ਕੋਟਕਪੂਰਾ, 12 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਅਤੇ ਵੈਲਫੇਅਰ ਸੋਸਾਇਟੀ ਜੋ ਕਿ ਪੁਰਾਣੀ ਦਾਣਾ ਮੰਡੀ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਹੈ। ਕਮੇਟੀ ਵੱਲੋਂ ਸਹਿਰ ਵਾਸੀਆਂ ਦੇ ਸਹਿਯੋਗ ਨਾਲ 6.50 ਲੱਖ ਰੁਪਏ ਦੀ ਲਾਗਤ ਨਾਲ ਆਟੋਮੈਟਿਕ ਰੋਟੀਆਂ ਬਣਾਉਣ ਵਾਲੀ ਮਸੀਨ ਲਾਈ ਗਈ ਹੈ ਜਿਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਾਵਾ ਨੇ ਕੀਤਾ। ਸਪੀਕਰ ਸੰਧਵਾ ਨੇ ਕਮੇਟੀ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਲੰਗਰ ਪ੍ਰਥਾ ਦੀ ਸੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਅਤੇ ਅੱਜ ਇਹ ਲੰਗਰ ਪ੍ਰਥਾ ਪੂਰੀ ਦੁਨੀਆ ’ਚ ਚੱਲ ਰਹੀ ਹੈ। ਉਨਾਂ ਦੱਸਿਆ ਕਿ ਬਾਲਾ ਜੀ ਲੰਗਰ ਸੇਵਾ ਸੰਮਤੀ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਬਾਲਾ ਜੀ ਲੰਗਰ ਸੇਵਾ ਸੰਮਤੀ ਅਤੇ ਵੈਲਫੇਅਰ ਸੁਸਾਇਟੀ ਵਿੱਚ ਰੋਜਾਨਾ 600 ਦੇ ਕਰੀਬ ਲੋੜਵੰਦ ਕੇਵਲ 20 ਰੁਪਏ ’ਚ ਲੰਗਰ ਛਕ ਰਹੇ ਹਨ। ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਕਮੇਟੀ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ, ਮੈਡੀਕਲ ਕੈਂਪ ਲਾਉਣ, ਖੂਨਦਾਨ ਕੈਂਪ ਲਾਉਣ, ਅੰਤਿਮ ਸੰਸਕਾਰ ਲਈ ਲੱਕੜਾਂ ਦਾ ਪ੍ਰਬੰਧ ਆਦਿ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ। ਕਮੇਟੀ ਦੇ ਪ੍ਰਧਾਨ ਕਰਨ ਗੋਇਲ, ਸਕੱਤਰ ਸੁਸ਼ਾਂਤ ਬਾਂਸਲ ਅਤੇ ਚੇਅਰਮੈਨ ਦੀਪਕ ਗੋਇਲ ਨੇ ਦੱਸਿਆ ਕਿ ਜਦੋਂ ਤੋਂ ਇਹ ਬਾਲਾਜੀ ਰਸੋਈ ਚੱਲ ਰਹੀ ਸੀ, ਉਦੋਂ ਤੋਂ ਹੀ ਰੋਟੀਆਂ ਬਣਾਉਣ ਵਿੱਚ ਕਾਫੀ ਦਿੱਕਤ ਆ ਰਹੀ ਸੀ ਕਿਉਂਕਿ ਗਰਮੀ ਕਾਰਨ ਇੰਨੀਆਂ ਲੋਕਾਂ ਲਈ ਰੋਟੀਆਂ ਬਣਾਉਣੀਆਂ ਸੰਭਵ ਨਹੀਂ ਸਨ। ਇਸ ਲਈ ਸਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਮਸ਼ੀਨ ਨੂੰ ਲਾਇਆ ਗਿਆ ਹੈ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਲੈਕਚਰਾਰ ਵਰਿੰਦਰ ਕਟਾਰੀਆ ਨੇ ਨਿਭਾਈ।