ਗੁਰੂਕੁਲ ਸਕੂਲ ਦੇ ਅਧਿਆਪਕ ਪਰਮਜੀਤ ਕੌਰ ਨੂੰ ਮਿਲਿਆ ਸਨਮਾਨ, ਪ੍ਰਿੰਸੀਪਲ ਧਵਨ ਕੁਮਾਰ ਨੇ ਦਿੱਤੀ ਵਧਾਈ
ਕੋਟਕਪੂਰਾ, 21 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਹੋਦਯਾ ਫਾਉਂਡੇਸ਼ਨ ਸੰਨ 1986 ਵਿੱਚ ਕੇਂਦਰੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਸੀ। ਸਹੋਦਯਾ ਦਾ ਮਤਲਬ “ਇਕੱਠੇ ਚੜ੍ਹਨਾ” ਹੈ। ਇਹ ਮੂਲ ਤੌਰ ‘ਤੇ ਸਕੂਲਾਂ ਦੇ ਸਮੂਹਾਂ ਨੂੰ ਇਕੱਠੇ ਲਿਆਉਣ ਲਈ ਬਣਾਇਆ ਗਿਆ ਹੈ ਤਾਂ ਕਿ ਉਹ ਆਪਣੇ ਸਿੱਖਿਆ ਅਨੁਭਵਾਂ, ਵਿਧੀਆਂ ਅਤੇ ਵਿਕਾਸ ਦੇ ਮਾਡਲਾਂ ਨੂੰ ਸਾਂਝਾ ਕਰ ਸਕਣ। ਇਸ ਫਾਊਂਡੇਸ਼ਨ ਦਾ ਮੁੱਖ ਮਕਸਦ ਸਿੱਖਿਆ ਨੂੰ ਸਹਿਕਾਰੀ ਅਤੇ ਭਾਈਚਾਰੇ ਦੇ ਅਧਾਰ ‘ਤੇ ਅੱਗੇ ਵਧਾਉਣਾ ਹੈ। ਜਿਸ ਵਿੱਚ ਕਈ ਸਕੂਲ ਇੱਕ ਦੂਜੇ ਨਾਲ ਸਾਂਝਾ ਕੰਮ ਕਰਦੇ ਹਨl ਇਹ ਸਿਰਫ ਅਕਾਦਮਿਕ ਸਿੱਖਿਆ ਹੀ ਨਹੀਂ ਬਲਕਿ ਚੌਂਹੀਂ ਪਾਸਿਆਂ ਸਿੱਖਿਆ ਨੂੰ ਪ੍ਰਫੁੱਲਤ ਕਰਨ ਦਾ ਕੰਮ ਵੀ ਕਰਦਾ ਹੈ। ਇਸ ਪਲੇਟਫਾਰਮ ਦਾ ਮਕਸਦ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਨਵੇਂ ਸਮੇਂ ਦੀਆਂ ਲੋੜਾਂ ਦੇ ਅਨੁਸਾਰ ਨਵੀਂ ਦਿਸ਼ਾ ਦੇਣਾ ਹੈ। ਇਹਨਾਂ ਸਾਰੇ ਉਦੇਸ਼ਾਂ ਦੀ ਪੂਰਤੀ ਕਰਨ ਲਈ ਸੀਬੀਐਸਈ ਵੱਲੋਂ ਹਰ ਜ਼ਿਲ੍ਹੇ ਵਿੱਚ ਸਕੂਲਾਂ ਦਾ ਸੰਗਠਨ ਕੀਤਾ ਗਿਆl ਜਿਸ ਦੇ ਚਲਦੇ ਜ਼ਿਲ੍ਹਾ ਮੋਗਾ ਸਹੋਦਯਾ ਵਿੱਚ ਅਜਿਹੇ 55 ਸਕੂਲਾਂ ਨੂੰ ਇਸ ਸੂਚੀ ਵਿੱਚ ਦਰਜ ਕੀਤਾ ਗਿਆ ਹੈl ਹਾਲ ਹੀ ਵਿੱਚ ਅਧਿਆਪਕ ਦਿਵਸ ਮੌਕੇ ‘ਤੇ ਮੋਗਾ ਸਹੋਦਯਾ ਵੱਲੋਂ ਬੀ ਬੀ ਐਸ ਸਕੂਲ ਵਿਖ਼ੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆl ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਮੋਗਾ ਦੇ ਲਗਭਗ 30 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਮੂਹ ਅਧਿਆਪਕਾਂ ਨੇ ਭਾਗ ਲਿਆl ਅਧਿਆਪਕ ਦਿਵਸ ‘ਤੇ ਆਯੋਜਨ ਕੀਤੇ ਗਏ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਪ੍ਰਸਿੱਧ ਅਦਾਕਾਰਾ ਸੋਨੂ ਸੂਦ ਦੇ ਭੈਣ ਮਾਲਵੀਕਾ ਸੂਦ ਨੇ ਬਤੌਰ ਚੀਫ ਗੈਸਟ ਸ਼ਿਰਕਤ ਕੀਤੀl ਸ਼੍ਰੀਮਤੀ ਮਾਲਵੀਕਾ ਸੂਦ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਦੇ ਮਾਲਕ ਹਨ, ਜਿਹੜੇ ਹਮੇਸ਼ਾ ਸਮਾਜ ਸੇਵਾ ਵਿੱਚ ਅੱਗੇ ਆਉਣ ਲਈ ਤਤਪਰ ਰਹਿੰਦੇ ਹਨl ਇਸ ਤੋਂ ਇਲਾਵਾ ਬੀ ਬੀ ਐਸ ਸਕੂਲ ਦੇ ਚੇਅਰਪਰਸਨ ਕਮਲ ਸੈਨੀ ਜੀ ਨੇ ਇਸ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ ਦੇ ਕੇ ਸਨਮਾਨਿਤ ਕੀਤਾ! ਇਸ ਪ੍ਰੋਗਰਾਮ ਵਿੱਚ ਸਬੰਧਤ ਸਕੂਲ ਵਿੱਚ ਜ਼ਿਆਦਾ ਤਜ਼ਰਬਾ ਰੱਖਣ ਵਾਲੇ ਅਧਿਆਪਕਾਂ ਨੂੰ ਸ਼ਿਰਕਤ ਕਰਨ ਦਾ ਮੌਕਾ ਮਿਲਿਆl ਇਹ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਐਸਬੀਆਰਐਸ ਗੁਰੂਕੁਲ ਸਕੂਲ ਦੇ ਅਧਿਆਪਕ ਮੈਡਮ ਪਰਮਜੀਤ ਕੌਰ ਜਿਹੜੇ ਕਿ ਪਿਛਲੇ 16 ਸਾਲਾਂ ਤੋਂ ਗੁਰੂਕੁਲ ਸਕੂਲ ਵਿਖੇ ਆਪਣੀ ਸੇਵਾ ਨਿਭਾ ਰਹੇ ਹਨ, ਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਅਵਸਰ ਪ੍ਰਾਪਤ ਹੋਇਆl ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧਵਨ ਕੁਮਾਰ ਹੋਰਾਂ ਨੇ ਇਸ ਪ੍ਰੋਗਰਾਮ ਦੀ ਅਗਵਾਈ ਕਰਦੇ ਹੋਏ ਸਟੇਜ ਮੁੱਖ ਸੰਚਾਲਕਤਾ ਨਿਭਾਉਂਦੇ ਹੋਏ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਅਤੇ ਅਧਿਆਪਕਾਂ ਵਿਚਲੀ ਪ੍ਰਤਿਭਾ ਨੂੰ ਪਛਾਣਦੇ ਹੋਏ ਸਭਨਾਂ ਨੂੰ ਦਿਲਕਸ਼ ਅੰਦਾਜ਼ ਵਿੱਚ ਆਪਣਾ ਹੁਨਰ ਪੇਸ਼ ਕਰਨ ਦਾ ਮੌਕਾ ਦਿੱਤਾl ਇਸ ਮੌਕੇ ਧਵਨ ਕੁਮਾਰ, ਮੈਡਮ ਕਮਲਸੈਣੀ, ਸ਼੍ਰੀਮਤੀ ਮਾਲਵਿਕਾ ਸੂਦ, ਅਤੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਜ਼ ਨੇ ਇਸ ਪ੍ਰੋਗਰਾਮ ਵਿੱਚ ਬੈਸਟ ਟੀਚਰ ਅਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਪ੍ਰਤੀ ਖੁਸ਼ੀ ਜਾਹਰ ਕੀਤੀl