ਕਿਸਾਨ ਮਜ਼ਦੂਰ ਸੜਕਾਂ ਤੇ ਰੁਲਦੇ,
ਲੀਡਰਾਂ ਨੂੰ ਹਨ ਕੁਰਸੀਆਂ ਦਿੱਸ ਦੀਆਂ।
ਮੁਰਗ਼ੇ ਤਾਂ ਰੰਗ ਬਰੰਗੇ ਨੇ,
ਪਰ ਬਾਂਗਾਂ ਇੱਕੋ ਜਿਹੀਆਂ।
ਪੰਜ ਸਾਲ ਨੇ ਮੌਜਾਂ ਕਰਦੇ,
ਕਦੇ ਕਿਸੇ ਦਾ ਕੁਝ ਨਾ ਦੁੱਖਦਾ ਏ।
ਜਦੋਂ ਟਿਕਟ ਮਿਲਦੀ ਦਿਸਦੀ ਨਾ,
ਕਹਿੰਦੇ ਪਾਰਟੀ’ਚ ਸਾਹ ਘੁੱਟਦਾ ਏ।
ਸਾਮ ਨੂੰ ਹੱਥ ਵਿੱਚ ਪੰਜੇ ਵਾਲਾ ਝੰਡਾ,
ਸਵੇਰ ਨੂੰ ਆਵਣ ਮਹਿਕਾਂ ਫੁੱਲ ਦੀਆਂ।
ਮੁਰਗ਼ੇ ਤਾਂ ਰੰਗ ਬਰੰਗੇ ਨੇ,
ਪਰ ਬਾਂਗਾਂ ਇੱਕੋ ਜਿਹੀਆਂ।
ਲੋਕ ਹੁਣ ਜਾਗ ਪਏ ਨੇ,
ਪੁੱਛਦੇ ਨੇ ਸਵਾਲ ਵੱਡੇ ਕਲਾਕਾਰਾਂ ਨੂੰ।
ਭੱਜ ਕੇ ਗੱਡੀ ਵਿੱਚ ਜਾ ਵੜਦੇ,
ਜਦੋਂ ਆਉਂਦਾ ਨਹੀਂ ਜਵਾਬ ਗ਼ੱਦਾਰਾਂ ਨੂੰ।
ਵੋਟਾਂ ਤੋਂ ਬਾਅਦ ਇਨ੍ਹਾਂ ਲੱਭਣਾ ਨਹੀਂ,
ਕੀ ਗੱਲਾਂ ਰਹਿ ਗਈਆਂ ਕਹਿਣ ਦੀਆਂ।
ਮੁਰਗ਼ੇ ਤਾਂ ਰੰਗ ਬਰੰਗੇ ਨੇ,
ਪਰ ਬਾਂਗਾਂ ਇੱਕੋ ਜਿਹੀਆਂ।
ਪੰਜਾਬੀਆਂ ਲਈ ਬੰਦ ਕਰ ਦਿੱਤੇ ਬਾਡਰ,
ਦਿੱਲੀ ਵੱਲ ਜਾਣਾ ਹੋ ਗਿਆ ਔਖਾ ਏ।
ਧਿਆਨ ਨਾਲ ਪਾਇਓ ਵੋਟਾਂ ਓ ਲੋਕੋ,
ਫਿਰ ਨਾ ਕਹਿਣਾ ਹੋ ਗਿਆ ਧੋਖਾ ਏ।
ਫਿਰ ਪਛਤਾਇਆ ਕੁਝ ਨਹੀ ਬਣਨਾ,
ਦਿਲ ਦੀਆਂ ਦਿਲ ਵਿੱਚ ਰਹਿਣਗੀਆਂ।
ਮੁਰਗ਼ੇ ਤਾਂ ਰੰਗ ਬਰੰਗੇ ਨੇ,
ਪਰ ਬਾਂਗਾਂ ਇੱਕੋ ਜਿਹੀਆਂ।
ਸ਼ਰਮ ਹਯਾ ਦੀ ਗੱਲ ਨਾ ਕੋਈ,
ਇੱਕੋ ਤੱਕੜੀ ਦੇ ਨੇ ਚੱਟੇ ਵੱਟੇ।
ਜਿੱਧਰੋਂ ਵੀ ਟਿਕਟ ਦੀ ਆਸ ਹੈ ਹੁੰਦੀ,
ਓਧਰ ਨੂੰ ਹੀ ਸਾਰੇ ਜਾਂਦੇ ਨੱਠੇ।
ਕਈਆਂ ਨੂੰ ਕੌੜੀਆਂ ਲੱਗਣੀਆਂ ਨੇ,
ਜੋ “ਲੰਢੇ ਵਾਲੇ” ਨੇ ਹਨ ਸੱਚ ਕਹੀਆਂ।
ਮੁਰਗ਼ੇ ਤਾਂ ਰੰਗ ਬਰੰਗੇ ਨੇ,
ਪਰ ਬਾਂਗਾਂ ਇੱਕੋ ਜਿਹੀਆਂ।
ਸਾਧੂ ਸਿੰਘ ਝੱਜ
ਸਿਆਟਲ (ਯੂ ਐਸ਼ ਏ)
ਅਪ੍ਰੈਲ 9,2024