ਇੱਥੋਂ ਦੇ ਬਸ਼ਿੰਦਿਆਂ ਨੇ ਕੀਤੀ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ
ਡੀ ਸੀ ਨੇ ਦਿੱਤਾ ਦੁਕਾਨਦਾਰਾਂ ਦੀ ਮੰਗ ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ
ਬਠਿੰਡਾ, 31 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬਠਿੰਡੇ ਦੀ ਪਾਸ਼ ਏਰੀਆ ਵਜੋਂ ਜਾਣੀ ਜਾਂਦੀ ਭਾਗੂ ਰੋਡ ਨੂੰ ਚੌੜਾ ਕਰਨ ਦੀ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਚਰਚਾ ਨੇ ਇੱਥੇ ਕਈ ਦਹਾਕਿਆਂ ਤੋਂ ਬੈਠੇ ਮਕਾਨ ਮਾਲਕ ਅਤੇ ਦੁਕਾਨਦਾਰਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਇਥੋਂ ਦੇ ਦੁਕਾਨਦਾਰ ਇਸ ਸਬੰਧੀ ਆਪਣਾ ਮੰਗ ਪੱਤਰ ਪਹਿਲਾਂ ਵੀ ਕਈ ਵਾਰ ਜਿਲਾ ਪ੍ਰਸ਼ਾਸਨ ਨੂੰ ਦੇ ਚੁੱਕੇ ਹਨ। ਪਰ ਨਗਰ ਨਿਗਮ ਬਠਿੰਡਾ ਵੱਲੋਂ ਬੀਤੇ ਦਿਨੀ ਸੜਕ ਨੂੰ 60 ਫੁੱਟ ਚੌੜਾ ਕਰਨ ਸਬੰਧੀ ਲਗਾਏ ਨਿਸ਼ਾਨ ਅਤੇ ਇਸ ਸਬੰਧੀ ਸਪੀਕਰਾਂ ਰਾਹੀਂ ਕਰਾਈ ਗਈ ਮੁਨਾਦੀ ਨੇ ਇੱਕ ਵਾਰ ਫਿਰ ਇਥੋਂ ਦੇ ਬਸ਼ਿੰਦਿਆ ਦੀ ਚਿੰਤਾ ਵਧਾ ਦਿੱਤੀ ਹੈ। ਇਸ ਸਬੰਧੀ ਬੋਲਦਿਆਂ ਇੱਥੋਂ ਦੇ ਦੁਕਾਨਦਾਰਾਂ ਨੇ ਕਿਹਾ ਕਿ ਬਠਿੰਡਾ ਦੇ ਕਈ ਐਸੇ ਬਜ਼ਾਰ ਹਨ ਜਿੱਥੇ ਦੋ ਬਾਈਕ ਵੀ ਇੱਕਠੇ ਮੁਸ਼ਕਿਲ ਨਾਲ ਲੰਘਦੇ ਹਨ ਜਿਹਨਾਂ ਨੂੰ ਚੌੜਾ ਕਰਨਾ ਪ੍ਰਸ਼ਾਸ਼ਨ ਦੀ ਪਹਿਲ ਹੋਣੀ ਚਾਹੀਦੀ ਹੈ।ਪਰ ਉੱਥੇ ਰਹਿਣ ਵਾਲ਼ੇ ਲੋਕਾਂ ਦੀ ਉੱਚੀ ਪਹੁੰਚ ਹੋਣ ਕਾਰਨ ਪ੍ਰਸ਼ਾਸ਼ਨ ਉੱਧਰ ਮੂੰਹ ਕਰਨ ਤੋਂ ਵੀ ਡਰਦਾ ਹੈ ਅਤੇ ਭਾਗੂ ਰੋੜ ਤੇ ਤਾਂ ਅਜਿਹੀ ਕਿਸੇ ਤਰਾਂ ਦੀ ਕੋਈ ਸਮੱਸਿਆ ਹੀ ਨਹੀਂ ਪਰ ਫ਼ਿਰ ਵੀ ਪ੍ਰਸ਼ਾਸ਼ਨ ਇੱਥੋਂ ਦੇ ਦੁਕਾਨਦਾਰਾਂ ਅਤੇ ਰਹਿਣ ਵਾਲ਼ੇ ਲੋਕਾਂ ਦੇ ਘਰ ਢਾਹੁਣ ਤੇ ਤੁਲਿਆ ਹੋਇਆ ਹੈ।
ਇਸ ਸਬੰਧੀ ਚੋਣਵੇਂ ਪੱਤਰਕਾਰਾਂ ਨਾਲ਼ ਗੱਲ ਕਰਦਿਆ ਇੱਥੋਂ ਦੇ ਬਸ਼ਿੰਦਿਆਂ ਨੇ ਕਿਹਾ ਕਿ ਭਾਗੂ ਰੋਡ ਨੂੰ ਚੌੜਾ ਕਰਨ ਦੇ ਇਸ ਬੇਲੋੜੇ ਫੈਸਲੇ ਵਿਰੁੱਧ ਵਿਚਾਰ ਚਰਚਾ ਕਰਨ ਉਪਰੰਤ ਭਾਗੂ ਰੋਡ ਮਕਾਨ ਮਾਲਕਾਂ ਤੇ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਡੀ ਸੀ ਸਾਹਿਬ ਵੱਲੋਂ ਜਾਂਚ ਪੜਤਾਲ ਕਰਨ ਅਤੇ ਇਸ ਲੋਕ ਮੁੱਦੇ ਤੇ ਗੰਭੀਰਤਾ ਨਾਲ਼ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਡਾਕਟਰ ਹਰਜੀਤ ਸਿੰਘ, ਜਸਵੰਤ ਸਿੰਘ ਸੰਧੂ ਵਕੀਲ, ਡਾਕਟਰ ਹਰੀਸ਼, ਮਿੱਤਲ ਮੈਡੀਕੋਜ਼, ਦੀਪੂ, ਗੁਰਦੇਵ ਸਿੰਘ, ਕੁਲਜੀਤ ਸਿੰਘ, ਭੋਲਾ ਸਿੰਘ ਆਦਿ ਹਾਜ਼ਰ ਸਨ