ਬਿੰਦੀ ਅਤੇ ਮਾਂਗ ਵਿਚ ਰਖ ਲਏ ਨੇ ਚਾਅ |
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |
ਠੰਡੀਆਂ ਹਵਾਵਾਂ ਵਿੱਚ ਉਮੰਗ ਤੇ ਪ੍ਰੀਤ ਹੈ |
ਟਹਿਣੀਆਂ ਦੇ ਫੱੁਲਾਂ ਵਿਚ ਖ਼ੁਸ਼ਬੂ ਦਾ ਗੀਤ ਹੈ |
ਹਉਕਾ ਸਾਹਾਂ ਵਾਲਾ ਗਿਆ ਤਰਸਾਅ |
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |
ਬੱਦਲਾਂ ਦੇ ਝੁੰਡ ਵਿਚ ਬਿਜਲੀ ਦੀ ਲੀਕ ਹੈ |
ਅੱਖਾਂ ਦੀ ਲਾਲੀ ਵਿਚ ਤੇਰੀ ਹੀ ਉਡੀਕ ਹੈ |
ਬੁੱਲਾ ਯਾਦਾਂ ਵਾਲਾ ਗਿਆ ਤੜਪਾ |
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |
ਅੱਖੀਆਂ ‘ਚ ਖਿੜ੍ਹ ਗਏ ਗੁਲਾਬ ਸੂਹੇ-ਸੂਹੇ ਵੇ |
ਤਨ ਉਤੇ ਉਕਰੇ ਸ਼ਬਾਬ ਸੂਹੇ-ਸੂਹੇ ਵੇ |
ਆਸਾਂ ਟੁੱਟੀਆਂ ਨੂੰ ਆ ਕੇ ਸੁਲਝਾ |
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |
ਸੱਤ ਰੰਗੀ ਪੀਂਘ ਨੇ ਪੁਆੜੇ ਪਾ ਦਿੱਤੇ ਨੇ |
ਉਡੀਕ ਤੇਰੀ ਵਾਲੇ ਰੰਗ ਗਾੜੇ ਪਾ ਦਿੱਤੇ ਨੇ |
ਧੁੱਪਾਂ ਛਾਵਾਂ ਵਿਚ ਦਿਲ ਜਾਵੇ ਘਬਰਾ |
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |
ਲੱਗੇ ਨੇ ਚੁਮਾਸੇ ਅਤੇ ਰੁੱਤਾਂ ਕੰਡਿਆਲੀਆਂ |
ਖੇਤਾਂ ਲਈ ਤਾਂ ਇਹ ਰੁੱਤਾਂ ਕਰਮਾਂ ਨੇ ਵਾਲੀਆਂ |
ਫ਼ਸਲਾਂ ਦੇ ਰੂਪ ਵਿਚ ਸੋਨੇ ਜਿਹਾ ਭਾਹ
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |
ਬਾਪੂ ਕਹਿੰਦਾ ਪੱਗ ਵਾਲੀ ਰੱਖ ਲਈ ਤੂੰ ਲਾਜ ਵੇ |
ਸੱਪਾਂ ਦੀਆਂ ਸਿਰੀਆਂ ਤੂੰ ਸੁੱਟੀਂ ਪਾੜ-ਪਾੜ ਵੇ |
ਤੈਨੂੰ ਦਿੱਤੀਆਂ ਦੁਆਵਾਂ ਲੱਖਾਂ ਜਾ |
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |
ਕਰ ਸਰਹੱਦਾਂ ਦੀ ਤੂੰ ਰਾਖੀ ਦਿਲ ਜਾਨੀਆਂ |
ਡਰ ਨਾ ਤੂੰ ਜਾਣੀਂ ਦੇ ਦਈ ਕੁਰਬਾਨੀਆਂ |
ਤੇਰੇ ਪੁੱਤ ਨੂੰ ਵੀਂ ਫੌਜ ਦਾ ਹੈ ਚਾਅ |
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |
‘ਬਾਲਮ’ ਦੇ ਇਕ ਗੱਲ ਦਿਲ ਵਿਚ ਰੱਖ ਲੈ |
ਤਾਜ਼ਾ ਸੋਹਣਾ ਸ਼ਹਿਦ ਘਰ ਆ ਕੇ ਤੂੰ ਚੱਖ ਲੈ |
ਆਪਾਂ ਦੋਵੇਂ ਤੈਨੂੰ ਦਿੰਦੇ ਹਾਂ ਸਲਾਹ |
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409