ਸੰਗਰੂਰ 18 ਨਵੰਬਰ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੰਜਾਬੀ ਮਾਹ ਦੇ ਅਵਸਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਸੈਨਿਕ ਭਵਨ ਸੰਗਰੂਰ ਵਿਖੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਕੀਤੀ। ਮੁੱਖ ਮਹਿਮਾਨ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਸਨ। ਪ੍ਰਧਾਨਗੀ ਮੰਡਲ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਭਗਵੰਤ ਸਿੰਘ ਤੇ ਅਨੋਖ ਸਿੰਘ ਵਿਰਕ ਸ਼ਾਮਲ ਹੋਏ। ਇਸ ਅਵਸਰ ਤੇ ਏ.ਪੀ. ਸਿੰਘ ਅਸ੍ਰਟੇਲੀਆ ਨੇ ਨਿਰੰਤਰ ਦੋ ਘੰਟੇ ਰਸਭਿੰਨਾ ਸ਼ਬਦ ਗਾਇਨ ਕੀਤਾ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਸਰਮਾਏਦਾਰੀ ਦਾ ਖਾਸਾ ਵਿਵਾਦ ਉਪਰ ਆਧਾਰਤ ਹੈ, ਵਿਵਾਦ ਨਾਲ ਸਭ ਖਤਮ ਹੁੰਦਾ ਹੈ, ਜਦਕਿ ਗੁਰੂ ਦਾ ਸਿਧਾਂਤ ਸੰਵਾਦੀ ਹੈ। ਸੰਵਾਦ ਦੇ ਸਿਧਾਂਤ ਉੱਪਰ ਦੁਨੀਆਂ ਕਾਇਮ ਰਹੇਗੀ।
ਡਾ. ਤੇਜਵੰਤ ਮਾਨ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਉੱਪਰ ਚਰਚਾ ਕਰਨ ਲਈ ਵਧੀਆ ਉਪਰਾਲਾ ਕੀਤਾ ਹੈ। ਸਾਨੂੰ ਸਾਪੇਖੀ ਹੋਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਦੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਅਨੁਸਾਰ ਹੀ ਅੱਜ ਦੁਨੀਆਂ ਆਪਣੇ ਸੰਕਟਾਂ ਚੋਂ ਨਿੱਕਲ ਸਕਦੀ ਹੈ।ਡਾ. ਭਗਵੰਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਲੋਕ ਪੱਖੀ ਤੱਤਾਂ ਨੂੰ ਪ੍ਰਸਤੁਤ ਕੀਤਾ ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਸਮੇਂ ਦੇ ਹਾਕਮਾਂ ਨੂੰ ਕਸਾਈ ਨਾਲ ਤੁਲਨਾ ਦੇ ਕੇ ਬਹੁਤ ਵੱਡਾ ਇਨਕਲਾਬੀ ਕਾਰਜ ਕੀਤਾ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਗੁਰੂ ਨਾਨਕ ਦੇ ਜੀ ਦੀਆਂ ਉਦਾਸੀਆਂ ਦੇ ਸਮਾਜਿਕ ਪਰਿਪੇਖਾਂ ਦੀ ਗੱਲ ਕੀਤੀ।
ਅਨੋਖ ਸਿੰਘ ਵਿਰਕ, ਅਮਰ ਗਰਗ ਕਲਮਦਾਨ, ਕਮਲਜੀਤ ਸਿੰਘ, ਹਰਵਿੰਦਰ ਕੌਰ, ਸੰਦੀਪ ਸਿੰਘ, ਜਗਦੀਪ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਬਾਰੇ ਬਹੁਮੁੱਲੇ ਵਿਚਾਰ ਵਿਅਕਤ ਕੀਤੇ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਬਲਜਿੰਦਰ ਈਲਵਾਲ, ਜੀਤ ਹਰਜੀਤ, ਮੀਤ ਸਕਰੌਦੀ, ਗੁਰਜੰਟ ਸਿੰਘ ਰਾਹੀ, ਗੁਰਨਾਮ ਸਿੰਘ, ਛੱਜੂ ਸਿੰਘ ਸਰਪੰਚ, ਅਮਨਦੀਪ ਕੌਰ, ਲਖਵਿੰਦਰ ਸਿੰਘ, ਚਰਨਜੀਤ ਸਿੰਘ ਨੇ ਬਹੁਤ ਭਾਵਪੂਰਤ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਨਿਹਾਲ ਸਿੰਘ ਦਾ ਸਨਮਾਨ ਕੀਤਾ। ਗੁਰਨਾਮ ਸਿੰਘ ਨੇ ਮੰਚ ਸੰਚਾਲਨਾ ਕੀਤੀ। ਜਗਦੀਪ ਸਿੰਘ ਨੇ ਸਭ ਦਾ ਧੰਨਵਾਦ ਕੀਤਾ ।