ਪੁਰਾਤਨ ਕਿਸਾਨੀ ਤੇ ਇਮਾਰਤੀ ਸਭਿਆਚਾਰ ਦੀ ਮੁੱਢਲੀ ਸੰਦ ਖੋਜ ਦੀ ਦੇਣ ਹੈ ਕਹੀ। ਕਹੀ ਜੋ ਉਚੀਆਂ-ਨੀਵੀਆਂ ਇਮਾਰਤਾਂ ਦੀ ਹੋਂਦ ਪੈਦਾ ਕਰਦੀ ਹੈ। ਕਹੀ ਭਵਿੱਖ ਦੇ ਸੁਪਨੇ ਸਾਕਾਰ ਕਰਦੀ ਹੈ। ਕਿਸੇ ਵੀ ਸ਼ੇ੍ਰਣੀ ਦਾ ਮਜ਼ਦੂਰ ਕਹੀ ਤੋਂ ਬਿਨ੍ਹਾਂ ਅਧੂਰਾ ਹੈ। ਕਹੀ ਮਜ਼ਦੂਰ ਦੀ ਰੋਟੀ। ਪੁਰਾਤਨ ਸਮਿਆਂ ਦੇ ਖੂਹਾਂ ਦੀ ਜਨਮ ਦਾਤੀ। ਕਹੀ ਕਿਸਾਨਾਂ ਦੀ ਜ਼ਿੰਦ ਜਾਨ। ਕਹੀ ਜੋ ਮਿੱਟੀ ਨੂੰ ਸੋਨਾ ਬਣਾ ਦੇਵੇ। ਫਸਲਾਂ ਦੀ ਦਾਈ।
ਪੁਰਾਤਨ ਸਮੇਂ ਵਿਚ ਹੀ ਨਹੀਂ ਅੱਜ ਵੀ ਮਜ਼ਦੂਰੀ ਦੇ ਖੇਤਰ ਵਿਚ ਕਹੀ ਦੀ ਓਨੀ ਹੀ ਮਹੱਤਤਾ ਹੈ। ਭਾਵੇਂ ਆਧੁਨਿਕ ਖੋਜਾਂ ਨੇ ਕਹੀ ਦੇ ਅਨੇਕਾਂ ਹੀ ਰੂਪ ਬਣਾ ਦਿੱਤੇ ਹਨ। ਕਹੀ ਦੀ ਸ਼ਕਲ, ਬਣਾਵਟ ਅਤੇ ਕਰਮਸ਼ੀਲਤਾ ਨੂੰ ਮੱਦੇਨਜ਼ਰ ਰੱਖ ਕੇ ਹੀ ਮਿਹਨਤ ਦੇ ਹਰ ਖੇਤਰ ਵਿਚ ਕਿਸੇ ਨਾ ਕਿਸੇ ਰੂਪ ਵਿਚ ਕਹੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਬਿਲਕੁਲ ਛੋਟੇ ਰੂਪ ਵਿਚ, ਦਰਮਿਆਨੇ ਰੂਪ ਵਿਚ ਜਾਂ ਵੱਡੇ ਰੂਪ ਵਿਚ। ਛੋਟੇ ਤੋਂ ਛੋਟੇ ਰੂਪ ਵਿਚ ਡਾਕਟਰੀ ਅਤੇ ਵਿਗਿਆਨ ਖੇਤਰ ਵਿਚ ਵਰਤੇ ਜਾਂਦੇ ਹਨ ਬਹੁਤ ਸਾਰੇ ਔਜਾਰ ਕਹੀ ਦੇ ਬਦਲਵੇਂ ਰੂਪ ਵਿਚ। ਵੱਡੇ ਤੋਂ ਵੱਡੇ ਆਕਾਰ ਵਿਚ ਕਹੀ ਨੇ ਰੂਪ ਲਿਆ ਜਿਸ ਤਰ੍ਹਾਂ ਜੇ ਸੀ ਬੀ (ਮਿੱਟੀ ਪੁੱਟਣ ਵਾਲੀ ਮਸ਼ੀਨ)। ਇਹ ਵੀ ਇਕ ਕਹੀ ਦਾ ਵੱਡਾ ਰੂਪ ਹੈ ਜਿਸ ਨੇ ਆਧੁਨਿਕਤਾ ਵਿਚ ਢਲ ਕੇ ਮਸ਼ੀਨ ਦਾ ਰੂਪ ਲੈ ਲਿਆ।
ਇੱਥੋਂ ਤੱਕ ਕਿ ਇਲੈਕਟ੍ਰਿਕ-ਵਿਗਿਆਨ ਰਿਮੋਟ ਸਿਸਟਮ ਰਾਹੀਂ ਜਾਂ ਚੰਨ ’ਤੇ ਪਹੁੰਚੇ ਆਰਮਸਟਰਾਂਕ (ਅਮਰੀਕੀ ਪਲਾਟ ਅੰਤਰਿਕਸ਼ ਯਾਤਰੂ) ਨੇ ਵੀ ਰਿਮੋਟ ਕਹੀ ਨਾਲ ਮਿੱਟੀ ਪੁੱਟ ਕੇ ਲਿਆਂਦੀ। ਵੱਡੇ-ਵੱਡੇ ਪ੍ਰਸਿਧ ਧਾਰਮਿਕ ਸਥਾਨਾਂ ਦੀ ਉਸਾਰੀ ਸਮੇਂ ਪ੍ਰਸਿੱਧ ਸੰਤ, ਮਹਾਤਾਮਾਵਾਂ, ਰਿਸ਼ੀਆਂ, ਮੁਨੀਆਂ, ਵਿਦਵਾਨਾਂ ਆਦਿ ਨੇ ਪਹਿਲਾ ਟੱਪ ਕਹੀ ਦੇ ਨਾਲ ਹੀ ਲਗਾਇਆ। ਸ੍ਰੀ ਦਰਬਾਰ ਸਾਹਿਬ (ਹਰਿਮੰਦਿਰ ਸਾਹਿਬ) ਅੰਮ੍ਰਿਤਸਰ (ਪੰਜਾਬ) ਦਾ ਨੀਂ ਪੱਥਰ ਦਾ ਮੰਗਲਾਚਰਣ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਪਹਿਲਾ ਕਹੀ ਦਾ ਟੱਪ ਲਗਵਾ ਕੇ ਧਰਤੀ ਦੇ ਪਵਿੱਤਰ ਵਿਹੜੇ ’ਚੋਂ ਮਿੱਟੀ ਪਰਸਾਦ ਦੇ ਰੂਪ ਵਿਚ ਪੁੱਟੀ। ਜਿਸਦੀ ਪਰੰਪਰਵਾਦੀ ਧਾਰਮਿਕ ਮਹਾਨਤਾ ਅੱਜ ਵੀ ਬਰਕਰਾਰ ਹੈ। ਹੋਰ ਦੁਨੀਆਂ ਦੇ ਵੱਡੇ, ਛੋਟੇ ਅਤੇ ਉਚੇ ਸਥਾਨਾਂ ਵਿਚ ਵੀ ਮੁੱਢਲਾ ਮੰਗਲਾਚਰਣ ਕਹੀ ਦੁਆਰ ਹੀ ਕੀਤਾ ਜਾਂਦਾ ਹੈ।
ਕੁਝ ਧਰਮਾਂ (ਸ਼ੇ੍ਰਣੀ) ਵਿਚ ਆਦਮੀ ਦੀ ਮੌਤ ਤੋਂ ਬਾਅਦ ਕਹੀ ਦੁਆਰਾ ਹੀ ਆਦਮਕੱਦ ਟੋਇਆ ਪੁੱਟਿਆ ਜਾਂਦਾ ਹੈ ਜਿਸ ਵਿਚ ਆਦਮੀ ਨੂੰ ਕਬਰ ਦਾ ਰੂਪ ਜਾਂ ਸਪੂਰਦੇ ਪਾਕਿ ਕੀਤਾ ਜਾਂਦਾ ਹੈ। ਕਹੀ ਨੂੰ ਹਰ ਚੰਗੇ ਮਾੜੇ ਕਰਮ ਲਈ ਵਰਤਿਆ ਜਾਂਦਾ ਹੈ।
ਜ਼ਿਆਦਾ ਤੌਰ ’ਤੇ ਕਹੀ ਦੀ ਵਰਤੋਂ ਕਿਸਾਨ ਵੱਲੋਂ ਕੀਤੀ ਜਾਂਦੀ ਹੈ। ਕਈ ਕਈ ਘੰਟੇ ਖੇਤਾਂ ਵਿਚ ਕਹੀ ਚਲਾਉਣਾ ਕੋਈ ਖਾਲਾ ਜੀ ਦਾ ਵਾੜ੍ਹਾ ਨਈਂ। ਇਕ ਬਜ਼ੁਰਗ ਕਿਸਾਨ ਨੇ ਦੱਸਿਅ ਕਿ ਉਹ ਆਪਣੇ ਸਮੇਂ ਵਿਚ ਸਵੇਰੇ ਪੰਜ ਵਜੇ ਉਠ ਕੇ ਖੂਹ ਪੁੱਟਣਾ ਸ਼ੁਰੂ ਕਰਦੇ ਸੀ ਕਹੀਆ ਨਾਲ ਤੇ ਦੁਪਹਿਰ 12 ਵਜੇ ਦੇ ਕਰੀਬ ਖੂਹ ਪੁੱਟ ਕੇ ਔਹ ਮਾਰਦੇ ਸੀ। ਕਹੀ ਚਲਾਉਣ ਲਈ ਸਰੀਰਕ ਬਲ-ਸ਼ਕਤੀ ਦੀ ਜ਼ਰੂਰਤ ਹੁੰਦੀ ਹੈ। ਆਮ ਸਾਧਾਰਣ ਆਦਮੀ ਕਹੀ ਨਹੀਂ ਚਲਾ ਸਕਦਾ ਹੈ। ਹੁਣ ਵੀ ਕਿਸਾਨ ਲਈ ਨੱਕੇ ਮੋੜਨਾ, ਵਿਕਸਤ ਛੋਟੀ ਕਹੀ ਨਾਲ ਗੋਡੀ ਕਰਨਾ ਜਾਂ ਝੋਨੇ ਦੀ ਨਵੀਂ ਅਮਰੀਕੀ ਖੋਜ ਐਸ ਆਈ ਆਰ ਦੀ ਹੱਥ ਵਾਲੀ ਮਸ਼ੀਨ ਕਲਵੀਨੇਟਰ ਆਦਿ ਨਾਲ ਝੋਨੇ ਦੀ ਫ਼ਸਲ ’ਚੋਂ ਘਾਹ ਦੀ ਗੋਡੀ ਕਰਨਾ, ਕਹੀ ਨਾਲ ਵੱਟਾਂ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ।
ਕੋਈ ਲੰਬਾ-ਝੰਬਾ ਗੱਭਰੂ ਜਦ ਭਾਰੀ ਕਹੀ ਖੇਤਾਂ ਵਿਚ ਚਲਾਉਂਦਾ ਹੈ ਤਾਂ ਧਰਤੀ ਦੀ ਮਿੱਟੀ ਚੋਪੀਆਂ ਵਿਚ ਪੈਲਾਂ ਪਾਉਂਦੀ ਜਾਂਦੀ ਹੈ। ਮਜ਼ਬੂਤ ਲੰਬੇ ਚੌੜੇ ਹੱਥ, ਡੌਲਿਆਂ ਵਿਚ ਫਰਕਦੀ ਬਿਜਲੀ, ਸੀਨੇ ਵਿਚ ਪਰਬਤ ਜਿੰਨੀ ਤਾਕਤ, ਤੰਦਰੁਸਤ ਪੱਟਾਂ ਦਾ ਸੰਤੁਲਿਨ ਕਹੀ ਲਈ ਵਰਦਾਨ ਸਿੱਧ ਹੁੰਦਾ ਹੈ।
ਅੱਜ ਕੱਲ ਤਾਂ ਕਿਸਾਨ-ਮਜ਼ਦੂਰ ਔਰਤਾਂ ਵੀ ਲੱਕ ਤੋੜਵੀਂ ਕਹੀ ਚਲਾ ਲੈਂਦੀਆਂ ਹਨ ਭਾਵੇਂ ਕਹੀ ਦੀ ਥਾ ਆਧੁਨਿਕ ਮਸ਼ੀਨੀ ਸੰਤਰਾਂ ਨੇ ਲੈ ਲਈ ਹੈ ਪਰ ਕਹੀ ਤੋਂ ਬਗੈਰ ਕਿਸਾਨ ਦਾ ਗੁਜ਼ਾਰਾ ਹੀ ਨਹੀਂ। ਜਿਸ ਤਰ੍ਹਾਂ ਕਿਸਾਨ ਆਪਣੇ ਡੰਗਰਾਂ-ਪਸ਼ੂਆਂ ਨੂੰ ਧੀਆਂ-ਪੁੱਤਰਾਂ ਵਾਂਗ ਰੱਖਦਾ ਹੈ, ਇਸੇ ਤਰ੍ਹਾਂ ਹੀ ਉਹ ਆਪਣੇ ਸੰਦਾਂ ਨੂੰ ਵੀ ਪਿਆਰ ਕਰਦਾ ਹੈ।
ਭਾਈ ਸਾਹਿਬ, ਮੋਢੇ ’ਤੇ ਕਹੀ ਹੋਵੇ, ਖੇਤਾਂ ਦੀਆਂ ਵੱਟਾਂ ਵਿਚ ਫਰਲ-ਫਰਲ ਪਾਣੀ ਚੱਲ ਰਿਹਾ ਹੋਵੇ, ਗੱਭਰੂ ਕਿਸਾਨ ਨੱਕੇ ਮੋੜ ਰਿਹਾ ਹੋਵੇ ਤੇ ਲੰਬੀ ਹੇਕ ਵਿਚ ਹੂਕ ਛੱਡਦਾ ਹੋਇਆ ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਜਾਂ ਸੀਰੀ ਫਰਿਹਾਦ ਦੀਆਂ ਕਵਿਤਾਵਾਂ ਗੁਣਗਣਾਉਂਦਾ ਹੋਵੇ ਤਾਂ ਫਿਜ਼ਾ ਵਿਚ ਪੰਜਾਬੀ ਸਭਿਆਚਾਰ ਦੀ ਖ਼ੁਸ਼ਬੂ ਸਵਰਗ ਜਿਹਾ ਆਨੰਦ ਲਿਆ ਦਿੰਦੀ ਹੈ।
ਭਾਵੇ ਅਜਕੱਲ ਕਿਸਾਨ ਦੇ ਕੰਨ ’ਤੇ ਮੋਬਾਇਲ ਅਤੇ ਮੋਢੇ ’ਤੇ ਕਹੀ ਹੁੰਦੀ ਹੈ। ਕਿਸਾਨ ਦੇ ਪੈਰ ਆਪਣੀ ਪੈਲੀ ਵਿਚ ਅਤੇ ਮੋਬਾਇਲ ਫ਼ੋਨ ਦੀ ਘੰਟੀ ਹਜ਼ਾਰਾ ਮੀਲ ਦੂਰ ਕਨੇਡਾ, ਅਮਰੀਕਾ ਜਾਂ ਇੰਗਲੈਂਡ ਆਦਿ ਵਿਦੇਸ਼ ਤੋਂ ਆ ਰਹੀ ਹੋਵੇ ਪਰ ਕਹੀ ਨਾਲ ਇਸਦੀ ਮਹਾਨਤਾ ਹੋਰ ਵਧੀ ਹੈ।
ਪੰਜਾਬ ਦੇ ਬਹੁਤੇ ਕਿਸਾਨ ਅੰਮ੍ਰਿਤਧਾਰੀ ਗੁਰਸਿੱਖ ਹਨ। ਜੇ ਕਿਤੇ ਤੜਕੇ-ਤੜਕੇ, ਸੂਰਜ ਦੀ ਫੁੱਟਦੀ ਟਿੱਕੀ ਤੋਂ ਪਹਿਲਾਂ ਕਿਸਾਨ ਖੇਤਾਂ ਵਿਚ ਪਾਣੀ ਲਗਾ ਰਿਹਾ ਹੋਵੇ ਅਤੇ ਮੋਬਾਇਲ ’ਤੇ ਸ੍ਰੀ ਹਰਿਮੰਦਿਰ ਸਾਹਿਬਬ ਦਾ ਗੁਰਬਾਣੀ-ਕੀਰਤਨ ਸੁਣ ਰਿਹਾ ਹੋਵੇ ਤਾਂ ਫਿਰ ਗੁਰੂ ਦਾ ਆਸ਼ੀਰਵਾਦ ਉਸਦੇ ਅੰਗ ਸੰਗ ਹੁੰਦਾ ਹੋਇਆ ਬਰਕਤਾਂ ਵਿਚ ਰਹਿਮਤਾਂ ਹੁੰਦੀਆਂ ਜਾਂਦੀਆਂ ਹਨ।
ਕਿਸਾਨ ਜਦ ਖੇਤਾਂ ਵਿਚ ਕਹੀ ਮੋਢੇ ’ਤੇ ਰੱਖ ਕੇ ਸ਼ਾਮ ਨੂੰ ਜ਼ੁਬਾਨੀ ਰਹਿਰਾਸ ਸਾਹਿਬ ਪਾਠ ਨਾਲੋ-ਨਾਲ ਕਰਦਾ ਜਾਂਦਾ ਹੈ ਤਾਂ ਉਸਦੀ ਕਰਮਸ਼ੀਲਤਾ ਤੇ ਜੀਵਨ ਵਿਚ ਸ਼ੁੱਧਤਾ ਅਤੇ ਵਾਹਿਗੁਰੂ ਦੀ ਆਪਾਰ ਕਿਰਪਾ ਹੁੰਦੀ ਚਲੀ ਜਾਂਦੀ ਹੈ ਫਿਰ ਉਸਦੀ ਫਸਲ ਸੋਨਾ ਉਗਲਦੀ ਹੈ। ਕਹੀ ਦੇ ਟੱਪ ਨਾਲ ਵਾਹਿਗੁਰੂ-ਸਤਿਨਾਮ ਨਾਲੋ-ਨਾਲ ਜਪਣਾ ਕਿਸੇ ਤਪਸਵੀ, ਸੰਤ, ਭਗਤ, ਸਾਥ ਸੰਤ ਦੀ ਮਾਲਾ ਜੱਪਣ ਨਾਲੋਂ ਘੱਟ ਨਹੀਂ। ਬਾਬੇ ਨਾਨਕ ਦੀ ਬਾਣੀ ਗੂੰਜਦੀ ਹੈ ਧਰਤ ਹਰਿਆਵਲ ਭਰਪੂਰ ਹੁੰਦੀ ਚਲੀ ਜਾਂਦੀ ਹੈ।
ਕਹੀ, ਕਿਸਾਨ ਅਤੇ ਮਜ਼ਦੂਰ ਦਾ ਪਰਸਪਰ ਰਿਸ਼ਤਾ ਕਰਮਸ਼ੀਲਤਾ ਦੇ ਆਸ਼ੀਰਵਾਦ ਹੇਠ ਪਿਓ-ਪੁੱਤਰ ਵਰਗਾ ਹੈ। ਯੁੱਗਾਂ-ਯੁਗਾਂਤਰਾ ਤੱਕ, ਜਦ ਤੱਕ ਧਰਤੀ ਰਵੇਗੀ ਕਹੀ ਦੀ ਹੋਂਦ ਕਿਸੇ ਨਾ ਕਿਸੇ ਰੂਪ ਵਿਚ ਬਰਕਰਾਰ ਰਵੇਗੀ।
ਕਹੀ ਦੀ ਸਰਪਰਸਤੀ ਪੰਜਾਬੀਆਂ ਸਮੂਹ ਕਿਸਾਨਾਂ ਦੇ ਹਿੱਸੇ ਆਈ ਹੈ।
ਕਹੀ ਪੜ੍ਹੇ-ਲਿਖੇ ਜਾਂ ਅਨਪੜ੍ਹ ਕਿਸੇ ਵੀ ਕਿਸਮ ਦੇ ਮਜ਼ਦੂਰਾਂ ਲਈ ਅੰਨਦਾਤਾ ਹੈ। ਰੁਪਏ-ਪੈਸੇ ਦੀ ਨੀਂਹ ਕਹੀ ਦੇ ਸਿਰ ’ਤੇ ਹੀ ਬਰਕਰਾਰ ਹੈ। ਅਗਰ ਮਜ਼ਦੂਰਾਂ ਦੀ ਕਹੀ ਨਾ ਚਲੇ ਤਾਂ ਪੈਸੇ ਦੀ ਕੀਮਤ ਕੁਝ ਵੀ ਨਾ ਰਹੇ। ਜਿਨ੍ਹਾਂ ਵਿਕਸਤ ਦੇਸ਼ਾਂ ਨੇ ਤਰੱਕੀ ਦੀਆਂ ਮੰਜ਼ਿਲਾਂ ਮਾਰੀਆਂ ਹਨ। ਓਨਾਂ ਨੇ ਮਜ਼ਦੂਰਾਂ ਦੀ ਕਹੀ ਨੂੰ ਅਨੁਸ਼ਾਸਨ, ਪਾਰਦਰਸ਼ੀ ਮਾਹੌਲ, ਰਿਸ਼ਵਤ ਰਹਿਤ ਮਾਹੌਲ, ਭਰਿਸ਼ਟਾਚਾਰ ਰਹਿਤ ਮਾਹੌਲ ਦੇ ਕੇ ਚੰਨ ਤੱਕ ਅਤੇ ਸਮੁੰਦਰ ਦੀ ਤਹਿ ਤੱਕ ਮੱਲਾਂ ਮਾਰੀਆਂ ਹਨ। ਕਹੀ ਨਾਲ ਜੋ ਸਰਕਾਰਾਂ ਬੇਈਮਾਨੀ ਕਰਦੀਆਂ ਹਨ ਉਹ ਕਦੀ ਵਿਕਸਤ ਨਹੀਂ ਹੁੰਦੀਆਂ, ਹਮੇਸ਼ਾਂ ਢਹਿੰਦੀਆਂ ਕਲਾ ਵਿਚ ਜਾਣਗੀਆਂ। ਦੋਸਤੋ ਅਗਰ ਖ਼ੁਦ ਨੂੰ ਵਿਕਸਤ ਕਰਨਾ ਹੈ ਤਾਂ ਕਹੀ ਵਰਗੀਆਂ ਆਦਤਾਂ ਆਪੇ ਵਿਚ ਢਾਲੋ। ਖ਼ੁਦ ਕਰਮਠ ਹੋ ਕੇ ਸੋਨਾ ਪੈਦਾ ਕਰਦੀ ਹੈ ਕਹੀ। ਨੌਜਵਾਨ ਪੀੜੀ ਨੂੰ ਕਹੀ ਤੋਂ ਸਬਕ ਲੈਣਾ ਚਾਹੀਦਾ ਹੈ। ਕਹੀ ਵਾਂਗ ਚੱਲ ਕੇ ਮਿਹਨਤ ਕਰੋ ਫਿਰ ਸਫ਼ਲਤਾ ਪੈਰ ਚੁੰਮੇਗੀ। ਕਹੀ ਪਿੱਛੇ ਮਿਹਨਤ-ਸ਼ਕਤੀ-ਸੰਕਲਪ ਹੋਵੇ ਤਾਂ ਜ਼ਿੰਦਗੀ ਦੇ ਕਿਆ ਕਹਿਣੇਂ। ਜ਼ਿੰਦਗੀ ਦੇ ਹਰ ਖੇਤਰ ਵਿਚ ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ ਪਰਮਾਤਮਾ ਦੀ ਫੁੱਲ ਕਿਰਪਾ ਰਵੇਗੀ। ਤਰੱਕੀਆਂ ਹੀ ਤਰੱਕੀਆਂ ਹੋਣਗੀਆਂ।
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409