੇਠ ਚਲ ਰਹੀ ਮਾਲਵੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ ਵਿਖੇ ਅਧਿਆਪਕ-ਦਿਵਸ ਮੌਕੇ ਖੂਬ ਰੌਣਕਾਂ ਲੱਗੀਆਂ। ਸੰਸਥਾ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਮਨਾਏ ਗਏ ਇਸ ਦਿਵਸ ਮੌਕੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਹੱਥ ਨਾਲ ਬਣਾਏ ਹੋਏ ਖੂਬਸੂਰਤ ਕਾਰਡ ਭੇਂਟ ਕਰਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਨਾਂ ਦਾ ਸਵਾਗਤ ਕੀਤਾ। ਉਪਰੰਤ ਅਧਿਆਪਕ-ਦਿਵਸ ਨੂੰ ਮੁੱਖ ਰੱਖਦਿਆਂ ਕਰਵਾਏ ਗਏ ਇੱਕ ਖ਼ੂਬਸੂਰਤ ਅਤੇ ਵਿਸ਼ਾਲ ਸਮਾਗਮ ਦੌਰਾਨ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਅਤੇ ਸਮੂਹ ਕਮੇਟੀ ਮੈਂਬਰਜ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਵਿਦਿਆਰਥੀਆਂ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ-ਦਿਵਸ ਦੀਆਂ ਸ਼ੱੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅਧਿਆਪਕ ਸੱਚਮੁੱਚ ਹੀ ਕੌਮ ਦਾ ਨਿਰਮਾਤਾ ਹੁੰਦਾ ਹੈ। ਕਿਸੇ ਵੀ ਦੇਸ਼ ਕੌਮ ਅਤੇ ਖਿੱਤੇ ਦੀ ਉੱਨਤੀ ਲਈ ਅਧਿਆਪਕ ਦਾ ਬੇਹੱਦ ਮਹੱਤਵਪੂਰਨ ਰੋਲ ਹੁੰਦਾ ਹੈ। ਉਨਾਂ ਪਰਮਾਤਮਾ ਅੱਗੇ ਕਾਮਨਾ ਕੀਤੀ ਕਿ ਅਧਿਆਪਕ ਦਾ ਸਤਿਕਾਰ, ਮਾਣ ਅਤੇ ਰੁਤਬਾ ਹਮੇਸਾ ਹੀ ਕਾਇਮ ਰਹੇ। ਇਸ ਮੌਕੇ ਵੱਖ-ਵੱਖ ਅਧਿਆਪਕਾਂ ਵੱਲੋਂ ਕਵਿਤਾਵਾਂ, ਗੀਤ, ਡਾਂਸ, ਭਾਸ਼ਣ ਅਤੇ ਮਨੋਰੰਜਕ ਖੇਡਾਂ ਪੇਸ਼ ਕੀਤੀਆਂ ਗਈਆਂ, ਜਿੰਨਾਂ ਨੂੰ ਹਾਜ਼ਰੀਨ ਵੱਲੋਂ ਭਰਪੂਰ ਸਲਾਹਿਆ ਗਿਆ। ਇਸ ਉਪਰੰਤ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਨੇ ਸਮੂਹ ਅਧਿਆਪਕਾਂ ਵਰਗ ਨੂੰ ਅਧਿਆਪਕ-ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਬਾਬਾ ਫਰੀਦ ਪਬਲਿਕ ਸਕੂਲ, ਫ਼ਰੀਦਕੋਟ ਬਾਬਾ ਫਰੀਦ ਜੀ ਦੀ ਅਪਾਰ ਬਖਸ਼ਿਸ਼ ਨਾਲ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਇਸ ਤਰੱਕੀ ’ਚ ਇੱਥੋਂ ਦੇ ਸਮੂਹ ਅਧਿਆਪਕਾਂ ਦਾ ਬਹੁਤ ਵੱਡਾ ਅਤੇ ਮਹੱਤਵਪੂਰਨ ਰੋਲ ਹੈ। ਉਨਾਂ ਕਿਹਾ ਕਿ ਅਧਿਆਪਕਾਂ ਦੀ ਬਦੌਲਤ ਹੀ ਇਹ ਸਕੂਲ ਵੱਖ-ਵੱਖ ਖੇਤਰਾਂ ਵਿੱਚ ਵਧ ਚੜ ਕੇ ਮੱਲਾਂ ਮਾਰ ਰਿਹਾ ਹੈ। ਅੰਤ ਵਿੱਚ ਸਕੂਲ ਮੈਨੇਜਿੰਗ ਕਮੇਟੀ ਵਲੋਂ ਸਾਰੇ ਅਧਿਆਪਕਾਂ ਨੂੰ ਬਹੁਤ ਹੀ ਸੋਹਣੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਲਈ ਖਾਣੇ ਦਾ ਪ੍ਰਬੰਧ ਵੀ ਬਹੁਤ ਹੀ ਲਾਜਵਾਬ ਢੰਗ ਨਾਲ ਕੀਤਾ ਗਿਆ।