ਫਰੀਦਕੋਟ 26 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਭਾਸ਼ਾ ਵਿਭਾਗ ਪੰਜਾਬ ਅਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਫ਼ਰੀਦਕੋਟ ਵੱਲੋਂ ਮਿਤੀ 19 ਤੋਂ 23 ਸਤੰਬਰ ਤੱਕ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਅਤੇ ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ ਕਰਵਾਇਆ ਗਿਆ ਬਾਬਾ ਫ਼ਰੀਦ ਸਾਹਿਤ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਮੇਲੇ ਵਿੱਚੋਂ ਪੰਜਾਬੀ ਪੁਸਤਕ ਪ੍ਰੇਮੀਆਂ ਨੇ 30 ਲੱਖ ਤੋਂ ਵੀ ਵੱਧ ਦੀਆਂ ਕਿਤਾਬਾਂ ਖਰੀਦੀਆਂ।ਸਾਹਿਤ ਮੇਲੇ ਦਾ ਉਦਘਾਟਨ 19 ਸਤੰਬਰ ਨੂੰ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਹਲਕਾ ਫ਼ਰੀਦਕੋਟ ਜੀ ਨੇ ਕੀਤਾ। ਉਹਨਾਂ ਦੇ ਨਾਲ ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਸ੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ ਫ਼ਰੀਦਕੋਟ, ਸ੍ਰੀਮਤੀ ਵੀਰਪਾਲ ਕੌਰ, ਉਪਮੰਡਲ ਮੈਜਿਸਟਰੇਟ ਕੋਟਕਪੂਰਾ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ। ਸਮਾਗਮ ਵਿੱਚ ਸ੍ਰੀਮਤੀ ਵੀਰਪਾਲ ਕੌਰ ਜੀ ਨੇ ਸਭ ਨੂੰ ਜੀ ਆਇਆਂ ਆਖਿਆ। ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਇਸ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੰਜਾਬ ਦਾ ਇੱਕੋ ਇੱਕ ਮੇਲਾ ਹੈ ਜਿੱਥੇ ਪ੍ਰਕਾਸ਼ਕਾਂ ਅਤੇ ਪੁਸਤਕ ਵਿਕਰੇਤਾਵਾਂ ਨੂੰ ਟੇਬਲ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ ਤੇ ਨਾਲ ਉਹਨਾਂ ਦੀ ਰਿਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਹ ਪੁਸਤਕ ਮੇਲਾ ਬਾਬਾ ਫ਼ਰੀਦ ਮੇਲੇ ਦੀ ਸ਼ਾਨ ਹੈ। ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਇਸ ਮੌਕੇ `ਤੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਦੁਨੀਆਂ ਦਾ ਪਹਿਲਾ ਗ੍ਰੰਥ ਲਿਖਿਆ ਗਿਆ ਤੇ ਪੰਜਾਬ ਦੇ ਲੋਕ ਸਾਹਿਤ, ਕਲਾ ਅਤੇ ਪੁਸਤਕਾਂ ਨੂੰ ਮੁਹੱਬਤ ਕਰਨ ਵਾਲੇ ਲੋਕ ਹਨ। ਸ੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ ਫ਼ਰੀਦਕੋਟ ਜੀ ਨੇ ਕਿਹਾ ਕਿ ਇਹ ਮੇਲਾ ਆਪਣੀ ਕਿਸਮ ਦਾ ਇੱਕ ਵਿਲੱਖਣ ਮੇਲਾ ਹੈ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਪੁਸਤਕ ਪ੍ਰੇਮੀ ਅਤੇ ਸਾਹਿਤ ਪ੍ਰੇਮੀ ਪਹੁੰਚਦੇ ਹਨ। ਉਦਘਾਟਨੀ ਸਮਾਗਮ ਦੇ ਅੰਤ ਵਿੱਚ ਧੰਨਵਾਦੀ ਸ਼ਬਦ ਬੋਲਦਿਆਂ ਅਮਨਪ੍ਰੀਤ ਸਿੰਘ ਭਾਣਾ ਪ੍ਰਧਾਨ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ(ਰਜਿ.) ਫ਼ਰੀਦਕੋਟ ਜੀ ਨੇ ਦੱਸਿਆ ਕਿ ਇਸ ਵਾਰ ਲਗਭਗ 60 ਦੇ ਕਰੀਬ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਇਸ ਮੇਲੇ ਵਿੱਚ ਪਹੁੰਚੇ ਹਨ ਅਤੇ ਇਸ ਮੇਲੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਉਤਸ਼ਾਹ ਪਾਇਆ ਜਾ ਰਿਹਾ ਹੈ।19 ਸਤੰਬਰ ਨੂੰ ਸ਼ਾਮ ਦੇ ਸੈਸ਼ਨ `ਰੰਗਮੰਚ ਤੋਂ ਫ਼ਿਲਮਾਂ ਤੱਕ` ਵਿੱਚ ਪੰਜਾਬੀ ਫ਼ਿਲਮ ਜਗਤ ਦੀ ਨਾਮਵਰ ਹਸਤੀ ਪ੍ਰਿੰਸ ਕੰਵਲਜੀਤ ਸਿੰਘ ਸਰੋਤਿਆਂ ਦੇ ਰੂਬਰੂ ਹੋਏ। ਉਹਨਾਂ ਨਾਲ ਉੱਘੇ ਕਵੀ ਕੁਮਾਰ ਜਗਦੇਵ ਸਿੰਘ ਨੇ ਸੰਵਾਦ ਰਚਾਇਆ। ਇਸ ਸੰਵਾਦ ਵਿੱਚ ਵੱਡੀ ਗਿਣਤੀ ਵਿੱਚ ਪ੍ਰਿੰਸ ਕੰਵਲਜੀਤ ਨੂੰ ਚਾਹੁਣ ਵਾਲੇ ਲੋਕ ਪਹੁੰਚੇ। ਇਸ ਮੌਕੇ `ਤੇ ਪ੍ਰਿੰਸ ਕੰਵਲਜੀਤ ਨੇ ਆਪਣੇ ਜੀਵਨ ਦੀਆਂ ਬੇਹੱਦ ਦਿਲਚਸਪ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸ਼ਾਮ ਨੂੰ `ਸਿਰਜਣਾ ਆਰਟ ਗਰੁੱਪ ਰਾਏਕੋਟ` ਵੱਲੋਂ ਡਾਕਟਰ ਸੋਮਪਾਲ ਹੀਰਾ ਦਾ ਲਿਖਿਆ ਹੋਇਆ ਅਤੇ ਕੰਵਲ ਢਿੱਲੋਂ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਨਾਟਕ `ਭਾਸ਼ਾ ਵਹਿੰਦਾ ਦਰਿਆ` ਅਤੇ ਸਾਰਥਕ ਰੰਗ ਮੰਚ ਪਟਿਆਲਾ ਵੱਲੋਂ ਡਾਕਟਰ ਲੱਖਾ ਲਹਿਰੀ ਦੁਆਰਾ ਰੂਪਾਂਤਰਤ ਅਤੇ ਨਿਰਦੇਸ਼ਤ ਕੀਤਾ ਨਾਟਕ `ਕਰ ਲਓ ਘਿਓ ਨੂੰ ਭਾਂਡਾ` ਖੇਡਿਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਭਰੀ।ਮੇਲੇ ਦੇ ਦੂਸਰੇ ਦਿਨ 20 ਸਤੰਬਰ ਨੂੰ ਸਵੇਰ ਦੇ ਸੈਸ਼ਨ `ਚਿੰਤਨ` ਵਿੱਚ ਪੰਜਾਬੀ ਦੇ ਉੱਘੇ ਚਿੰਤਕ, ਕਵੀ ਤੇ ਨਾਵਲਕਾਰ ਡਾ. ਮਨਮੋਹਨ ਨਾਲ ਸੰਵਾਦ ਰਚਾਇਆ ਗਿਆ। ਉਹਨਾਂ ਨਾਲ ਇਹ ਸੰਵਾਦ ਚਿੰਤਕ/ਕਵੀ ਡਾ. ਦਵਿੰਦਰ ਸੈਫ਼ੀ ਵੱਲੋਂ ਰਚਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ, ਪੰਜਾਬੀ ਸਾਹਿਤ ਅਤੇ ਪੰਜਾਬੀਅਤ ਬਾਰੇ ਬਹੁਤ ਗਹਿਰ ਗੰਭੀਰ ਗੱਲਾਂ ਹੋਈਆਂ। ਇਸੇ ਦਿਨ ਸ਼ਾਮ ਦੇ ਸੈਸ਼ਨ `ਸਿਨੇਮਾ ਤੇ ਸਮਾਜ` ਅਧੀਨ ਪੰਜਾਬੀ ਦੇ ਉੱਘੇ ਪਟਕਥਾ ਲੇਖਕ, ਖੋਜ ਕਰਤਾ ਜਤਿੰਦਰ ਮੌਹਰ ਜੀ ਨਾਲ ਕਹਾਣੀਕਾਰ ਗੁਰਮੀਤ ਕੜਿਆਲਵੀ ਵੱਲੋਂ ਸੰਵਾਦ ਰਚਾਇਆ ਗਿਆ। ਇਸ ਸੰਵਾਦ ਵਿੱਚ ਜਤਿੰਦਰ ਮੌਹਰ ਨੇ ਕਿਹਾ ਕਿ ਪੰਜਾਬੀ ਵਿੱਚ ਹਾਲੇ ਵੀ ਫਿਲਮਾਂ ਦੇ ਖੇਤਰ ਵਿੱਚ ਬਹੁਤ ਕੰਮ ਕਰਨ ਵਾਲਾ ਬਾਕੀ ਪਿਆ ਹੈ। ਉਹਨਾਂ ਨੇ ਸੈਸ਼ਨ ਵਿੱਚ ਗੱਲ ਕਰਦਿਆਂ ਇਹ ਵੀ ਕਿਹਾ ਕਿ ਪੰਜਾਬ ਦੇ ਇਤਿਹਾਸ ਨੂੰ ਕਦੇ ਪਾਣੀਆਂ ਦੇ ਇਤਿਹਾਸ ਨਾਲ ਜੋੜ ਕੇ ਵੀ ਵੇਖਿਆ ਜਾਣਾ ਚਾਹੀਦਾ ਹੈ।21 ਸਤੰਬਰ ਨੂੰ ਸਵੇਰ ਦੇ ਸੈਸ਼ਨ `ਚੌਥਾ ਥੰਮ` ਅਧੀਨ ਪੰਜਾਬੀ ਦੇ ਨਾਮਵਰ ਪੱਤਰਕਾਰ ਯਾਦਵਿੰਦਰ ਕਰਫ਼ਿਊ ਨਾਲ ਸ਼ਿਵਜੀਤ ਸਿੰਘ ਸੰਘਾ ਵੱਲੋਂ ਸੰਵਾਦ ਰਚਾਇਆ ਗਿਆ। ਇਸ ਸੰਵਾਦ ਵਿੱਚ ਯਾਦਵਿੰਦਰ ਕਰਫ਼ਿਊ ਨੇ ਪੰਜਾਬ ਦੀ ਹੋਂਦ ਨਾਲ ਜੁੜੇ ਵੱਡੇ ਸਵਾਲ ਖੜ੍ਹੇ ਕੀਤੇ। ਇਸ ਸਮਾਗਮ ਵਿੱਚ ਸ. ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ `ਤੇ ਪਹੁੰਚੇ। ਉਹਨਾਂ ਨੇ ਇਸ ਮੌਕੇ `ਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੂੰ 2 ਲੱਖ ਰੁਪਏ ਦੀ ਮਾਇਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਸ਼ਾਮ ਦੇ ਸੈਸ਼ਨ `ਕਵਿਤਾ ਤੇ ਸਮਕਾਲ` ਵਿੱਚ ਪੰਜਾਬੀ ਦੇ ਸਾਹਿਤ ਅਕਾਦਮੀ ਵਿਜੇਤਾ ਕਵੀ ਸਵਰਨਜੀਤ ਸਵੀ ਨਾਲ ਪੰਜਾਬੀ ਕਵੀ ਗੁਰਪ੍ਰੀਤ ਹੁਰਾਂ ਦੁਆਰਾ ਸੰਵਾਦ ਰਚਾਇਆ ਗਿਆ। ਇਸ ਸੰਵਾਦ ਵਿੱਚ ਸਵਰਨਜੀਤ ਸਵੀ ਹੁਰਾਂ ਨੇ ਪੰਜਾਬੀ ਕਵਿਤਾ ਅਤੇ ਫੋਟੋਗ੍ਰਾਫੀ ਬਾਰੇ ਬੜੀਆਂ ਸ਼ਾਨਦਾਰ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਕਿ ਪੁਰਸਕਾਰ ਕਦੇ ਵੀ ਕਿਸੇ ਸਾਹਿਤਕਾਰ ਨੂੰ ਵੱਡਾ ਨਹੀਂ ਕਰ ਸਕਦੇ।22 ਸਤੰਬਰ ਨੂੰ ਸਵੇਰ ਦੇ ਸੈਸ਼ਨ `ਸੁਰਜੀਤ ਪਾਤਰ ਦਾ ਸਾਹਿਤਕ ਗੌਰਵ` ਵਿੱਚ ਉੱਘੇ ਚਿੰਤਕ ਅਮਰਜੀਤ ਸਿਘ ਗਰੇਵਾਲ ਹੋਰਾਂ ਨਾਲ ਪੰਜਾਬੀ ਸ਼ਾਇਰ ਗੁਰਤੇਜ ਕੋਹਾਰਵਾਲਾ ਵੱਲੋਂ ਸੰਵਾਦ ਰਚਾਇਆ ਗਿਆ। ਇਸ ਸੰਵਾਦ ਆਪਣੇ ਆਪ ਵਿੱਚ ਬੜਾ ਦਿਲਚਸਪ ਸੰਵਾਦ ਸੀ। ਇਸ ਸੰਵਾਦ ਵਿੱਚ ਸੁਰਜੀਤ ਪਾਤਰ ਜੀ ਦੇ ਜੀਵਨ ਅਤੇ ਸਾਹਿਤ ਬਾਰੇ ਬੜੀ ਨਿੱਠ ਕੇ ਚਰਚਾ ਹੋਈ। ਸ਼ਾਮ ਦੇ ਸੈਸ਼ਨ ਵਿੱਚ `ਸ਼ੇਖ ਫ਼ਰੀਦ ਕਵੀ ਦਰਬਾਰ` ਕਰਵਾਇਆ ਗਿਆ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਸ. ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੀਤੀ ਗਈ। ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਹੋਏ 13 ਕਵੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਸਤਪਾਲ ਭੀਖੀ, ਸੁਸ਼ੀਲ ਦੁਸਾਂਝ, ਸ਼ਮਸ਼ੇਰ ਮੋਹੀ, ਹਰਮੀਤ ਵਿਦਿਆਰਥੀ, ਗੁਰਸੇਵਕ ਲੰਬੀ, ਜਗਵਿੰਦਰ ਜੋਧਾ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਮਨਦੀਪ ਔਲਖ, ਰੇਨੂੰ ਨਈਅਰ, ਰਿਸ਼ੀ ਹਿਰਦੇਪਾਲ, ਵਾਹਿਦ, ਵਿਜੇ ਵਿਵੇਕ ਦੇ ਨਾਮ ਵਰਣਨਯੋਗ ਹਨ। ਕਵੀ ਦਰਬਾਰ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਹਰਮੀਤ ਵਿਦਿਆਰਥੀ ਨੇ ਬਾਖੂਬੀ ਨਿਭਾਈ।ਇੱਥੇ ਇਹ ਵੀ ਵਰਨਣ ਯੋਗ ਹੈ ਕਿ ਗਰਮੀ ਦੀ ਰੁੱਤ ਤੋਂ ਬਾਅਦ ਇਸ ਮੇਲੇ ਰਾਹੀਂ ਸਾਹਿਤ ਮੇਲਿਆਂ ਦੀ ਸ਼ੁਰੂਆਤ ਹੁੰਦੀ ਹੈ। ਬਹੁਤ ਸਾਰੇ ਪ੍ਰਕਾਸ਼ਕ ਇਸ ਮੇਲੇ ਨੂੰ ਧਿਆਨ ਵਿੱਚ ਰੱਖ ਕੇ ਆਪਣੀਆਂ ਕਿਤਾਬਾਂ ਦੀ ਪ੍ਰਕਾਸ਼ਨਾ ਕਰਦੇ ਹਨ। ਇਸ ਵਾਰ ਵੀ ਇਸ ਮੇਲੇ ਵਿੱਚ 200 ਤੋਂ ਵੀ ਜ਼ਿਆਦਾ ਨਵੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਜੋ ਕਿ ਇਸ ਮੇਲੇ ਵਿੱਚ ਲੋਕ ਅਰਪਣ ਕੀਤੀਆਂ ਗਈਆਂ। ਇਸ ਮੇਲੇ ਨੂੰ ਸੰਪੰਨ ਕਰਨ ਵਿੱਚ ਕੰਵਰਜੀਤ ਸਿੰਘ ਖੋਜ ਅਫ਼ਸਰ, ਉੱਘੇ ਲੇਖਕ ਨਿੰਦਰ ਘੁਗਿਆਣਵੀ, ਜਸਵਿੰਦਰਪਾਲ ਮਿੰਟੂ, ਨਵਦੀਪ ਸਿੰਘ ਮੰਘੇੜਾ, ਮਹੀਪਇੰਦਰ ਸਿੰਘ ਸੇਖੋਂ, ਗੁਰਅੰਮ੍ਰਿਤਪਾਲ ਸਿੰਘ ਬਰਾੜ, ਅਵਤਾਰ ਸਿੰਘ ਔਲਖ, ਸਤਵਿੰਦਰ ਸਿੰਘ, ਰਾਜਪਾਲ ਸਿੰਘ ਸੰਧੂ, ਸ਼ਿਵਜੀਤ ਸਿੰਘ ਸੰਘਾ, ਮਨਪ੍ਰੀਤ ਸਿੰਘ ਧਾਲੀਵਾਲ, ਕੁਮਾਰ ਜਗਦੇਵ ਸਿੰਘ, ਗੁਰਸੇਵਕ ਸਿੰਘ ਚਹਿਲ, ਨਿਮਰਤਪਾਲ ਸਿੰਘ ਢਿੱਲੋ , ਕਾਰਜ ਸਿੰਘ, ਵਿਕਾਸ ਗਰੋਵਰ, ਹਰਪ੍ਰੀਤ ਸਿੰਘ ਭਿੰਡਰ, ਸਚਦੇਵ ਸਿੰਘ ਗਿੱਲ, ਮਨਮਿੰਦਰ ਸਿੰਘ ਢਿੱਲੋ, ਹੁਸ਼ਿਆਰ ਸਿੰਘ,ਅਸ਼ਮਨ ਸਿੰਘ ਸੰਘਾ, ਰਣਜੀਤ ਸਿੰਘ ਸੀਨੀਅਰ ਸਹਾਇਕ, ਸੁਖਦੀਪ ਸਿੰਘ ਸੇਵਾਦਾਰ, ਸੰਦੀਪ ਕੌਰ ਸੇਵਾਦਾਰ, ਜਸਬੀਰ ਜੱਸੀ ਉਘੇ ਮੰਚ ਸੰਚਾਲਕ, ਪ੍ਰਿੰਸੀਪਲ ਅਤੇ ਸਮੂਹ ਸਟਾਫ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਅਤੇ ਪ੍ਰਿੰਸੀਪਲ ਤੇ ਸਮੂਹ ਸਟਾਫ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਦਾ ਵਿਸ਼ੇਸ਼ ਸਹਿਯੋਗ ਰਿਹਾ।