ਸਤਿਗੁਰ ਨਾਨਕ ਪ੍ਰਗਟਿਆ,ਮਿਟੀ ਧੁੰਧੁ ਜਗਿ ਚਾਨਣੁ ਹੋਆ।।
ਜਿਉਂ ਕਰ ਸੂਰਜੁ ਨਿਕਲਿਆ,ਤਾਰੇ ਛਪੇ ਅੰਧੇਰੁ ਪਲੋਆ
( ਵਾਰ 1, ਪਾਉੜੀ 27)
ਭਾਈ ਗੁਰਦਾਸ ਜੀ ਦੀ ਬਾਣੀ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ਼ ਸੰਸਾਰ ਵਿੱਚ ਫ਼ੈਲਿਆ ਅਗਿਆਨਤਾ ਰੂਪੀ ਹਨੇਰਾ ਦੂਰ ਹੋ ਗਿਆ।ਇਸ ਤਰ੍ਹਾਂ ਸਤਿਗੁਰੂ ਕਲਯੁਗ ਵਿੱਚ ਪ੍ਰਗਟਿਆ।ਜੋ ਸੰਸਾਰ ਨੂੰ ਤਾਰਨ ਦੇ ਲਈ ਇਸ ਜਗਤ ਵਿੱਚ ਆਏ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਪਿਤਾ ਸ੍ਰੀ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਦੇਵੀ ਦੀ ਕੁੱਖੋਂ ਰਾਏ ਭੋਇੰ ਦੀ ਤਲਵੰਡੀ ਨਨਕਾਣਾ ਸਾਹਿਬ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੋਇਆ। ਜਿੱਥੇ ਬਚਪਨ ਵਿੱਚ ਹੀ ਆਪ ਜੀ ਨੇ ਆਪਣੀ ਵਿਲੱਖਣ ਬੁੱਧੀ ਦੇ ਸਦਕਾ ਵੱਡੇ ਵੱਡੇ ਗੁਣੀ ਗਿਆਨੀ ਮਹਾਂਪੁਰਖਾਂ ਨੂੰ ਪ੍ਰਵਚਨਾਂ ਰਾਹੀਂ ਪ੍ਰਸੰਨ ਕੀਤਾ। ਉੱਥੇ ਹੀ ਆਪ ਜੀ ਨੇ ਚੌਂਹ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ।
ਆਪ ਜੀ ਨੇ ਆਪਣੇ ਜੀਵਨ ਵਿੱਚ ਹਮੇਸ਼ਾ ਦੂਰ ਅੰਦੇਸ਼ੀ ਦੇ ਨਾਲ ਹੀ ਸੋਚਿਆ ਜਿਸ ਦੀ ਮਿਸਾਲ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਇੱਕ ਅਜਿਹੀ ਪ੍ਰਿਤ ਪਾਈ ਕਿ ਅੱਜ ਵੀ ਜਿਉਂ ਦੀ ਤਿਉਂ ਬਰਕਰਾਰ ਹੈ ਆਪ ਜੀ ਨੇ ਆਪਣੇ ਜੀ ਨੇ ਦੁਨੀਆ ਨੂੰ ਜੋ ਵੀ ਉਪਦੇਸ਼ ਦਿੱਤਾ ਉਹ ਹਮੇਸ਼ਾ ਤਰਕ ਤੇ ਦਲੀਲ ਨਾਲ ਦਿੱਤਾ।ਭੁੱਲੇ ਭਟਕਿਆ ਨੂੰ ਕੁਰਾਹੇ ਤੋਂ ਰਾਹੇ ਪਾਉਣ ਲਈ ਹਮੇਸ਼ਾ ਆਪਣੇ ਵਿਚਾਰ ਬੜੇ ਸਹਿਜ ਸੁਭਾਅ ਅਤੇ ਦ੍ਰਿੜਤਾ ਨਾਲ਼ ਰੱਖੇ। ਜਿਸ ਕਰਕੇ ਸਾਹਮਣੇ ਵਾਲ਼ਾ ਨਿਰਉੱਤਰ ਹੋ ਜਾਂਦਾ। ਆਪ ਦਾ ਮੁਰੀਦ ਹੋ ਜਾਂਦਾ।
ਆਪ ਜੀ ਨੇ ਦੁਨੀਆ ਨੂੰ ਕੇਵਲ ਭਗਤੀ ਦੇ ਮਾਰਗ ਨਾਲ਼ ਹੀ ਨਹੀਂ ਜੋੜਿਆ ਸਗੋਂ ਉਨ੍ਹਾਂ ਨੂੰ ਕੁਦਰਤ ਅਤੇ ਕਾਦਰ ਵੱਲੋਂ ਬਖਸ਼ੇ ਸਾਹਾਂ ਰੂਪੀ ਖ਼ਜ਼ਾਨੇ ਨੂੰ ਸੰਭਾਲਣ ਲਈ ਲੋੜੀਂਦੀ ਸਾਧਨਾਂ ਨੂੰ ਸੰਭਾਲਣ ਲਈ ਹੋਕਾ ਦਿੱਤਾ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।।
(ਬਾਣੀ ਜਪੁਜੀ ਸਾਹਿਬ ਪੰਨਾ
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ।।
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।
ਆਪ ਜੀ ਨੇ ਆਪਣੀ ਬਾਣੀ ਰਾਹੀਂ ਜਿੱਥੇ ਲੋਕਾਂ ਨੂੰ ਆਪਸੀ ਭਾਈਚਾਰੇ, ਹੱਥੀਂ ਕਿਰਤ ਕਰੋ, ਨਾਮ ਜਪੋ, ਵੰਡ ਛੱਕੋ ਦਾ ਉਪਦੇਸ਼ ਦਿੱਤਾ ਉੱਥੇ ਹੀ ਸਮਾਜ ਵਿੱਚ ਔਰਤ/ਇਸਤਰੀ ਜਾਤੀ ਨਾਲ਼ ਹੋ ਰਹੀ ਨਾ ਬਰਾਬਰੀ ਦੇ ਵਿਰੁੱਧ ਆਪਣੀ ਅਵਾਜ਼ ਬੁਲੰਦ ਕੀਤੀ ਔਰਤ ਦੇ ਸਨਮਾਨ/ਹੱਕ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
(ਵਾਰ ਆਸਾ ਮਹਲਾ ੧ )
ਗੁਰੂ ਨਾਨਕ ਦੇਵ ਜੀ ਇੱਕ ਮਹਾਨ ਉਹਨਾਂ ਨੇ ਦੱਬੇ -ਕੁਚਲੇ਼ ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾਈ। ਬਿਨਾਂ ਕਿਸੇ ਭੇਦ ਭਾਵ ਤੋਂ ਉਪਦੇਸ਼ ਦਿੱਤਾ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।
ਗੁਰੂ ਜੀ ਦਾ ਉਪਦੇਸ਼ ਕਿਸੇ ਇੱਕ ਫਿਰਕੇ ਜਾਂ ਜਾਤ ਦੇ ਲੋਕਾਂ ਲਈ ਨਹੀਂ ਸਗੋਂ ਉਨ੍ਹਾਂ ਦਾ ਦਾ ਉਪਦੇਸ਼ ਸਗੋਂ ਸਭ ਲਈ ਸਾਂਝਾ ਹੈ।ਪਰ ਅੱਜ ਕੱਲ੍ਹ ਅਸੀਂ ਉਨ੍ਹਾਂ ਦੇ ਉਪਦੇਸ਼ ਅਤੇ ਬਾਣੀ ਨੂੰ ਭੁੱਲਦੇ ਜਾ ਰਹੇ ਹਾਂ ਜਿਨ੍ਹਾਂ ਵਹਿਮਾਂ ਭਰਮਾਂ ਤੋਂ ਮੁਕਤ ਕਰਨ ਲਈ ਉਨ੍ਹਾਂ ਨੇ ਆਪਣੀਆਂ ਚਾਰ ਉਦਾਸੀਆਂ ਕੀਤੀਆਂ।ਸਿੱਧ ਗੋਸ਼ਟਿ,ਤਰਕ ਵਿਤਰਕ,ਭੁੱਲੇ ਭਟਕਿਆ ਨੂੰ ਸੱਚ ਦਾ ਰਾਹ ਦਿਖਾਇਆ। ਅਤੇ ਇੱਕ ਸ਼ਾਇਰ ਦੇ ਅਨੁਸਾਰ;
ਬੁਰੇ ਨਾਲ਼ ਸਭ ਬੁਰਾ ਕਰੇਂਦੇ, ਮੁਆਫ਼ ਕਰਨ ਕਈ ਸਿਆਣੇ,
ਬੁਰਿਆਂ ਨਾਲ਼ ਕਿੰਝ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੈ।
ਬੁਰਿਆਂ ਦੇ ਨਾਲ਼ ਨੇਕੀ ਕੀਤੀ, ਚੋਰਾਂ, ਠੱਗਾਂ ਨੂੰ,ਕਾਮੀ ਕਰੋਧੀਆਂ ਨੂੰ ਸੱਚ ਦਾ ਮਾਰਗ ਬਿਨਾਂ ਕਿਸੇ ਪਾਖੰਡ, ਬਿਨਾਂ ਕਿਸੇ ਚਮਤਕਾਰ, ਬਿਨਾਂ ਕਿਸੇ ਕੋਈ ਕੌਤਕ ਰਚਾਇਆਂ ਉਨ੍ਹਾਂ ਨੂੰ ਸਿੱਧੇ ਰਸਤੇ ਪਾਇਆ। ਆਪਣੇ ਗਿਆਨ,ਸੂਝ,ਤੀਖਣ ਬੁੱਧੀ ਖੰਡ ਬ੍ਰਹਿਮੰਡ ਦੀ ਜਾਣਕਾਰੀ, ਨਿਰਮਲਤਾ, ਕੋਮਲਤਾ ਸੂਖਮਤਾ ਅਤੇ ਸਹਿਜਤਾ ਦੇ ਨਾਲ਼। ਅੱਜ ਅਸੀਂ ਉਨ੍ਹਾਂ ਹੀ ਪਾਖੰਡਵਾਦ, ਅਧਰਮੀ,ਕਾਮੀ ਕ੍ਰੋਧੀ,ਹੋ ਚੁੱਕੇ ਹਾਂ।ਸੋ ਲੋੜ ਹੈ ਸਾਨੂੰ ਉਨ੍ਹਾਂ ਦੇ ਬਾਣੇ ਦੀ ਥਾਂ ਬਾਣੀ ਦੇ ਧਾਰਨੀ ਹੋਣ ਦੀ। ਨਹੀਂ ਤਾਂ ਸਾਡੀ ਹਾਲਤ ਮਨ ਖੋਟੇ ਤਨ ਚੋਰਟਿਆਂ ਵਾਲ਼ੀ ਹੋ ਜਾਣੀ ਹੈ।
ਨਾਵਣੁ ਚੱਲੇ ਤੀਰਥਿ ਮਨ ਖੋਟੇ ਤਨਿ ਚੋਰੁ।।
( ਰਾਗੁ ਸੂਹੀ)
ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1
ਆਫ਼ਿਸਰ ਕਾਲੋਨੀ
ਸੰਗਰੂਰ 148001
9872299613
Leave a Comment
Your email address will not be published. Required fields are marked with *