ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੈ ਜੀਵਨ। ਅਗਰ ਸਮਾਜ ਵਿਚ ਤਿਉਹਾਰ (ਉਤਸਵ) ਨਾ ਹੋਣ ਤਾਂ ਮਾਨਵ ਦਾ ਜੀਵਨ ਜੜ੍ਹ ਹੀਣ, ਉਦਾਸੀਨ, ਜਿਕ ਜੀਵਨ ਵਿਹਾਰ ਦੇ ਬੋਝ ਹੇਠਾਂ ਦੱਬਿਆ ਹੋਇਆ ਮਾਨਵ ਤਿਉਹਾਰ ਦੇ ਦਿਨ ਥੋੜੀ ਜਿਹੀ ਮੁਕਤ ਹਵਾ (ਸਾਹ) ਲੈ ਕੇ ਰਾਹਤ ਮਹਿਸੂਸ ਕਰਦਾ ਹੈ। ਜੀਵਨ ਦੇ ਅਰਥ ਨੂੰ ਖੁੱਲਾ, ਡੁੱਲਾ ਮਾਹੌਲ ਮਿਲਦਾ ਹੈ। ਦਿਲ-ਦਿਮਾਗ਼ ਪ੍ਰਸੰਨਤਾ, ਸੰਕਲਪ ਲੈ ਕੇ ਮਨ ਦੀ ਖੇਚਲ ਨੂੰ ਦੂਰ ਹਟਾ ਕੇ ਆਨੰਦ ਪ੍ਰਾਪਤ ਕਰਦਾ ਹੈ। ਤਿਉਹਾਰ ਯਾਨੀ ਮਾਨਵ ਨੂੰ ਉਨਤ ਬਣਾਉਣ ਵਾਲਾ, ਸ੍ਰੇਸ਼ਟ ਬਣਾਉਣ ਵਾਲਾ, ਅਤੇ ਸੰਸਕਾਰੀ ਬਣਾਉਣ ਵਾਲਾ, ਤਿਉਹਾਰ ਮਿਲਣੀ ਦੀ ਮੰਜ਼ਿਲ, ਪ੍ਰੇਮ ਦੇ ਅਨੁਯਾਈ, ਪ੍ਰਸੰਨਤਾ ਦੇ ਪ੍ਰੇਰਕ, ਧਰਮ ਦੇ ਰੱਖਿਅਕ ਅਤੇ ਭਾਵਨਾਵਾਂ ਦੇ ਸਰੋਤ ਹੁੰਦੇ ਹਨ।
ਇਸੇ ਸੰਦਰਭ ਵਿਚ ਹਰ ਸਾਲ ਤਿਉਹਾਰ ਆਉਂਦਾ ਹੈ ਰੱਖੜੀ ਦਾ ਤਿਉਹਾਰ। ਰੱਖੜੀ ਭਾਵ ਪ੍ਰੇਮ ਬੰਧਨ। ਅੱਜ ਦੇ ਦਿਨ ਭੈਣ ਭਰਾ ਦੀ ਕਲਾਈ ਉਪਰ ਰੱਖੜੀ ਬੰਨਦੀ ਹੈ ਅਤੇ ਖੁਸ਼ੀ ਖੁਸ਼ੀ ਤਰ੍ਹਾਂ ਦੇ ਦਿਲ ਨੂੰ ਪ੍ਰੇਮ ਵਿਚ ਬੰਨਦੀ ਹੇ। ਭੈਣ-ਭਰਾ ਦਾ ਮਿਲਣ ਭਾਵ ਕਿ ਪ੍ਰੇਮ, ਸਾਹਸ ਅਤੇ ਸੰਜਮ ਦਾ ਸਹਿਯੋਗ।
ਭਾਰਤੀ ਸੰਸਕ੍ਰਿਤੀ ਵਿਚ ਇਸਤਰੀ ਨੂੰ ਭੋਗਦਾਸੀ ਨਾ ਸਮਝ ਕੇ ਉਸ ਦੀ ਪੂਜਾ ਕਰਨਾ ਪ੍ਰਥਮ ਕਰਤੱਵ ਸਮਝਿਆ ਜਾਂਦਾ ਹੈ। ਰੱਖੜੀ ਦਾ ਤਿਉਹਾਰ ਭਾਵ ਦ੍ਰਿਸ਼ਟੀ ਪਰਿਵਰਤਨ ਦਾ ਤਿਉਹਾਰ। ਰੱਖੜੀ ਬੰਨ ਕੇ ਭਰਾ ਰੱਖਿਆ ਦੀ ਜੁੰਮੇਵਾਰੀ ਉਠਾਂਦਾ ਹੈ ਤਾਂ ਕਿ ਸਮਾਜ ਵਿਚ ਭੈਣ ਨਿਡਰ ਹੋ ਕੇ ਵਿਚਰ ਸਕੇ।
ਭਰਾ ਨੂੰ ਰੱਖੜੀ ਬੰਨਣ ਤੋਂ ਪਹਿਲਾਂ ਭੈਣ ਉਸ ਦੇ ਮਸਤਕ ਉਪਰ ਤਿਲਕ ਕਰਦੀ ਹੈ। ਇਹ ਤਿਲਕ ਭਰਾ ਦੇ ਲਈ ਸ਼ੁਭਕਾਮਨ, ਚੰਗੇ ਸਦ ਵਿਚਾਰ ਅਤੇ ਬਲ ਬੁੱਧੀ ਦਾ ਬਲ ਪ੍ਰਤੀਕ ਹੈ। ਭੈਣ ਭਰਾ ਦਾ ਤੀਜਾ ਨੇਤਰ ਬੁੱਧੀ ਹੈ, ਜਿਸ ਨੂੰ ਖੋਲ੍ਹ ਕੇ ਉਸ ਨੂੰ ਵਿਕਾਰ, ਵਾਸਨਾ ਆਦਿ ਨੂੰ ਭਸਮ ਕਰਨ ਦਾ ਸੂਚਨ ਕਰਦੀ ਹੈ
ਭਰਾ ਦੇ ਗੁੱਟ ਉਪਰ ਰੱਖੜੀ ਬੰਨ ਕੇ ਭੈਣ ਉਸ ਕੋਲੋਂ ਅਪਣ ਰਕਸ਼ਨ (ਰੱਖਿਆ) ਨਹੀਂ ਚਾਹੁੰਦੀ ਬਲਕਿ ਸਾਰੀ ਇਸਤਰੀ ਜਾਤੀ ਦੇ ਰਕਸ਼ਣ ਦੀ ਕਾਮਨਾ ਰੱਖਦੀ ਹੈ। ਭਰਾ ਦੇ ਹਰ ਖੇਤਰ ਵਿਚ ਜਿੱਤ ਪ੍ਰਾਪਤ ਹੋਵੇ। ਭੈਣ ਭਰਾ ਦੇ ਸੱਚੇ-ਨਿਸ-ਸਵਾਰਥ ਮਿਲਣ ਨੂੰ ਰੱਖੜੀ ਕਹਿੰਦੇ ਹਨ। ਸਿੱਖ ਇਤਿਹਾਸ ਵਿਚ ਵੀ ਭੈਣ ਭਰਾ ਦੇ ਮਿਲਣ ਦੀ ਇਕ ਸਰਵ ਉਚ ਉਦਾਹਰਣ ਮਿਲਦੀ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਬੀਬੀ ਨਾਨਕੀ ਨੇ ਰੋਟੀ ਬਣਾਉਂਦੇ ਹੋਏ ਯਾਦ ਕੀਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਕਾਰਜ ਛੱਡ ਕੇ ਬੀਬੀ ਨਾਨਕੀ ਕੋਲ ਪਹੁੰਚ ਗਏ। ਬੀਬੀ ਨਾਨਕੀ ਉਨ੍ਹਾਂ ਨੂੰ ਵੇਖ ਕੇ ਖੁਸ਼ ਹੋ ਗਈ। ਉਸ ਦੀ ਪ੍ਰਸੰਨਤਾ ਦਾ ਕੋਈ ਠਿਕਾਣਾ ਨਾ ਰਿਹਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿਆਰ-ਸਤਿਕਾਰ ਨਾਲ ਭੋਜਨ ਛਕਿਆ ਅਤੇ ਬੀਬੀ ਨਾਨਕੀ ਨੂੰ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤੇ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਨਾਨਕੀ (ਭੈਣ-ਭਰਾ) ਦਾ ਪਵਿੱਤਰ ਮਿਲਣ ਹੀ ਰੱਖੜੀ ਕਲਿਆਉਂਦਾ ਹੈ। ਪਿਆਰ ਨਾਲ, ਹਿਰਦੇ ਤੋਂ ਭੈਣ ਯਾਦ ਕਰੇ ਅਤੇ ਖੁਸ਼ੀ-ਖੁਸ਼ੀ ਨਾਲ ਭਰਾ ਮਿਲਣ ਜਾਏ ਇਹੋ ਹੈ ਪ੍ਰੇਮ-ਬੰਧਨ, ਇਹੋ ਹੈ ਰੱਖੜੀ।
ਭਾਰਤੀ ਸੰਸਕ੍ਰਿਤੀ ਵਿਚ ਦੇਵਾਸਰ ਸੰਗ੍ਰਾਮ ਦੇਵਤਿਆ ਦੀ ਜਿੱਤ ਦੇ ਨਿਮਿੱਤ ਇੰਦਰਾਣੀਂ ਨੇ ਹਿੰਮਤ ਹਾਰੇ ਹੋਏ ਇੰਦਰ ਦੇ ਗੁੱਟ ’ਤੇ ਰੱਖੜੀ ਬੰਨ੍ਹੀ ਸੀ। ਅਭਿਮੰਨਿਓੁ ਦੀ ਰੱਖਿਆ ਨਿਮਿੱਤ ਕੁੰਤਾਮਾਤਾ ਨੇ ਉਸ ਨੂੰ ਰੱਖੜੀ ਬੰਨ੍ਹੀ ਸੀ ਅਤੇ ਅਪਣੀ ਰੱਖਿਆ ਦੇ ਲਈ ਰਾਣੀ ਕਰਮਵਤੀ ਨੇ ਹਮਾਯੂੰ ਨੂੰ ਰੱਖੜੀ ਭੇਜੀ ਸੀ। ਰੱਖੜੀ ਵਿਚ ਡਰ ਰਹਿਤ ਪੱਖ ਦੀ ਭਾਵਨਾ ਸਮਾਈ ਹੋਈ ਹੈ।
ਰੱਖੜੀ ਭਾਵਕਿ ਭੈਣ ਦੀ ਰੱਖਿਆ ਲਈ ਜਿੰਮੇਵਾਰੀ। ਰੱਖੜੀ ਭਾਵ ਭੈਣ-ਭਰਾ ਦੇ ਪ੍ਰੇਮ ਦਾ ਸੱਚਾ ਸੰਕਲਪ, ਪ੍ਰੇਮ ਦੀ ਸ਼ਕਤੀ, ਪ੍ਰੇਮ ਦਾ ਵਹਿੰਦਾ ਝਰਨਾ ਅਤੇ ਸਨੇਹ ਦਾ ਚਮਕਦਾ ਸੂਰਜ ਜੋ ਸਮਾਜ ਨੂੰ ਪ੍ਰੇਮ ਦੀ ਰੌਸ਼ਨੀ ਦੇਵੇ।
ਅੱਜ ਕਲ ਮਾਤਾ-ਪਿਤਾ ਦੇ ਇਕ ਜਾਂ ਦੋ ਹੀ ਬੱਚੇ ਹੋਣ ਕਰਕੇ ਇਹ ਤਿਓੁਹਾਰ ਕੁਝ ਆਧੁਨਿਕਤਾ ਵਿਚ ਅਤੇ ਵਿਗਿਆਨਕ ਸੋਚ ਵਿਚ ਬਦਲਦਾ ਜਾ ਰਿਹਾ ਹੈ। ਭੈਣ-ਭੈਣ ਦੀ ਕਲਾਈ ’ਤੇ ਵੀ ਰੱਖੜੀ ਬੰਨਦੀ ਹੈ ਅਤੇ ਸੁਰੱਖਿਆ-ਬੰਧਨ ਦਾ ਉਚ ਬੁੱਧੀ ਦਾ, ਉਚ ਵਿਵੇਕ ਦਾ, ਮਾਤਾ ਪਿਤਾ ਦੀ ਸੇਵਾ ਦਾ, ਸਮਾਜ ਵਿਚ ਸੇਵਾ ਕਰਨ ਦਾ ਸੰਕਲਪ ਲੈਂਦੀ ਹੈ। ਅੱਜ ਦੀ ਨਾਰੀ ਦੇ ਹਰ ਇਕ ਖੇਤਰ ਵਿਚ ਤਰੱਕੀ ਪਾਈ ਹੈ। ਜਿਸ ਦੀ ਇਕ ਹੀ ਬੇਟੀ ਹੈ ਉਹ ਅਪਣੇਂ ਪਿਤਾ ਦੇ ਜਾਂ ਰਿਸ਼ਤੇਦਾਰੀ ’ਚੋਂ ਲਗਦੇ ਭਰਾ ਨੂੰ ਵੀ ਰੱਖੜੀ ਬੰਨਦੀ ਹੈ।
ਰੱਖੜੀ ਦਾ ਇਹ ਤਿਉਹਾਰ ਦੇਸ਼-ਵਿਦੇਸ਼ ਵਿਚ ਮਿਹਨਤ ਕਰਦੇ ਭਾਰਤੀਆਂ ਲਈ ਸਰਵ ਉਤਮ ਤਿਉਹਾਰ ਹੈ। ਵਿਦੇਸ਼ਾਂ ਵਿਚ ਬੈਠੇ ਭਰਾਵਾਂ ਨੂੰ ਭੈਣਾਂ ਰੱਖੜੀ ਭੇਜਦੀਆਂ ਹਨ ਅਤੇ ਈ-ਮੇਲ ਉਪਰ ਜਾਂ ਮੋਬਾਇਲ ਫੋਨ ਉਪਰ ਇਕ ਦੂਸਰੇ ਨੂੰ ਵਧਾਈਆਂ ਸ਼ੁੱਭਕਾਮਨਾਵਾਂ ਅਤੇ ਆਸ਼ੀਰਵਾਦ ਦਿੰਦੇ ਹਨ।
ਅਜ ਕਲ ਰੱਖੜੀ ਕਈ ਮਹਿੰਗੇ ਰੂਪਾਂ ਵਿਚ ਮਿਲਦੀ ਹੈ। ਰੱਖੜੀ ਸੋਨੇ ਦੀ ਹੀਰੇ ਦੀ ਅਤੇ ਕਈ ਕੀਮਤੀ ਧਾਤੂਆਂ ਤੋਂ ਬਣਦੀ ਹੈ। ਅਪਣੀ ਅਪਣੀ ਸਮਰੱਥਾ ਦੇ ਮੁਤਾਬਿਕ ਰੱਖੜੀ ਬੰਨੀ ਜਾਂਦੀ ਹੈ।
ਇਸ ਦਿਨ ਬਾਜ਼ਾਰਾਂ ਵਿਚ ਖੂਬ ਰੌਣਕਾਂ ਹੁੰਦੀਆਂ ਹਨ। ਤਰਾਂ-ਤਰ੍ਹਾਂ ਦੀਆਂ ਮਠਿਆਈਆਂ (ਮਿਸ਼ਠਾਣਾ) ਨਾਲ ਦੁਕਾਨਾਂ ਸਜੀਆਂ ਹੁੰਦੀਆਂ ਹਨ। ਕਈ ਪ੍ਰਕਾਰ ਦੀਆਂ ਰੱਖੜੀਆਂ ਦੁਕਾਨਾਂ ਦੀ ਸ਼ੋਭਾ ਵਧਦੀਆਂ ਹਨ ਵਿਕਰੀ ਲਈ। ਸਧਰਾਂ-ਚਾਵਾਂ, ਖੁਸ਼ੀਆਂ ਨਾਲ ਰੱਖੜੀ ਖ਼ਰੀਦੀ ਜਾਂਦੀ ਹੈ। ਇਸ ਦਿਨ ਰਿਸ਼ਤੇਦਾਰਾਂ ਦੀਆਂ, ਸਨੇਹੀਆਂ ਦੀਆਂ ਨੂੰਹਾਂ-ਬੇਟੀਆਂ ਨੂੰ ਵੀ ਮਿਠਾਈਆਂ ਆਦਿ ਭੇਜੀਆਂ ਜਾਂਦੀਆਂ ਹਨ।
ਰੱਖਿਆ ਬੰਧਨ (ਰੱਖੜੀ) ਦਾ ਤਿਉਹਾਰ, ਹਿਰਦੇ ਦਾ ਤਿਉਹਾਰ ਹੈ, ਤਰੱਕੀ ਪ੍ਰਤੀਕ, ਚੰਗੇ ਸ਼ੁੱਧ ਆਚਰਣ ਦਾ ਪ੍ਰਤੀਕ, ਦ੍ਰਿਸ਼ਟੀ ਪਰਿਵਰਤਨ ਦਾ ਪ੍ਰਤੀਕ ਹੈ। ਧਾਰਮਿਕ ਸ਼ਰਧਾਲੂ ਸਾਧਕ ਧਾਰਮਿਕ ਸਥਾਨਾਂ ਵਿਚ ਜਾ ਕੇ ਪੂਜਾ ਕਰਦੇ ਹਨ ਅਤੇ ਭਗਵਾਨ ਨੂੰ ਰੱਖੜੀ ਬੰਨਦੇ ਹਨ ਅਤੇ ਜੀਵਨ ਦੀ ਤਰੱਕੀ ਦੀ, ਖੁਸ਼ਹਾਲੀ ਦੀ, ਚੰਗੇ ਆਚਰਣ ਦੀ, ਸ਼ਾਂਤੀ ਅਤੇ ਖੁਸ਼ੀਆਂ ਦੀ ਕਾਮਨਾ ਕਰਦੇ ਹਨ।
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 98156-25409