ਘਰ ਬਾਬਲ ਦੇ ਪੁੱਤਰ ਜੰਮਿਆ, ਮਾਂ ਨੇ ਰਾਜ ਦੁਲਾਰਾ,
ਮਿਟੀ ਧੁੰਦ ਜਗ ਚਾਨਣ ਹੋਆ, ਫੈਲਿਆ ਚਾਰ ਚੁਫੇਰਾ,
ਦੇਵਤਿਆਂ ਵੀ ਸਿਫ਼ਤਾਂ ਕਰੀਆਂ, ਹੱਕ ਸੱਚ ਦੇ ਪੀਰ ਦੀਆਂ,
ਭੈਣ ਨਾਨਕੀ ਕਰੇ ਉਡੀਕਾਂ ਬੈਠੀ ਨਾਨਕ ਵੀਰ ਦੀਆਂ,
ਨੂਰੀ ਮੁੱਖੜਾ ਭੁੱਲ ਨਾ ਹੋਵੇ, ਅੱਖੀਆਂ ਸਾਹਵੇਂ ਆਣ ਖਲੋਵੇ,
ਕੰਧਾਂ ਉੱਤੇ ਪਾ ਔਸੀਆਂ, ਵੀਰ ਲਈ ਫ਼ੁਲਕੇ ਨਿੱਤ ਪਕਾਵੇ,
ਦੂਰ ਤੱਕ ਆਉਣ ਸੁਗੰਧਾਂ,ਝੁੱਲੇ ਰਿੱਝਦੀ ਖ਼ੀਰ ਦੀਆਂ,
ਭੈਣ ਨਾਨਕੀ ਕਰੇ ਉਡੀਕਾਂ,ਬੈਠੀ ਨਾਨਕ ਵੀਰ ਦੀਆਂ,
ਬਾਬਲ ਸਿਰ ਤੇ ਮੌਜ਼ਾਂ ਹੁੰਦੀਆਂ, ਵੀਰਾਂ ਸਿਰ ਸਰਦਾਰੀ,
ਭੈਣ ਲਈ ਤੂੰ ਅੰਮਾ ਜਾਇਆ, ਲੋਕਾਂ ਲਈ ਅਵਤਾਰੀ,
ਇੱਕੋ ਮਾਂ ਦੀ ਕੁੱਖ ਤੋਂ ਜਨਮੇ, ਖੇਡਾਂ ਨੇ ਤਕਦੀਰ ਦੀਆਂ,
ਭੈਣ ਨਾਨਕੀ ਕਰੇ ਉਡੀਕਾਂ ਬੈਠੀ ਨਾਨਕ ਵੀਰ ਦੀਆਂ,
ਰੀਝ ਪੁਗਾ ਦੇ ਦਿਲ ਦੀ ਵੀਰਾ, ਗਾਵਾਂ ਤੇਰੀ ਘੋੜੀ,
ਬਾਲੇ ਤੇ ਮਰਦਾਨੇ ਦੀ ਸੰਗ, ਹੋਵੇ ਵੀਰਾ ਜੋੜੀ,
ਪ੍ਰਿੰਸ ਪਰੋਵਾਂ ਸਿਹਰੇ ਲੜੀਆਂ, ਨਾਨਕ ਵੀਰ ਫ਼ਕੀਰ ਦੀਆਂ,
ਭੈਣ ਨਾਨਕੀ ਕਰੇ ਉਡੀਕਾਂ,ਬੈਠੀ ਨਾਨਕ ਵੀਰ ਦੀਆਂ,

ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1
ਆਫ਼ਿਸਰ ਕਾਲੋਨੀ ਸੰਗਰੂਰ
148001
9872299613