ਫਰੀਦਕੋਟ, 6 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਵਿਖੇ ਤਿੰਨ ਰੋਜਾ ਸਿਹਤ ਕੈਂਪ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਪੰਕਜ ਗੁਲਾਟੀ ਅਤੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਨੇ ਦੱਸਿਆ ਕਿ ਸਕੂਲ ’ਚ ਨਰਸਰੀ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਤਿੰਨ ਰੋਜਾ ਸਿਹਤ ਜਾਂਚ ਕੈਂਪ ਲਾਇਆ ਗਿਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨਸ਼ੈਲੀ ਜਿਉਣ ਦੀ ਕਲਾ ਸਿਖਾਉਣਾ ਸੀ, ਕਿਉਂਕਿ ਸਿਹਤਮੰਦ ਸਰੀਰ ’ਚ ਹੀ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ। ਇਹ ਕੈਂਪ ਡਾ: ਸੰਦੀਪ ਗੋਇਲ (ਪੀਡੀਆਟਿ੍ਰਕਸ), ਡਾ: ਵਿਕਰਮਜੀਤ ਸਿੰਘ (ਬਾਲ ਰੋਗ), ਡਾ: ਨੇਹਾ ਸਿੰਘ (ਈ.ਐਨ.ਟੀ. ਸਪੈਸ਼ਲਿਸਟ), ਡਾ: ਰੁਤੁਜਾ (ਮੈਡੀਸਨ), ਡਾ: ਵਿਧੀ ਗੋਇਲ ਅਤੇ ਡਾ: ਸਤਵੀਰ ਸਿੰਘ ਦੀ ਅਗਵਾਈ ਹੇਠ ਲਾਇਆ ਗਿਆ। ਕੈਂਪ ਦੌਰਾਨ ਸਮੂਹ ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ ਗਈ। ਜਿਸ ’ਚ ਵਿਦਿਆਰਥੀਆਂ ਦੇ ਅੱਖਾਂ, ਨੱਕ, ਕੰਨ ਆਦਿ ਅੰਗਾਂ ਦੀ ਜਾਂਚ ਕੀਤੀ ਗਈ ਅਤੇ ਉਨਾਂ ਨੂੰ ਸਿਹਤ ਸਬੰਧੀ ਸਹੀ ਸੁਝਾਅ ਵੀ ਦਿੱਤੇ ਗਏ ਕਿ ਅਜੋਕੇ ਸਮੇਂ ਵਿੱਚ ਉਹ ਕਿਸ ਤਰਾਂ ਆਪਣੇ-ਆਪ ਨੂੰ ਰੋਗ ਮੁਕਤ ਰੱਖ ਕੇ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਕਈ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ ਤਾਂ ਜੋ ਉਹ ਸੰਤੁਲਿਤ ਖੁਰਾਕ ਖਾ ਕੇ ਆਪਣੇ-ਆਪ ਨੂੰ ਤੰਦਰੁਸਤ ਰੱਖ ਸਕਣ। ਅੰਤ ਵਿੱਚ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ: ਸੁਰੇਸ਼ ਸ਼ਰਮਾ ਨੇ ਸਮੂਹ ਟੀਮ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ।