ਕੋਟਕਪੂਰਾ, 3 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਯਤਨਸ਼ੀਲ ਸੰਸਥਾ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਦੀ ਨਵੀਂ ਟੀਮ ਨੇ ਪ੍ਰਧਾਨ ਸੰਜੀਵ ਕੁਮਾਰ ਕਿੱਟੂ ਅਹੂਜਾ ਦੀ ਅਗਵਾਈ ਹੇਠ ਗੁਰਦਵਾਰਾ ਪਾਤਸ਼ਾਹੀ ਦਸਵੀਂ ਜੈਤੋ ਰੋਡ ਕੋਟਕਪੂਰਾ ਅਤੇ ਡੇਰਾ ਦਰਿਆਗਿਰੀ ਤੋਂ ਆਸ਼ੀਰਵਾਦ ਲੈ ਕੇ ਆਪਣੇ ਨਵੇਂ ਸਾਲ ਲਈ ਅਗਲੇਰੇ ਸੇਵਾ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਅਗਲੇਰੇ ਕਾਰਜਾਂ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਮਾਤਮਾ ਤੋਂ ਆਸ਼ੀਰਵਾਦ ਲਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਕਲੱਬ ਦੀ ਸ਼ਮੁੱਚੀ ਟੀਮ ਸਰਕਾਰੀ ਪ੍ਰਾਇਮਰੀ ਸਕੂਲ ਗੁਰੂ ਤੇਗ ਬਹਾਦਰ ਨਗਰ ਕੋਟਕਪੂਰਾ ਵਿਖੇ ਪੁੱਜੀ, ਜਿੱਥੇ ਸਕੂਲੀ ਬੱਚਿਆਂ ਨੂੰ ਫਰੂਟੀਆਂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਕਲੱਬ ਦੇ ਅਹੁਦੇਦਾਰਾਂ ਵਿੱਚ ਸ਼ਾਮਲ ਕੈਸ਼ੀਅਰ ਮਨਜੀਤ ਸਿੰਘ ਔਲਖ, ਸਕੱਤਰ ਸੰਦੀਪ ਗੋਇਲ, ਅਸ਼ੋਕ ਗੋਇਲ, ਭੁਪਿੰਦਰ ਸਿੰਘ ਐੱਸ.ਡੀ.ਓ., ਮਨਜੀਤ ਸਿੰਘ ਲਵਲੀ ਆਦਿ ਨੇ ਦੱਸਿਆ ਕਿ ਪਲਾਸਟਿਕ ਮੁਕਤ ਸਮਾਜ ਦੀ ਸਿਰਜਣਾ ਲਈ ਕੱਪੜੇ ਦੇ ਬਣੇ 200 ਥੈਲੇ (ਬੈਗ) ਸਕੂਲ ਸਟਾਫ ਅਤੇ ਬੱਚਿਆਂ ਨੂੰ ਵੰਡੇ ਗਏ। ਆਪਣੇ ਸੰਬੋਧਨ ਦੌਰਾਨ ਉਕਤ ਬੁਲਾਰਿਆਂ ਨੇ ਪੋਲੀਥੀਨ ਅਤੇ ਪਲਾਸਟਿਕ ਦੇ ਨੁਕਸਾਨਾ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਅਤੇ ਸ਼ੁੱਧਤਾ ਲਈ ਕੱਪੜੇ ਦੇ ਬਣੇ ਥੈਲੇ ਵਰਤਣੇ ਸਮੇਂ ਦੀ ਜਰੂਰਤ ਹੈ। ਸਕੂਲ ਮੁਖੀ ਮੋਹਿਤ ਕੁਮਾਰ ਸਮੇਤ ਹਰਬੀਰ ਸਿੰਘ ਮੱਕੜ ਅਤੇ ਮੈਡਮ ਸਪਨਾ ਨੇ ਕਲੱਬ ਦੇ ਉਕਤ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।