ਅੱਗ ਲੱਗੇ ਤੇਰੀ ਬਰਸਾਤ ਨੂੰ।
ਮੈਂ ਨਈ ਆਉਣਾ ਅੱਧੀ ਰਾਤ ਨੂੰ।
ਵੇਖਾਂਗੀ ਲਾ ਕੇ ਅੰਦਾਜ਼ੇ।
ਆ ਜਾਊਂ ਫਿਰ ਢੋਹ ਕੇ ਦਰਵਾਜ਼ੇ।
ਚੜ ਜਾਊ ਸੂਰਜ ਪ੍ਰਭਾਤ ਨੂੰ।
ਮੈਂ ਨਈ ਆਉਣਾ ਅੱਧੀ ਰਾਤ ਨੂੰ।
ਮੌਸਮ ਵੀ ਅੱਜ ਦਿਲਜਾਨੀਆਂ।
ਕਰਦਾ ਹੈ ਕਿੰਝ ਬੇਈਮਾਨੀਆਂ।
ਦੇਰੀ ਲਾਵੇਂਗਾ ਗਲਬਾਤ ਨੂੰ।
ਮੈਂ ਨਈ ਆਉਣਾ ਅੱਧੀ ਰਾਤ ਨੂੰ।
ਲੋਕਾਂ ਦੀਆਂ ਨਜ਼ਰਾਂ ਮਾੜੀਆਂ।
ਹੱਸ-ਹੱਸ ਮਾਰਨ ਵੇ ਤਾੜੀਆਂ।
ਫੇਰ ਕਿਤੇ ਦੇਵੀਂ ਸੌਗਾਤ ਨੂੰ।
ਮੈਂ ਨਈ ਆਉਣਾ ਅੱਧੀ ਰਾਤ ਨੂੰ।
ਕਾਹਲੀਆਂ ਦੇ ਵਿਚ ਬਰਬਾਦੀਆਂ।
ਮੁੱਕ ਜਾਣੀਆਂ ਫਿਰ ਆਜ਼ਾਦੀਆਂ।
ਵੱਸ ਕਰਕੇ ਤੂੰ ਰੱਖ ਜਜ਼ਬਾਤ ਨੂੰ।
ਮੈਂ ਨਈ ਆਉਣਾ ਅੱਧੀ ਰਾਤ ਨੂੰ।
ਆਖੀਂ ਮੇਰੇ ਵਲ ਤੱਕੇ ਨਾ।
ਨਜ਼ਰਾਂ ਉਹ ਭੈੜੀਆਂ ਰੱਖੇ ਨਾ।
ਬੱਦਲਾਂ ’ਚ ਚੰਨ ਵਾਲੀ ਝਾਤ ਨੂੰ।
ਮੈਂ ਨਈ ਆਉਣਾ ਅੱਧੀ ਰਾਤ ਨੂੰ।
ਤੇਰੇ ਉੱਤੋਂ ਦਿਲ ਕੁਰਬਾਨ ਵੇ।
ਬਾਲਮ ਮੰਗੇ ਦੇਵਾਂ ਜਾਨ ਵੇ।
ਖੰਭ ਲੱਗਣ ਨਾ ਫਿਰ ਔਕਾਤ ਨੂੰ।
ਮੈਂ ਨਈ ਆਉਣਾ ਅੱਧੀ ਰਾਤ ਨੂੰ।
ਬਲਵਿੰਦਰ ਬਾਲਮ ਗੁਰਦਾਸਪੁਰ
ਓਕਾਂਰ ਨਗਰ ਗੁਰਦਾਸਪੁਰ (ਪੰਜਾਬ)
9815625409