ਫਰੀਦਕੋਟ, 29 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਹਰਪਾਲ ਸਿੰਘ ਮੈਨੇਜਿੰਗ ਟਰੱਸਟੀ, ਡਾਕਟਰ ਬੀ.ਐੱਨ.ਐੱਸ. ਵਾਲੀਆ ਅਤੇ ਕੁਲਮੀਤ ਸਿੰਘ ਅਮਰੀਕਾ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਸਿੱਖਿਆ ਸਬੰਧੀ ਸੇਵਾ ਕਾਰਜ ਕੀਤੇ ਜਾ ਰਹੇ ਹਨ। ਹਰਵਿੰਦਰ ਸਿੰਘ ਮਰਵਾਹਾ ਕੋਆਰਡੀਨੇਟਰ ਫਰੀਦਕੋਟ ਨੇ ਦੱਸਿਆ ਕਿ ਨਵੋਦਿਆ ਸਕੂਲਾਂ ਵਿੱਚ ਭੇਜਣ ਲਈ ਪੰਜਾਬ ਵਿੱਚ 125 ਅਤੇ ਫਰੀਦਕੋਟ ਜ਼ਿਲੇ ਵਿੱਚ 15 ਕੋਚਿੰਗ ਸੈਂਟਰ ਚੱਲ ਰਹੇ ਹਨ, ਜਿਨਾਂ ਵਿੱਚ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਹੋਣ ਲਈ ਮੁਫ਼ਤ ਤਿਆਰੀ ਕਰਵਾਈ ਜਾ ਰਹੀ ਹੈ ਅਤੇ ਇਸ ਮੌਕੇ ਕਿਤਾਬਾਂ ਸਟੇਸ਼ਨਰੀ ਆਦਿ ਵੀ ਮੁਫ਼ਤ ਦਿੱਤੀ ਜਾਂਦੀ ਹੈ, ਹੁਣ ਤੱਕ 1500 ਤੋਂ ਵੱਧ ਬੱਚਿਆਂ ਨੂੰ ਜਵਾਹਰ ਨਵੋਦਿਆ ਸਕੂਲਾਂ ਵਿੱਚ ਦਾਖਲ ਕਰਵਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਨੀਟ ਅਤੇ ਜੇ.ਈ.ਈ. ਦੀ ਤਿਆਰੀ ਚੰਡੀਗੜ ਵਿਚ ਰੱਖ ਕੇ ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਨੂੰ ਮੁਫ਼ਤ ਕਰਵਾਈ ਜਾਂਦੀ ਹੈ, ਕੋਚਿੰਗ, ਰਿਹਾਇਸ਼, ਖਾਣਾ ਸਭ ਮੁਫ਼ਤ ਹੈ। ਉਹਨਾ ਦੱਸਿਆ ਕਿ ਇਸ ਸਾਲ 2025 ਵਿੱਚ ਜਿਹੜੇ ਬੱਚੇ ਦਸਵੀਂ ਦਾ ਇਮਤਿਹਾਨ ਦੇ ਰਹੇ ਹਨ, ਉਹ ਇਹ ਫਾਰਮ ਭਰ ਸਕਦੇ ਹਨ ਅਤੇ ਫਾਰਮ ਭਰਨ ਦੀ ਆਖਰੀ ਮਿਤੀ 31-12-2024 ਹੈ, ਪੇਪਰ ਪਾਸ ਕਰਨ ਵਾਲੇ ਬੱਚਿਆਂ ਦੀ ਇੰਟਰਵਿਊ ਤੋਂ ਬਾਅਦ ਸ਼ਰਤਾਂ ਤਹਿਤ ਚੋਣ ਕੀਤੀ ਜਾਵੇਗੀ। ਹੁਣ ਤੱਕ 355 ਵਿਦਿਆਰਥੀਆਂ ਨੂੰ ਐੱਮ.ਬੀ.ਬੀ.ਐੱਸ. ਅਤੇ ਆਈ.ਆਈ.ਟੀ. ਲਈ ਸਰਕਾਰੀ ਕਾਲਜ ਜਾਂ ਚੰਗੇ ਰੈਪੂਟੇਸ਼ਨ ਵਾਲੇ ਕਾਲਜਾਂ ਵਿੱਚ ਦਾਖਲ ਕਰਵਾਇਆ ਜਾ ਚੁੱਕਾ ਹੈ। ਉਹਨਾਂ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸਿੱਖਿਆ ਸਬੰਧੀ ਸੇਵਾ ਕਾਰਜਾਂ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।