64 ਹਜਾਰ ਤੋਂ ਵੱਧ ਵਿਸ਼ੇਸ਼ ਲੋੜਾਂ ਵਾਲੇ (ਅਪਾਹਜ) ਬੱਚੇ ਅੱਜ ਵੀ ਮੁੱਢਲੀ ਸਿੱਖਿਆ ਤੋਂ ਵਾਂਝੇ
ਬੱਚਿਆਂ ਨੂੰ ਪੜਾਉਣ ਲਈ ਸਿਰਫ 386 ਵਿਸ਼ੇਸ਼ ਸਿੱਖਿਆ ਅਧਿਆਪਕ ਨਿਯੁਕਤ
ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਆਪ’ ਸਰਕਾਰ ਦੀ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰਾਂ ਦੀ ਗੱਲ ਅਸਲ ਸੱਚਾਈ ਤੋਂ ਕੋਹਾਂ ਦੂਰ ਦਿਖਾਈ ਦੇ ਰਹੀ ਹੈ। ਆਰ.ਟੀ.ਆਈ. ਰਾਹੀਂ ਮਿਲੀ ਜਾਣਕਾਰੀ ਮੁਤਾਬਕ ਬੇਰੁਜਗਾਰ ਵਿਸ਼ੇਸ਼ ਸਿੱਖਿਆ ਅਧਿਆਪਕ ਯੂਨੀਅਨ ਦੇ ਆਗੂ ਅੰਕੁਸ਼ ਬਜਾਜ ਅਤੇ ਕੋਟਕਪੂਰਾ ਦੇ ਉੱਘੇ ਸਮਾਜਸੇਵੀ ਤੇ ਸਿੱਖਿਆ ਖੇਤਰ ’ਚ ਆਪਣੀ ਭੂਮਿਕਾ ਨਿਭਾਅ ਰਹੇ ਬਲਜੀਤ ਸਿੰਘ ਖੀਵਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 64 ਹਜਾਰ ਤੋਂ ਵੱਧ ਵਿਸ਼ੇਸ਼ ਲੋੜਾਂ ਵਾਲੇ (ਅਪਾਹਜ) ਬੱਚੇ ਅੱਜ ਵੀ ਮੁੱਢਲੀ ਸਿੱਖਿਆ ਤੋਂ ਵਾਂਝੇ ਦਿਖਾਈ ਦੇ ਰਹੇ ਹਨ, ਕਿਉਂਕਿ ਇਨਾਂ ਬੱਚਿਆਂ ਨੂੰ ਪੜਾਉਣ ਲਈ ਸਿਰਫ 386 ਵਿਸ਼ੇਸ਼ ਸਿੱਖਿਆ ਅਧਿਆਪਕ (ਅਸਥਾਈ) ਨਿਯੁਕਤ ਹਨ, ਜਦਕਿ ਆਰ.ਟੀ.ਈ. ਐਕਟ ਸੋਧ 2022 ਵਿੱਚ ਪੰਜਾਬ ਦੇ ਹਰੇਕ ਸਕੂਲ ਵਿੱਚ ਇਕ ਵਿਸ਼ੇਸ਼ ਸਿੱਖਿਆ ਅਧਿਆਪਕ ਹੋਣਾ ਲਾਜਮੀ ਹੈ। ਸਿੱਖਿਆ ਕ੍ਰਾਂਤੀ ਦੇ ਵੱਡੇ ਦਾਅਵੇ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀਆਂ ਦੇ ਖੁਦ ਦੇ ਗੜ ਸੰਗਰੂਰ ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ 2215 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਉਣ ਲਈ ਸਿਰਫ 16 ਵਿਸ਼ੇਸ਼ ਸਿੱਖਿਆ ਅਧਿਆਪਕ ਨਿਯੁਕਤ ਹਨ, ਉੱਥੇ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ਅਨੰਦਪੁਰ ਸਾਹਿਬ ’ਚ 420 ਦਿਵਿਆਂਗ ਬੱਚਿਆਂ ਨੂੰ ਪੜਾਉਣ ਲਈ ਸਿਰਫ 4 ਵਿਸ਼ੇਸ਼ ਸਿੱਖਿਆ ਅਧਿਆਪਕ ਹੀ ਨਿਯੁਕਤ ਹਨ। ਅਪਾਹਜ ਮਾਮਲਿਆਂ ਦੀ ਮੰਤਰੀ ਡਾ: ਬਲਜੀਤ ਕੌਰ ਦੇ ਹਲਕੇ ਮਲੋਟ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ 400 ਦਿਵਿਆਂਗ ਬੱਚਿਆਂ ਨੂੰ ਪੜਾਉਣ ਲਈ ਸਿਰਫ 2 ਵਿਸ਼ੇਸ਼ ਸਿੱਖਿਆ ਅਧਿਆਪਕ ਨਿਯੁਕਤ ਹਨ ਆਰ.ਟੀ.ਆਈ. ਰਾਹੀਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਜਿਲੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਅਤੇ ਅਧਿਆਪਕ ਅਨੁਪਾਤ ਅਨੁਸਾਰ 7330/30, ਬਠਿੰਡਾ 4425/20, ਫਾਜਲਿਕਾ ’ਚ 2995/18, ਫਿਰੋਜਪੁਰ ’ਚ 2806/18, ਜਲੰਧਰ ’ਚ 2568/18, ਤਰਨਤਾਰਨ ’ਚ 2316/6, ਗੁਰਦਾਸਪੁਰ ’ਚ 2300/7, ਮੋਗਾ ’ਚ 2056/15, ਸ਼੍ਰੀ ਮੁਕਤਸਰ ਸਾਹਿਬ ’ਚ 2107/17, ਫਰੀਦਕੋਟ ’ਚ 2016/7, ਸ਼੍ਰੀ ਫਤਹਿਗੜ ਸਾਹਿਬ ਵਿੱਚ 1649/14, ਰੂਪਨਗਰ ’ਚ 1472/16, ਕਪੂਰਥਲਾ ’ਚ 1416/8, ਐੱਸ.ਏ.ਐੱਸ. ਨਗਰ ਮੁਹਾਲੀ ਵਿੱਚ 1408/23, ਮਾਨਸਾ ’ਚ 1179/3, ਬਰਨਾਲਾ ’ਚ 957/7, ਮਲੇਰਕੋਟਲਾ ਵਿੱਚ 859/5 ਅਤੇ ਜਿਲਾ ਪਠਾਨਕੋਟ ’ਚ 824 ਬੱਚਿਆਂ ਦੇ ਮੁਕਾਬਲੇ 9 ਅਧਿਆਪਕ ਹੀ ਹਨ। ਉਹਨਾਂ ਦੱਸਿਆ ਕਿ ਜੇਕਰ ‘ਆਪ’ ਸਰਕਾਰ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਅਧਿਆਪਕਾਂ ਦੀ ਭਰਤੀ ਨਹੀਂ ਕਰਦੀ ਤਾਂ ਯੂਨੀਅਨ ਵਲੋਂ ਵੱਡੇ ਪੱਧਰ ’ਤੇ ਰੋਸ ਪ੍ਰਦਰਸਨ ਕੀਤਾ ਜਾਵੇਗਾ।