ਭਾਰਤ ਦੀ ਜੰਗੇ- ਆਜ਼ਾਦੀ ਵਿੱਚ ਪੰਜਾਬ ਦੇ ਦੇਸ਼ਭਗਤਾਂ ਨੇ ਸਭ ਤੋਂ ਵੱਧ ਹਿੱਸਾ ਪਾਇਆ ਹੈ। ਇਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ ਜਿਹੇ ਨੌਜਵਾਨਾਂ ਦਾ ਜ਼ਿਕਰਯੋਗ ਨਾਂ ਹੈ। ਅਜਿਹੇ ਹੀ ਜਾਂਬਾਜ਼ ਸੂਰਮਿਆਂ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਂ ਵੀ ਪੇਸ਼- ਪੇਸ਼ ਹੈ।
ਕ੍ਰਾਂਤੀਕਾਰੀ ਦੇਸ਼ਭਗਤ ਊਧਮ ਸਿੰਘ ਦਾ ਮੁੱਢਲਾ ਨਾਂ ਸ਼ੇਰ ਸਿੰਘ ਸੀ। ਉਸ ਦਾ ਜਨਮ 26 ਦਸੰਬਰ 1899 ਈ. ਨੂੰ ਮੌਜੂਦਾ ਸੰਗਰੂਰ ਜ਼ਿਲੇ ਦੇ ਪ੍ਰਸਿੱਧ ਸ਼ਹਿਰ ਸੁਨਾਮ (ਜੋ ਸੰਗਰੂਰ ਤੋਂ ਬਾਰਾਂ ਕਿਲੋਮੀਟਰ ਦੀ ਦੂਰੀ ਤੇ ਹੈ), ਵਿਖੇ ਪਿਤਾ ਸ. ਟਹਿਲ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਕੰਬੋਜ ਘਰਾਣੇ ਵਿੱਚ ਹੋਇਆ। ਉਸ ਦੇ ਪਿਤਾ ਪਿੰਡ ਉਪਲੀ ਦੇ ਇੱਕ ਰੇਲਵੇ ਫਾਟਕ ਤੇ ਚੌਕੀਦਾਰ ਵਜੋਂ ਕੰਮ ਕਰਦੇ ਸਨ।
ਸ਼ੇਰ ਸਿੰਘ ਅਜੇ ਸੱਤ ਸਾਲ ਦਾ ਹੀ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ। ਸ਼ੇਰ ਸਿੰਘ ਦੀ ਪਰਵਰਿਸ਼ ਆਪਣੇ ਵੱਡੇ ਭਰਾ ਮੁਕਤਾ ਸਿੰਘ ਸਮੇਤ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਯਤੀਮਖਾਨਾ ਪੁਤਲੀਘਰ ਵਿਖੇ ਹੋਈ। ਸਿੱਖ ਰਵਾਇਤਾਂ ਮੁਤਾਬਕ ਦੋਹਾਂ ਭਰਾਵਾਂ ਨੂੰ ਨਵੇਂ ਨਾਂ ਊਧਮ ਸਿੰਘ (ਸ਼ੇਰ ਸਿੰਘ) ਅਤੇ ਸਾਧੂ ਸਿੰਘ (ਮੁਕਤਾ ਸਿੰਘ) ਦਿੱਤੇ ਗਏ। 1917 ਵਿੱਚ ਊਧਮ ਸਿੰਘ ਦੇ ਭਰਾ ਦਾ ਵੀ ਦਿਹਾਂਤ ਹੋ ਗਿਆ, ਜਿਸ ਕਾਰਨ ਉਹ ਦੁਨੀਆਂ ਵਿੱਚ ਬਿਲਕੁਲ ਇਕੱਲਾ ਰਹਿ ਗਿਆ।
1918 ਵਿੱਚ ਮੈਟ੍ਰਿਕ ਪਾਸ ਕਰਨ ਪਿੱਛੋਂ ਊਧਮ ਸਿੰਘ ਨੇ ਯਤੀਮਖਾਨਾ ਛੱਡ ਦਿੱਤਾ। 10 ਅਪ੍ਰੈਲ1919 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਤਿਆਪਾਲ ਅਤੇ ਸੈਫੂਦੀਨ ਕਿਚਲੂ ਨੂੰ ਕੁਝ ਸਥਾਨਕ ਆਗੂਆਂ ਸਮੇਤ ਰੋਲਟ ਐਕਟ ਅਧੀਨ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੇ ਰੋਸ ਵਜੋਂ 13 ਅਪ੍ਰੈਲ 1919 ਨੂੰ ਵੀਹ ਹਜ਼ਾਰ ਤੋਂ ਵਧੇਰੇ ਲੋਕ ਗ੍ਰਿਫਤਾਰੀ ਦੇ ਵਿਰੁੱਧ ਜੱਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ। ਊਧਮ ਸਿੰਘ ਆਪਣੇ ਕੁਝ ਮਿੱਤਰਾਂ ਨਾਲ ਇੱਥੇ ਇਕੱਠੇ ਹੋਏ ਲੋਕਾਂ ਨੂੰ ਪਾਣੀ ਪਿਆ ਰਿਹਾ ਸੀ। ਅਚਾਨਕ ਜਨਰਲ ਆਰ.ਈ.ਐਚ. ਡਾਇਰ ਨੇ ਇੱਥੇ ਮੌਜੂਦ ਲੋਕਾਂ ਉੱਤੇ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਗ ‘ਚੋਂ ਬਾਹਰ ਜਾਣ ਦੇ ਇੱਕੋ ਇੱਕ ਰਸਤੇ ਉੱਤੇ ਪੁਲੀਸ ਦਾ ਕਬਜ਼ਾ ਸੀ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ ਜਾਨਾਂ ਬਚਾਉਣ ਲਈ ਉੱਥੇ ਮੌਜੂਦ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਇੱਕ ਅੰਦਾਜ਼ੇ ਮੁਤਾਬਕ ਇਸ ਹੱਤਿਆਕਾਂਡ ਵਿੱਚ 1500 ਲੋਕ ਮਾਰੇ ਗਏ ਅਤੇ 1200 ਜ਼ਖਮੀ ਹੋਏ। ਇਸ ਭਿਆਨਕ ਦ੍ਰਿਸ਼ ਨੂੰ ਊਧਮ ਸਿੰਘ ਨੇ ਆਪਣੇ ਅੱਖੀਂ ਵੇਖਿਆ ਸੀ ਤੇ ਉਹ ਕਿਵੇਂ ਨਾ ਕਿਵੇਂ ਬਚ ਗਿਆ ਸੀ।
ਊਧਮ ਸਿੰਘ ਉੱਤੇ ਇਸ ਦਰਦਨਾਕ ਸਾਕੇ ਦਾ ਡੂੰਘਾ ਪ੍ਰਭਾਵ ਪਿਆ। ਉਸ ਸਮੇਂ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੇ ਇਸ ਖੂਨੀ ਕਾਂਡ ਨੂੰ ਜਾਇਜ਼ ਠਹਿਰਾਇਆ, ਜਿਸ ਕਰਕੇ ਊਧਮ ਸਿੰਘ ਇਸ ਕਾਰੇ ਲਈ ਓਡਵਾਇਰ ਨੂੰ ਹੀ ਜ਼ਿੰਮੇਵਾਰ ਸਮਝਦਾ ਸੀ।
ਇਸ ਘਟਨਾ ਦੇ ਪ੍ਰਤੀਕਰਮ ਵਜੋਂ ਊਧਮ ਸਿੰਘ ਨੇ ਕ੍ਰਾਂਤੀਕਾਰੀ ਰਾਜਨੀਤੀ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਉਹ ਭਗਤ ਸਿੰਘ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਇਆ।1924 ਵਿੱਚ ਉਹ ਵਿਦੇਸ਼ ਵਿੱਚ ਸਥਾਪਿਤ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਗਿਆ। ਪਰ 1927 ਵਿੱਚ ਭਗਤ ਸਿੰਘ ਦੇ ਕਹਿਣ ਤੇ ਵਾਪਸ ਭਾਰਤ ਮੁੜ ਆਇਆ। ਉਦੋਂ ਉਸ ਕੋਲ 25 ਸਰਗਰਮ ਮੈਂਬਰਾਂ ਸਮੇਤ ਕੁਝ ਗੋਲੀ- ਸਿੱਕਾ ਵੀ ਮੌਜੂਦ ਸੀ। ਬ੍ਰਿਟਿਸ਼ ਹਕੂਮਤ ਨੇ ਉਸ ਨੂੰ ਗ਼ੈਰ- ਲਾਇਸੈਂਸੀ ਹਥਿਆਰ ਰੱਖਣ ਦੇ ਜੁਰਮ ਵਿੱਚ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਗ਼ਦਰ ਪਾਰਟੀ ਦੀ ਜ਼ਬਤਸ਼ੁਦਾ ਪੱਤਰਿਕਾ ‘ਗ਼ਦਰ ਦੀ ਗੂੰਜ’, ਰਿਵਾਲਵਰ ਅਤੇ ਕਾਰਤੂਸ ਬਰਾਮਦ ਹੋਏ। ਉਸ ਉੱਤੇ ਮੁਕੱਦਮਾ ਚੱਲਿਆ ਅਤੇ ਉਸ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ।
1931 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਪਿੱਛੋਂ ਊਧਮ ਸਿੰਘ ਦੀਆਂ ਗਤੀਵਿਧੀਆਂ ਉੱਤੇ ਪੁਲੀਸ ਵੱਲੋਂ ਨਿਗਰਾਨੀ ਰੱਖੀ ਜਾਣ ਲੱਗੀ। ਉਹ ਪਹਿਲਾਂ ਆਪਣੇ ਜਨਮ- ਸਥਾਨ ਸੁਨਾਮ ਗਿਆ, ਪਰ ਸਥਾਨਕ ਪੁਲੀਸ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਕਰਕੇ ਉਹ ਅੰਮ੍ਰਿਤਸਰ ਚਲਾ ਗਿਆ, ਜਿਥੇ ਉਸ ਨੇ ਇੱਕ ਪੇਂਟਰ ਵਜੋਂ ਦੁਕਾਨ ਖੋਲ੍ਹ ਲਈ। ਦੁਕਾਨ ਉੱਤੇ ਉਹਦਾ ਨਾਂ ‘ਰਾਮ ਮੁਹੰਮਦ ਸਿੰਘ ਆਜ਼ਾਦ’ ਲਿਖਿਆ ਹੋਇਆ ਸੀ। ਇਸ ਵੱਖਰੇ ਨਾਂ ਵਿੱਚ ਭਾਰਤ ਦੇ ਸਭ ਧਰਮਾਂ ਦੇ ਲੋਕਾਂ ਅਤੇ ਉਨ੍ਹਾਂ ਦੀ ਰਾਜਸੀ ਆਜ਼ਾਦੀ ਲਈ ਸੰਘਰਸ਼ ਦੀ ਭਾਵਨਾ ਛੁਪੀ ਹੋਈ ਸੀ।
ਉਹ ਪੁਲਿਸ ਤੋਂ ਬਚ ਕੇ ਪਹਿਲਾਂ ਕੁਝ ਮਹੀਨੇ ਕਸ਼ਮੀਰ ਰਿਹਾ, ਫਿਰ ਜਰਮਨੀ ਖਿਸਕਣ ਵਿਚ ਸਫਲ ਹੋ ਗਿਆ। 1934 ਵਿੱਚ ਉਹ ਲੰਡਨ ਪਹੁੰਚ ਗਿਆ, ਜਿੱਥੇ ਉਹ ਆਪਣੇ ਗੁਪਤ ਨਾਂ ਵਿੱਚ ਵਿਚਰਦਾ ਰਿਹਾ ਅਤੇ ਮਾਈਕਲ ਓਡਵਾਇਰ ਨੂੰ ਸੋਧਣ ਦੀ ਯੋਜਨਾ ਬਣਾਉਣ ਲੱਗਿਆ।
ਜੱਲ੍ਹਿਆਂਵਾਲਾ ਬਾਗ ਦੇ ਬਦਲੇ ਦਾ ਪ੍ਰਣ ਪੂਰਾ ਕਰਨ ਲਈ ਊਧਮ ਸਿੰਘ ਬਹੁਤ ਉਤਾਵਲਾ ਸੀ। ਉਹਨੇ ਲੰਡਨ ਵਿੱਚ ਕਈ ਵਰ੍ਹੇ ਮਿਹਨਤ- ਮੁਸ਼ੱਕਤ ਕਰਕੇ ਗੁਜ਼ਾਰਾ ਕੀਤਾ ਅਤੇ ਕਿਸੇ ਕੋਲ ਵੀ ਆਪਣੇ ਨਿਸ਼ਾਨੇ ਦਾ ਭੇਤ ਨਾ ਖੋਲ੍ਹਿਆ। ਭਾਰਤ ਵਿੱਚ ਰਹਿੰਦੇ ਆਪਣੇ ਇਨਕਲਾਬੀ ਸਾਥੀਆਂ ਨੂੰ ਉਸ ਨੇ ਫਰਵਰੀ 1940 ਵਿੱਚ ਇੱਕ ਚਿੱਠੀ ਲਿਖੀ: “ਭਾਵੇਂ ਜੱਲ੍ਹਿਆਂ ਵਾਲੇ ਬਾਗ ਦੇ ਸਾਕੇ ਨੂੰ ਲਗਭਗ 21 ਸਾਲ ਹੋ ਚੁੱਕੇ ਹਨ ਪਰ ਮੇਰੇ ਸੀਨੇ ਤੇ ਲੱਗੇ ਹੋਏ ਜ਼ਖਮ ਅੱਜ ਵੀ ਉਨੀ ਹੀ ਅੱਲੇ ਹਨ, ਜਿੰਨੇ ਕਿ 21 ਸਾਲ ਪਹਿਲਾਂ। ਜਾਪਦਾ ਹੈ ਕਿ ਹੁਣ ਮੈਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਵਾਂਗਾ। ਵਾਹਿਗੁਰੂ ਤੋਂ ਦੁਆ ਮੰਗੋ ਕਿ ਮੈਂ ਕਾਮਯਾਬ ਹੋ ਜਾਵਾਂ! ਭਾਰਤ ਮਾਤਾ ਅਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰਾ ਆਖ਼ਰੀ ਸਲਾਮ!”
13 ਮਾਰਚ 1940 ਨੂੰ ਸ਼ਾਮੀ 4:30 ਵਜੇ ਲੰਡਨ ਦੇ ਕੈਕਸਟਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਵੱਲੋਂ ਸੈਂਟਰਲ ਏਸ਼ੀਅਨ ਸੁਸਾਇਟੀ (ਰਾਇਲ ਸੋਸਾਇਟੀ ਆਫ ਏਸ਼ੀਅਨ ਅਫੇਅਰਜ਼) ਦੇ ਸਹਿਯੋਗ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਵਿੱਚ ਓਡਵਾਇਰ ਭਾਸ਼ਣ ਕਰਨ ਲਈ ਆਇਆ ਹੋਇਆ ਸੀ। ਊਧਮ ਸਿੰਘ ਨੂੰ ਇਸੇ ਮੌਕੇ ਦੀ ਭਾਲ ਸੀ। ਉਹ ਹਾਲ ਵਿੱਚ ਆਇਆ ਅਤੇ ਇਕ ਖਾਲੀ ਸੀਟ ਤੇ ਬਹਿ ਗਿਆ। ਉਸ ਨੇ ਮਲਸੀਆਂ (ਪੰਜਾਬ) ਦੇ ਇੱਕ ਮਿੱਤਰ ਪੂਰਨ ਸਿੰਘ ਤੋਂ ਲਿਆ ਹੋਇਆ ਰਿਵਾਲਵਰ ਆਪਣੀ ਜੈਕਟ ਦੀ ਜੇਬ ਵਿੱਚ ਲੁਕੋਇਆ ਹੋਇਆ ਸੀ। ਜਿਉੰ ਹੀ ਓਡਵਾਇਰ ਬੋਲਣ ਲਈ ਮੰਚ ਤੇ ਆਇਆ, ਊਧਮ ਸਿੰਘ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਉੱਥੇ ਹੀ ਢੇਰ ਹੋ ਗਿਆ, ਜਦਕਿ ਲਾਰਡ ਜ਼ੈਟਲੈਂਡ, ਲੁਇਸ ਡੇਨ ਲਾਰੰਸ ਡੁੰਡਾਸ, ਚਾਰਲਸ ਕੋਚਰੇਨ ਬੈਲੀ ਜਿਹੇ ਕੁਝ ਅੰਗਰੇਜ਼ ਜ਼ਖਮੀ ਹੋ ਗਏ।
ਮੀਟਿੰਗ ਵਿੱਚ ਭੱਜਦੌੜ ਮੱਚ ਗਈ। ਪਰ ਊਧਮ ਸਿੰਘ ਆਪਣੀ ਥਾਂ ਤੋਂ ਜ਼ਰਾ ਵੀ ਨਾ ਹਿੱਲਿਆ। ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ, “ਭਰਾਓ, ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ। ਮੈਂ ਤਾਂ ਕੇਵਲ ਉਸ ਹੱਤਿਆਰੇ ਤੇ ਹੰਕਾਰੀ ਗੋਰੇ ਅਫ਼ਸਰ ਤੋਂ ਬਦਲਾ ਲਿਆ ਹੈ, ਜਿਹੜਾ ਉਸ ਵੇਲੇ ਪੰਜਾਬ ਦਾ ਗਵਰਨਰ ਸੀ ਅਤੇ ਜਿਸਨੇ ਜੱਲ੍ਹਿਆਂ ਵਾਲੇ ਬਾਗ਼ ਵਿੱਚ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ..” ਇਹ ਬਿਲਕੁਲ ਉਹੋ ਜਿਹੀ ਸਥਿਤੀ ਸੀ, ਜਿਵੇਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਭੱਜਣ ਦੀ ਕੋਸ਼ਿਸ਼ ਨਹੀਂ ਸੀ ਕੀਤੀ।
ਊਧਮ ਸਿੰਘ ਨੂੰ ਉਸ ਦੇ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। 1 ਅਪ੍ਰੈਲ 1940 ਨੂੰ ਉਸ ਉੱਤੇ ਓਡਵਾਇਰ ਦੇ ਕਤਲ ਦਾ ਕੇਸ ਦਰਜ ਹੋਇਆ। ਬ੍ਰਿਕਸਟਨ ਜੇਲ੍ਹ ਵਿੱਚ ਊਧਮ ਸਿੰਘ ਨੇ 42 ਦਿਨਾਂ ਦੀ ਭੁੱਖ ਹੜਤਾਲ ਕੀਤੀ, ਪਰ ਉਸ ਨੂੰ ਜ਼ਬਰਦਸਤੀ ਖਾਣਾ ਖੁਆਇਆ ਗਿਆ। 4 ਜੂਨ 1940 ਨੂੰ ਜਸਟਿਸ ਐਟਕਿਨਸਨ ਵੱਲੋਂ ਓਲਡ ਬੇਲੇ ਦੀ ਸੈਂਟਰਲ ਕ੍ਰਿਮੀਨਲ ਕੋਰਟ ਵਿਖੇ ਹੋਏ ਫੈਸਲੇ ਮੁਤਾਬਕ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਇਸ ਫੈਸਲੇ ਦੇ ਖਿਲਾਫ ਵੀ.ਕੇ.ਕ੍ਰਿਸ਼ਨਾ ਮੈਨਨ ਅਤੇ ਸੇਂਟ ਜੌਨ ਹਚੀਸਨ ਨੇ ਇੱਕ ਅਪੀਲ ਦਾਖ਼ਲ ਕੀਤੀ, ਜਿਸ ਨੂੰ 15 ਜੁਲਾਈ 1940 ਨੂੰ ਖਾਰਜ ਕਰ ਦਿੱਤਾ ਗਿਆ। ਜਦੋਂ ਉਹਨੂੰ ਇਸ ਕਾਰੇ ਬਾਰੇ ਪੁੱਛਿਆ ਗਿਆ ਤਾਂ ਊਧਮ ਸਿੰਘ ਨੇ ਜ਼ੋਰਦਾਰ ਆਵਾਜ਼ ਵਿੱਚ ਕਿਹਾ: ” ਮੈਂ ਇਹ ਕਾਰਜ ਇਸ ਲਈ ਕੀਤਾ ਹੈ, ਕਿਉਂਕਿ ਮੈਨੂੰ ਓਡਵਾਇਰ ਨਾਲ ਘਿਰਣਾ ਸੀ। ਉਹ ਇਸੇ ਦੇ ਯੋਗ ਸੀ। ਉਹ ਮੇਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਬਾਉਣਾ ਚਾਹੁੰਦਾ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਉਸ ਭਿਆਨਕ ਕਾਰੇ ਦਾ ਬਦਲਾ ਲਿਆ ਹੈ। ਮੈਨੂੰ ਮੌਤ ਤੋਂ ਕੋਈ ਡਰ ਨਹੀਂ ਲੱਗਦਾ। ਮੈਂ ਆਪਣੇ ਦੇਸ਼ ਲਈ ਸ਼ਹੀਦ ਹੋ ਰਿਹਾ ਹਾਂ। ਮੈਨੂੰ ਆਪਣੀ ਧਰਤੀ ਮਾਤਾ ਲਈ ਕੀਤੇ ਮਹਾਨ ਕਾਰਜ ਬਦਲੇ ਮੌਤ ਤੋਂ ਵੱਧ ਹੋਰ ਕਿਹੜਾ ਸਨਮਾਨ ਮਿਲ ਸਕਦਾ ਸੀ?”
ਇੱਕ ਪੰਜਾਬੀ ਕਵੀ ਦੀਵਾਨ ਸਿੰਘ ਮਹਿਰਮ(1914-1972) ਨੇ ‘ਜੀਵੇ ਦੇਸ਼ ਮਹਾਨ’ ਪੁਸਤਕ ਦੇ ਅੰਤਰਗਤ “ਊਧਮ ਸਿੰਘ ਦੀ ਲਲਕਾਰ” ਕਵਿਤਾ ਰਾਹੀਂ ਉਸ ਦੀਆਂ ਭਾਵਨਾਵਾਂ ਨੂੰ ਇਨ੍ਹਾਂ ਸ਼ਬਦਾਂ ਵਿੱਚ ਉਲੀਕਿਆ ਹੈ:
ਮੈਨੂੰ ਫੜ੍ਹ ਲਓ ਲੰਡਨ ਵਾਸੀਓ, ਮੈਂ ਖੜ੍ਹਾ ਪੁਕਾਰਾਂ।
ਮੈਂ ਕਾਤਲ ਉਡਵਾਇਰ ਦਾ, ਮੈਂ ਗੋਲੀ ਮਾਰੀ।
ਮੈਂ ਇਕਬਾਲੀ ਜੁਰਮ ਦਾ, ਨਹੀਂ ਜਿੰਦ ਪਿਆਰੀ।
ਮੈਂ ਨੱਸਣਾ ਮੂਲ ਨਹੀਂ ਚਾਹੁੰਦਾ, ਕੋਈ ਮਾਰ ਉਡਾਰੀ।
ਮੈਂ ਪੇਸ਼ ਕਰਾਂ ਖ਼ੁਦ ਆਪ ਨੂੰ, ਕੋਈ ਨਹੀਂ ਲਾਚਾਰੀ।
ਮੈਂ ਉੱਚੀ ਉੱਚੀ ਬੋਲ ਕੇ, ਲਾਉਂਦਾ ਹਾਂ ਟਾਹਰਾਂ।
ਮੈਨੂੰ ਫੜ੍ਹ ਲਓ ਲੰਡਨ ਵਾਸੀਓ, ਮੈਂ ਖੜ੍ਹਾ ਪੁਕਾਰਾਂ।
ਉਸ ਦੀ ਅੰਤਿਮ ਇੱਛਾ ਸੀ ਕਿ ਉਸ ਦੀ ਲਾਸ਼ ਨੂੰ ਭਾਰਤ ਭੇਜ ਦਿੱਤਾ ਜਾਵੇ, ਪਰ ਨਿਰਦਈ ਹਕੂਮਤ ਨੇ ਉਸ ਦੀ ਲਾਸ਼ ਤਾਂ ਕੀ, ਉਸਦੀਆਂ ਅਸਥੀਆਂ ਅਤੇ ਰਾਖ ਵੀ ਪੰਜਾਬ (ਭਾਰਤ) ਨਹੀਂ ਭੇਜੀ। ਇਉਂ 21 ਸਾਲਾਂ ਬਾਅਦ ਉਸ ਦਾ ਪ੍ਰਣ ਪੂਰਾ ਹੋਇਆ ਅਤੇ ਊਧਮ ਸਿੰਘ ਨੂੰ ਲੰਡਨ ਦੀ ਪੈੰਟੋਵਿਲੇ ਜੇਲ੍ਹ ਵਿੱਚ 40 ਸਾਲ ਦੀ ਉਮਰ ਵਿੱਚ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ।
ਊਧਮ ਸਿੰਘ ਗ਼ਦਰ ਪਾਰਟੀ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਇੱਕ ਸੱਚਾ ਦੇਸ਼ਭਗਤ ਸੀ, ਜਿਸ ਦੀ ਕਹਿਣੀ ਤੇ ਕਥਨੀ ਵਿੱਚ ਕੋਈ ਫ਼ਰਕ ਨਹੀਂ ਸੀ। ਉਸ ਵੱਲੋਂ ਸ਼ਿਵ ਸਿੰਘ ਜੌਹਲ ਨੂੰ ਲਿਖੀਆਂ ਚਿੱਠੀਆਂ ਅਜਿਹਾ ਪ੍ਰਕਾਸ਼ਿਤ ਦਸਤਾਵੇਜ਼ ਹੈ, ਜਿਨ੍ਹਾਂ ਰਾਹੀਂ ਉਸ ਦੇ ਨਿਡਰ ਅਤੇ ਹਸਮੁੱਖ ਵਿਅਕਤਿੱਤਵ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਖ਼ਤਾਂ ਵਿੱਚ ਉਹਨੇ ਖ਼ੁਦ ਨੂੰ ਧਰਮਰਾਜ ਦਾ ਮਹਿਮਾਨ ਦੱਸਿਆ ਹੈ, ਜੋ ਲਾੜੀ ਮੌਤ ਨੂੰ ਵਿਆਹੁਣ ਚੱਲਿਆ ਹੈ। ਉਹ ਜੀਵਨ ਦੇ ਅੰਤ ਤੱਕ ਖੇੜੇ ਵਿੱਚ ਰਿਹਾ। ਉਸ ਦਾ ਆਦਰਸ਼ ਸ਼ਹੀਦ ਭਗਤ ਸਿੰਘ ਸੀ।
ਬਹੁਤ ਸਾਰੇ ਭਾਰਤੀਆਂ ਨੇ ਊਧਮ ਸਿੰਘ ਵੱਲੋਂ ਓਡਵਾਇਰ ਨੂੰ ਮਾਰੇ ਜਾਣ ਦੀ ਘਟਨਾ ਨੂੰ ਜਾਇਜ਼ ਠਹਿਰਾਇਆ ਅਤੇ ਇਸ ਨੂੰ ਬ੍ਰਿਟਿਸ਼ ਕਾਲੋਨੀ ਰਾਜ ਦੇ ਖਿਲਾਫ ਭਾਰਤੀ ਸੰਘਰਸ਼ ਦਾ ਇੱਕ ਕਦਮ ਗਰਦਾਨਿਆ, ਜਦਕਿ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਜਿਹੇ ਕਾਂਗਰਸੀਆਂ ਨੇ ਊਧਮ ਸਿੰਘ ਵੱਲੋਂ ਕੀਤੇ ਇਸ ਕਾਰਜ ਦੀ ਨਿੰਦਾ ਕੀਤੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਨੇ ਗਾਂਧੀ ਦੇ ਬਿਆਨ ਨੂੰ ਬੇਹੱਦ ਅਫ਼ਸੋਸਨਾਕ ਮੰਨਿਆ ਅਤੇ ਪੰਡਿਤ ਨਹਿਰੂ ਨੇ 1962 ਵਿੱਚ ਆਪਣਾ ਬਿਆਨ ਬਦਲਦਿਆਂ ਕਿਹਾ, “ਮੈਂ ਸ਼ਹੀਦੇ- ਆਜ਼ਮ ਊਧਮ ਸਿੰਘ ਨੂੰ ਸਲਾਮ ਕਰਦਾ ਹਾਂ।” ਵਿਦੇਸ਼ੀ ਪ੍ਰੈੱਸ ਨੇ ਊਧਮ ਸਿੰਘ ਦੇ ਕਦਮ ਦੀ ਵਕਾਲਤ ਕੀਤੀ। ‘ਦ ਟਾਈਮਜ਼’ (ਲੰਡਨ) ਨੇ ਊਧਮ ਸਿੰਘ ਨੂੰ “ਆਜ਼ਾਦੀ ਦਾ ਸੂਰਮਾ” ਕਹਿ ਕੇ ਵਡਿਆਇਆ; ‘ਬਰਗਰੈਟ’ (ਰੋਮ) ਨੇ ਊਧਮ ਸਿੰਘ ਦੇ ਕੰਮ ਨੂੰ “ਦਲੇਰਾਨਾ ਕਦਮ” ਦਾ ਨਾਂ ਦਿੱਤਾ। ਪਹਿਲੀ ਅਪਰੈਲ 1940 ਨੂੰ ਜਲ੍ਹਿਆਂਵਾਲਾ ਬਾਗ ਕਾਂਡ ਦੀ ਇੱਕੀਵੀਂ ਯਾਦਗਾਰ ਮਨਾਉਂਦਿਆਂ ਯੁਵਾ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ ਊਧਮ ਸਿੰਘ ਦੇ ਹੱਕ ਵਿੱਚ ਕ੍ਰਾਂਤੀਕਾਰੀ ਨਾਅਰੇ ਲਾਏ ਅਤੇ ਉਸ ਨੂੰ ਮਹਾਨ ਦੇਸ਼ ਭਗਤ ਅਤੇ ਨਾਇਕ ਦਾ ਮਾਣ ਦਿੱਤਾ।
1975 ਵਿੱਚ ਭਾਰਤ ਸਰਕਾਰ ਦੇ ਯਤਨਾਂ ਨਾਲ ਊਧਮ ਸਿੰਘ ਦੀਆਂ ਅਸਥੀਆਂ ਦੇਸ਼ ਵਿੱਚ ਲਿਆਂਦੀਆਂ ਗਈਆਂ, ਜਿਸ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਕੇਂਦਰੀ ਸੰਚਾਰ ਮੰਤਰੀ ਸ਼ੰਕਰ ਦਿਆਲ ਸ਼ਰਮਾ ਅਤੇ ਮੁੱਖ ਮੰਤਰੀ ਪੰਜਾਬ ਗਿਆਨੀ ਜ਼ੈਲ ਸਿੰਘ ਨੇ ਨਿੱਘਾ ਸਵਾਗਤ ਕੀਤਾ। ਉਹਦੀਆਂ ਅਸਥੀਆਂ ਨੂੰ ਸ਼ਹੀਦ ਦੇ ਜਨਮ-ਸਥਾਨ ਸੁਨਾਮ ਲਿਜਾ ਕੇ ਸਨਮਾਨ ਨਾਲ ਅੰਤਿਮ ਕਿਰਿਆਵਾਂ ਕੀਤੀਆਂ ਗਈਆਂ ਅਤੇ ਸਤਲੁਜ ਦਰਿਆ ਵਿੱਚ ਜਲ- ਪ੍ਰਵਾਹ ਕੀਤੀਆਂ ਗਈਆਂ। ਇਸ ਮਹਾਨ ਸ਼ਹੀਦ ਦੀ ਰਾਖ ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਇੱਕ ਮੋਹਰਬੰਦ ਬਰਤਨ ਵਿੱਚ ਰੱਖ ਕੇ ਸੰਭਾਲਿਆ ਹੋਇਆ ਹੈ।
ਅਕਤੂਬਰ 1995 ਵਿੱਚ ਮਾਇਆਵਤੀ ਸਰਕਾਰ ਨੇ ਉੱਤਰਾਖੰਡ ਦੇ ਇੱਕ ਜ਼ਿਲ੍ਹੇ ਦਾ ਨਾਂ ‘ਊਧਮ ਸਿੰਘ ਨਗਰ’ ਰੱਖ ਕੇ ਸ਼ਹੀਦ ਪ੍ਰਤੀ ਆਪਣੀ ਆਸਥਾ ਦਾ ਸਬੂਤ ਦਿੱਤਾ; ਪੰਜਾਬ ਸਰਕਾਰ ਨੇ ਸ਼ਹੀਦ ਦੇ ਜਨਮਸਥਾਨ ਸੁਨਾਮ ਨੂੰ ‘ਸੁਨਾਮ ਊਧਮ ਸਿੰਘ ਵਾਲਾ’ ਦਾ ਨਾਂ ਦਿੱਤਾ ਹੈ। ਉਸ ਦੀ ਯਾਦ ਵਿੱਚ ਸੁਨਾਮ ਵਿਖੇ ਪਿਛਲੇ ਕਈ ਸਾਲਾਂ ਤੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਚੱਲ ਰਿਹਾ ਹੈ। ਇਸੇ ਸ਼ਹਿਰ ਵਿੱਚ ਉਸ ਦਾ ਇੱਕ ਯਾਦਗਾਰੀ ਬੁੱਤ ਸਥਾਪਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਉਸ ਦੇ ਸ਼ਹੀਦੀ ਦਿਨ (31 ਜੁਲਾਈ) ਤੇ ਸਰਕਾਰੀ ਛੁੱਟੀ ਐਲਾਨੀ ਗਈ ਹੈ।
***

~ ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.