ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਹੈ। “ਰਕਬਾ”(ਲੁਧਿਆਣਾ) ਵਿਖੇ ਬਾਬਾ ਬੰਦਾ ਸਿੰਘ ਭਵਨ ਵਿਖੇ ਕ ਕ ਬਾਵਾ ਜੀ ਦੀ ਅਗਵਾਈ ਵਿੱਚ ਉਥੇ ਪੰਜਾਬ ਪੱਧਰੀ ਜਨਮ ਦਿਵਸ ਮਨਾਇਆ ਜਾ ਰਿਹਾ ਹੈ। 27 ਅਕਤੂਬਰ 1670 ਨੂੰ ਉਹ ਰਾਜੌਰੀ(ਜੰਮੂ ਕਸ਼ਮੀਰ) ਵਿਖੇ ਪੈਦਾ ਹੋਏ ਤੇ 9 ਜੂਨ 1716 ਨੂੰ ਦਿੱਲੀ ਵਿਖੇ ਸ਼ਹਾਦਤ ਦਾ ਜਾਮ ਪੀਤਾ।
ਮੈਂ ਅੱਜ ਰਕਬਾ (ਲੁਧਿਆਣਾ) ਵਿਖੇ ਹੋ ਰਹੇ ਸਮਾਗਮ ਵਿੱਚ ਜਾਣਾ ਚਾਹੁੰਦਾ ਸੀ ਪਰ ਪੂਰਵ ਨਿਸ਼ਚਤ ਕਾਰਜਾਂ ਕਾਰਨ ਇਹ ਸੰਭਵ ਨਹੀਂ ਹੋ ਸਕਿਆ।
ਮੇਰੇ ਇਹ ਕੁਝ ਸ਼ਬਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਚਿਤਵਦਿਆਂ ਪ੍ਰਵਾਨ ਕਰੋ।
🔹
ਮੈਂ ਜਦੋਂ ਗੋਦਾਵਰੀ ਕੰਢੇ ਖੜ੍ਹਾ ਸਾਂ
ਮੈਂ ਜਦੋਂ ਗੋਦਾਵਰੀ ਕੰਢੇ ਖੜਾ ਸਾਂ,
ਵਗ ਰਿਹਾ ਸੀ ਨੀਰ ਨਿਰਮਲ।
ਤੁਰ ਰਿਹਾ ਇਤਿਹਾਸ,
ਮੇਰੇ ਨਾਲ ਗੱਲਾਂ ਕਰ ਰਿਹਾ ਸੀ।
ਕੰਢੇ ਤੇ ਬੈਠਾ ਬੈਰਾਗੀ
ਆਪ ਅੱਖੀਂ ਵੇਖਿਆ ਜਿਸ,
ਮਿੱਟੀ ਦੇ ਮਾਧੋ ਤੋਂ
ਬੰਦਾ ਬਣ ਗਿਆ ਸੀ।
ਜਿਊਣ ਤੋਂ
ਉਪਰਾਮ ਹੋਇਆ ਨਿੰਮੋਝੂਣਾ,
ਕਿਸ ਤਰ੍ਹਾਂ ਲਲਕਾਰ ਬਣਿਆ?
ਅਰਜ਼ਮੰਦਾ ਇਹੀ ਬੰਦਾ,
ਕਿਸ ਤਰ੍ਹਾਂ ਮੁੱਕੇ ਦੇ ਵਾਂਗੂ
ਤਣ ਗਿਆ ਸੀ।
ਵਗ ਰਿਹਾ ਪਾਣੀ
ਕਹਾਣੀ ਕਹਿ ਰਿਹਾ ਸੀ।
ਸੁਣਨ ਵਾਲੇ ਸੁਣਨ ਦੀ ਥਾਂ,
ਲਾਮਡੋਰੀ ਬੰਨ੍ਹ ਆਈ ਜਾ ਰਹੇ ਸਨ।
ਨਾ ਕੋਈ ਹੂੰਗਰ ਹੁੰਗਾਰਾ,
ਬਾਬਿਆਂ ਦੇ ਦਰ ਤੇ
ਸੁੱਖਣਾ ਲਾਹ ਰਹੇ ਸਨ।
ਧਰਤ ਵੀ ਕੁਝ ਹੌਲੀ-ਹੌਲੀ
ਕਹਿ ਰਹੀ ਸੀ।
ਮੈਂ ਗੁਰੂ ਦਸ਼ਮੇਸ਼ ਅੱਖੀਂ ਵੇਖਿਆ ਹੈ।
ਚਰਨ ਛੋਹ ਨੂੰ ਮਾਣਿਆ ਹੈ,
ਆਖ਼ਰੀ ਵੇਲੇ ਜੋ ਉਸ ਦੇ
ਦਿਲ ਦੇ ਅੰਦਰ ਖਲਬਲੀ ਸੀ,
ਓਸ ਨੂੰ ਪਹਿਚਾਣਿਆ ਹੈ।
ਜਲ ਰਹੀ ਹਾਲੇ ਵੀ
ਦਿਸਦੀ ਹੈ ਜਵਾਲਾ।
ਦੁੱਖ ਹੈ ਕਿ ਵਾਰਿਸਾਂ ਨੂੰ
ਯਾਦ ਹੀ ਨਹੀਂ,
ਕਹਿ ਗਿਆ ਕੀਹ ਜਾਣ ਵਾਲਾ?
ਏਸ ਨਿਰਮਲ ਨੀਰ ਕੰਢੇ,
ਓਸ ਨੇ ਬੰਦੇ ਨੂੰ
ਬੱਸ ਏਨਾ ਕਿਹਾ ਸੀ।
ਨਿੰਮੋਝੂਣਾ ਤੇ ਉਦਾਸਾ
ਏਥੇ ਕਾਹਨੂੰ ਬਹਿ ਰਿਹਾ ਏਂ।
ਮਰਦ ਬਣ,ਤੂੰ ਲਾਹ ਉਦਾਸੀ।
ਤੇਰੇ ਦਿਲ ਵਿਚ ਜੋ ਵੀ ਆਉਂਦੈ,
ਦੱਸ ਮੈਨੂੰ,ਕਿਹੜੀ ਗੱਲੋਂ,
ਜ਼ਿੰਦਗੀ ਦੀ ਲੀਹ ਤੋਂ ਥੱਲੇ
ਲਹਿ ਰਿਹਾ ਏਂ।
ਬੰਦਾ ਗੋਡੇ ਭਾਰ ਹੋ
ਅਰਦਲ ਖੜ੍ਹਾ ਸੀ।
ਹੰਝੂ ਹੰਝੂ ਵਾਰਤਾ
ਇਉਂ ਦੱਸ ਰਿਹਾ ਸੀ।
ਮੈਂ ਕਦੇ ਗੁਰੂਦੇਵ ਹੁੰਦਾ ਸਾਂ ਸ਼ਿਕਾਰੀ।
ਬਾਹੂਬਲ ਤੇ ਤੀਰਾਂ ਦੇ ਹੰਕਾਰ
ਮੇਰੀ ਮੱਤ ਮਾਰੀ।
ਜੰਗਲਾਂ ਵਿਚ ਖੇਡਦਾ ਸਾਂ
ਮੈਂ ਸ਼ਿਕਾਰ।
ਰਾਤ ਦਿਨ ਸੀ ਮਾਰੋ ਮਾਰ।
ਤੀਰ ਨੂੰ ਚਿੱਲੇ ਚੜ੍ਹਾ ਕੇ,
ਮਾਰਿਆ ਕੱਸ ਕੇ ਨਿਸ਼ਾਨਾ ।
ਇਕ ਹਿਰਨੀ ਮੈਂ ਸੀ ਮਾਰੀ।
ਅੱਜ ਤੱਕ ਉਸ ਪੀੜ ਵਿਚ
ਬਿਹਬਲ ਖੜ੍ਹਾ ਹਾਂ,
ਮਿਰਗਣੀ ਸੀ ਗਰਭਧਾਰੀ।
ਆਖਿਆ ਗੋਬਿੰਦ ਛਾਤੀ ਨਾਲ ਲਾ ਕੇ,
ਜੀਕੂੰ ਵਗਦਾ ਨੀਰ ਨਿਰਮਲ,
ਤੇਰੇ ਅੰਦਰ ਕਣ ਜੋ ਪਸ਼ਚਾਤਾਪ ਦਾ ਹੈ।
ਤੇਰਾ ਮਨ ਬਰਤਨ ਮੈਂ
ਅੰਦਰੋਂ ਪਰਖ਼ਿਆ ਹੈ,
ਏਸ ਵਿਚ ਹੁਣ ਵਾਸ ਨੂਰੀ ਜਾਪਦਾ ਹੈ।
ਕਮਰਕੱਸਾ ਕਰ ਕੇ
ਬਣ ਜਾ ਖੜਗ ਧਾਰੀ।
ਨਿਰਭਉ ਨਿਰਵੈਰ ਨੂੰ
ਸਾਹੀਂ ਪਰੋ ਲੈ।
ਹੱਕ ਸੱਚ ਇਨਸਾਫ਼ ਦੀ
ਰਖਵਾਲੀ ਤੇਰੀ ਜ਼ਿੰਮੇਵਾਰੀ।
ਨਿਕਲ ਜਾਹ!
ਪਛਤਾਵਿਆਂ ਤੋਂ ਬਹੁਤ ਅੱਗੇ,
ਜ਼ਿੰਦਗੀ ਉਪਰਾਮਤਾ ਦਾ
ਨਾਂ ਨਹੀਂ ਹੈ।
ਭਰਮ ਦੇ ਬਿਰਖਾਂ ਨੂੰ
ਸੱਚੇ ਸਮਝ ਨਾ ਤੂੰ,
ਇਨ੍ਹਾਂ ਦੀ ਧਰਤੀ ਤੇ
ਕਿਧਰੇ ਛਾਂ ਨਹੀਂ ਹੈ।

▪️ਗੁਰਭਜਨ ਗਿੱਲ
⚫️ ਸੰਪਰਕਃ 98726 31199