
ਕੋਟਕਪੂਰਾ, 23 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਕਬੂਲ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪਰਬ ਪੂਰੇ ਵਿਸ਼ਵ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਹਿੱਸਾ ਲੈਂਦੇ ਹਨ। ਇਸ ਮੇਲੇ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਮਿਹਨਤ ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ। ਸਮਾਗਮ ਵਾਲੀ ਥਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ, ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਕਲਾਕਾਰਾਂ ਅਤੇ ਸ਼ਿਲਪਕਾਰਾਂ ਨੂੰ ਸਹਿਯੋਗ ਦੇਣ ਲਈ ਜ਼ਿਲ੍ਹਾ ਫ਼ਰੀਦਕੋਟ ਪ੍ਰਸ਼ਾਸਨ ਨੇ ਆਪਣੇ ਵਿਭਾਗਾਂ ਨੂੰ ਪੰਜਾਬ ਸਰਕਾਰ ਵੱਲੋਂ ਸਮਾਗਮ ਵਾਲੀ ਥਾਂ ‘ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਚੇਤ ਰਹਿਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡਾ. ਪਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਰਹਿਨੁਮਾਈ ਹੇਠ ਪੰਜਾਬ ਪੁਲਿਸ ਦਾ ਸਾਂਝ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ 44 ਸੁਵਿਧਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਨੂੰ ਮਿਸ਼ਨ ਨਿਸ਼ਚੇ ਅਧੀਨ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ। ਅੱਜ ਇੱਥੇ ਪੁੱਜੇ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਡਾ: ਵਿਸ਼ਵਦੀਪ ਗੋਇਲ, ਡਾ: ਸਰਵਦੀਪ ਰੋਮਾਣਾ, ਡਾ: ਪ੍ਰਭਦੇਵ ਚਾਵਲਾ ਨੇ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਵਿਭਾਗ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਡਿਊਟੀ ‘ਤੇ ਏ.ਐੱਸ.ਆਈ. ਅਮਰਜੀਤ ਸਿੰਘ, ਅਸ਼ਵਨੀ ਕੁਮਾਰ, ਦਲਜੀਤ ਸਿੰਘ, ਪਲਵਿੰਦਰ ਕੌਰ, ਜਗਮੀਤ ਕੌਰ ਅਤੇ ਸਾਂਝ ਸੁਸਾਇਟੀ ਕੋਟਕਪੂਰਾ ਦੇ ਸਕੱਤਰ ਉਦੈ ਰਣਦੇਵ ਹਾਜ਼ਰ ਸਨ।