ਕੋਟਕਪੂਰਾ, 21 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਆਰੇ ਪਾਠਕੋ ਜਿਵੇਂ ਮੁੰਬਈ ਫਿਲਮੀਂ ਇੰਡਸਟਰੀ ਵਜੋਂ ਮਸ਼ਹੂਰ ਹੈ ਅਤੇ ਕਿਸੇ ਸਮੇਂ ਲੁਧਿਆਣਾ ਕਲਾਕਾਰਾਂ ਦੇ ਸ਼ਹਿਰ ਵਜੋਂ ਮਸ਼ਹੂਰ ਸੀ, ਠੀਕ ਓਸੇ ਤਰਾਂ ਹੀ ਕੈਨੇਡਾ ਦਾ ਸ਼ਹਿਰ ਸਰੀ ਵੀ ਕਲਮਕਾਰਾਂ ਅਤੇ ਕਲਾਕਾਰਾਂ ਦੇ ਸ਼ਹਿਰ ਵਜੋਂ ਵੱਖਰੀ ਪਛਾਣ ਬਣਾ ਚੁੱਕਾ ਹੈ। ਪਾਲੀਵੁੱਡ ਦੇ ਬਹੁਤ ਸਾਰੇ ਅਦਾਕਾਰ, ਗਾਇਕ, ਨਾਵਲਕਾਰ, ਗ਼ਜ਼ਲਗੋ ਅਤੇ ਗੀਤਕਾਰ ਇਸ ਸ਼ਹਿਰ ਨੂੰ ਪੱਕਾ ਟਿਕਾਣਾ ਬਣਾ ਚੁੱਕੇ ਹਨ। ਬਹਾਰ ਰੁੱਤ ਸ਼ੁਰੂ ਹੁੰਦਿਆਂ ਹੀ ਸਾਹਿੱਤਕ ਸਮਾਗਮਾਂ, ਮੇਲਿਆਂ ਅਤੇ ਟੂਰਨਾਮੈਂਟਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਹਰ ਰੋਜ਼ ਕੋਈ ਨਾ ਕੋਈ ਨਵਾਂ-ਪੁਰਾਣਾ ਕਲਾਕਾਰ, ਗੀਤਕਾਰ, ਸਾਹਿੱਤਕਾਰ ਮਿਲ ਜਾਂਦਾ ਹੈ। ਬੀਤੇ ਦਿਨੀਂ ਐਬਸਫੋਰਡ ਇੱਕ ਸੱਭਿਆਚਾਰਕ ਮੇਲੇ ‘ਤੇ ਮੇਰੀ ਜਾਣ-ਪਛਾਣ ਇੱਕ ਉੱਭਰਦੇ ਕਲਾਕਾਰ ਦਿਲ ਦਿਲਜੀਤ ਨਾਲ ਹੋਈ। ਗੱਲਬਾਤ ਕਰਨ ‘ਤੇ ਪਤਾ ਲੱਗਾ ਕਿ ਉਹ ਆਪਣੇ ਅੰਦਰ ਕਈ ਕਲਾਵਾਂ ਸਮੋਈ ਬੈਠਾ ਹੈ। ਗੱਲਬਾਤ ਸ਼ੁਰੂ ਹੋਈ ਤਾਂ ਉਸ ਨੇ ਦੱਸਿਆ ਕਿ ਮੇਰਾ ਜਨਮ ਮੋਗੇ ਜ਼ਿਲੇ ਦੇ ਪਿੰਡ ਘੋਲੀਆ ਖੁਰਦ ਵਿੱਚ ਪਿਤਾ ਸਵ: ਸੁਰਜੀਤ ਸਿੰਘ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10 ਮਈ 19974 ਨੂੰ ਹੋਇਆ। ਉਹ ਕਮਲਜੀਤ ਸਿੰਘ ਅਤੇ ਅਮਨਦੀਪ ਸਿੰਘ ਸਮੇਤ ਤਿੰਨ ਭਰਾ ਹਨ। ਦਸਵੀਂ ਤੱਕ ਦੀ ਪੜਾਈ ਪਿੰਡੋਂ ਹੀ ਕੀਤੀ। ਆਈ.ਟੀ.ਆਈ. ਦਾ ਡਿਪਲੋਮਾ ਕਰਦਿਆਂ 12ਵੀਂ ਕਰ ਲਈ ਅਤੇ ਨਾਲ ਦੀ ਨਾਲ ਹੀ ਗਿਆਨੀ ਵੀ ਕਰ ਲਈ। ਉਪਰੰਤ ਰੋਜ਼ੀਰੋਟੀ ਲਈ ਟੀ.ਵੀ. ਰਿਪੇਅਰ (ਇਲੈਕਟ੍ਰੋਨਿਕਸ) ਦਾ ਕੰਮ ਕੀਤਾ। ਨਾਲ ਨਾਲ ਛੋਟੇ ਭਰਾ ਦੀ ਫੋਟੋਗਰਾਫੀ ਦੀ ਦੁਕਾਨ ‘ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫੇਰ ਹਾਂਗਕਾਂਗ ਜਾਣ ਦਾ ਸਬੱਬ ਬਣ ਗਿਆ। ਉੱਥੇ ਜਾ ਕੇ ਵੀ ਹਾਕੀ ਖੇਡਣੀ ਅਤੇ ਫੋਟੋਗਰਾਫੀ ਵੀ ਜਾਰੀ ਰੱਖੀ। ਹਾਕੀ ਖੇਡ ਅਤੇ ਫੋਟੋਗ੍ਰਾਫੀ ਦੀ ਬਦੌਲਤ ਕਈ ਵਾਰ ਹਾਂਗਕਾਂਗ ਚੀਨ ਤੇ ਕਈ ਦੇਸ਼ਾਂ ਦਾ ਟੂਰ ਵੀ ਲਾ ਲਿਆ। ਸਾਲ 2005 ਵਿੱਚ ਕਲਾਕਾਰਾਂ ਅਤੇ ਲੇਖਕਾਂ ਦੇ ਪਿੰਡ ਘੋਲੀਆ ਕਲਾਂ ਵਿੱਚ ਪੱਕੇ ਡੇਰੇ ਲਾ ਲਏ। ਫਿਰ ਕੈਮਰਾ ਐਸਾ ਮੋਢੇ ‘ਤੇ ਰੱਖਿਆ ਕਿ ਪਿੱਛੇ ਮੁੜ ਕੇ ਨਹੀਂ ਵੇਖਿਆ। ਵਿਆਹਾਂ ਦੀਆਂ ਮੂਵੀਆਂ ਦੇ ਨਾਲ ਨਾਲ ਗੀਤ ਵੀ ਸ਼ੂਟ ਕਰਨੇ ਸ਼ੁਰੂ ਕਰ ਦਿੱਤੇ। ਨਾਮਵਰ ਅਤੇ ਨਵੇਂ ਗਾਇਕਾਂ ਦੇ ਸੌ ਤੋਂ ਵੱਧ ਵੀਡੀਓ ਬਤੌਰ ਡਾਇਰੈਕਟਰ ਸ਼ੂਟ ਕੀਤੇ। ਕੁੱਝ ਕੁ ਛੋਟੀਆਂ ਮੂਵੀਆਂ ਵੀ ਬਣਾਈਆਂ। ਗੀਤ ਸ਼ੂਟ ਕਰਦਿਆਂ ਗਾਇਕੀ ਵਿੱਚ ਚਮਕੌਰ ਹੰਸ ਨੂੰ ਉਸਤਾਦ ਧਾਰ ਕੇ ਪ੍ਰੋਫੈਸ਼ਨਲ ਤੌਰ ‘ਤੇ ਗਾਇਕੀ ਵਾਲੇ ਪਿੜ ਵਿੱਚ ਹਾਜਰੀ ਲਵਾਈ ਤਾਂ ਬਤੌਰ ਗਾਇਕ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਦਿਲ ਦਿਲਜੀਤ ਨੇ ਦੱਸਿਆ ਕਿ ਗੀਤ ਤਾਂ ਬਹੁਤ ਰਿਕਾਰਡ ਕਰਵਾਏ ਪਰ ‘ਮਦਰ ਲਵ’ ਅਤੇ ‘ਟਰੂਡੋ’ ਗੀਤਾਂ ਨੇ ਸੰਗੀਤਿਕ ਜਗਤ ਵਿੱਚ ਵੱਖਰੀ ਪਛਾਣ ਬਣਾ ਦਿੱਤੀ। ਇਨਾਂ ਗੀਤਾਂ ਨੂੰ ਨਾਮਵਰ ਕੰਪਨੀ ਅਮਰ ਆਡੀਓ ਨੇ ਲਾਂਚ ਕੀਤਾ। ਬੜੀ ਖੁਸ਼ੀ ਦੀ ਗੱਲ ਹੈ ਕਿ ਉਨਾਂ ਦਾ ਬੇਟਾ ਕਰਨ ਘੋਲੀਆ ਮਿਊਜ਼ਿਕ ਡਾਇਰੈਕਟਰ ਅਤੇ ਸਿਨੇਮੈਟੋਗਰਾਫਰ ਹੈ। ਇਨਾਂ ਨੇ ‘ਸੱਗੀਫੁੱਲ’ ਫਿਲਮਜ਼ ਅਤੇ ਕੌਬ ਸਟੂਡੀਓ ਨਾਂ ਦੀ ਆਪਣੀ ਕੰਪਨੀ ਵੀ ਰਜਿਸਟਰਡ ਕਰਵਾਈ ਹੋਈ ਹੈ। ਅੱਜ ਕੱਲ੍ਹ ਦਿਲ ਦਿਲਜੀਤ ਆਪਣੀ ਬੇਟੀ ਜਸ਼ਨਪ੍ਰੀਤ ਕੋਲ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪਹੁੰਚੇ ਹੋਏ ਹਨ ਅਤੇ ਏਥੋਂ ਦੇ ਮੇਲਿਆਂ ਤੇ ਟੂਰਨਾਮੈਂਟਾਂ ਵਿੱਚ ਕਲਾ ਰੰਗ ਬਿਖੇਰ ਰਹੇ ਹਨ। ਸਾਨੂੰ ਪੂਰੀ ਆਸ ਹੈ ਕਿ ਦਿਲ ਦਿਲਜੀਤ ਆਪਣੀ ਸੁਰੀਲੀ ਅਵਾਜ਼, ਮਿਆਰੀ ਗੀਤਾਂ ਅਤੇ ਬੁਲੰਦ ਹੌਸਲੇ ਨਾਲ ਭਵਿੱਖ ਵਿੱਚ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਇੱਛਾ ਨੂੰ ਜਰੂਰ ਤ੍ਰਿਪਤ ਕਰਨਗੇ।