ਕਾਂਗਰਸ ਵਾਂਗ ਮੋਦੀ ਸਰਕਾਰ ਵੀ ਕਿਸੇ ਦੀ ਨਹੀਂ ਹੋਈ : ਕਰਮਜੀਤ ਅਨਮੋਲ
ਵਪਾਰ ਮਿਲਣੀ ਵਿੱਚ ਸਪੀਕਰ ਸੰਧਵਾਂ, ਵਿਧਾਇਕ ਸੇਖੋਂ ਅਤੇ ਅਮੋਲਕ ਸਿੰਘ ਹੋਏ ਸ਼ਾਮਿਲ

ਫਰੀਦਕੋਟ , 27 ਮਈ (ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਆਯੋਜਿਤ ਵਪਾਰ ਮਿਲਣੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕੇਵਲ ਕਿਸਾਨਾਂ ਅਤੇ ਮਜਦੂਰਾਂ ਦੀ ਹੀ ਨਹੀਂ ਬਲਕਿ ਵਪਾਰੀਆਂ-ਕਾਰੋਬਾਰੀਆਂ ਦੀ ਵੀ ਵਿਰੋਧੀ ਸਰਕਾਰ ਸਾਬਤ ਹੋਈ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੇ ਅੰਕੜੇ ਡੇਟਾ ਸਾਂਝਾ ਕਰਨ ਸਬੰਧੀ ਜੋ ਨਵਾਂ ਕਾਨੂੰਨ ਲਿਆਂਦਾ ਗਿਆ ਹੈ ਇਸ ਨਾਲ ਦੇਸ ਭਰ ਦਾ ਵਪਾਰੀ ਅਤੇ ਕਾਰੋਬਾਰੀ ਕੇਂਦਰੀ ਏਜੰਸੀਆਂ ਦੇ ਸਕਿੰਜੇ ਵਿੱਚ ਆ ਗਿਆ ਹੈ। ਇਸ ਕਾਨੂੰਨ ਦੀ ਆੜ ਵਿੱਚ ਈਡੀ ਅਤੇ ਸੀਬੀਆਈ ਜਦ ਮਰਜੀ ਕਿਸੇ ਵੀ ਵਪਾਰੀ ਅਤੇ ਕਾਰੋਬਾਰੀ ਨੂੰ ਉਲਝਾ ਸਕਦੀ ਹੈ। ਅਜਿਹਾ ਪ੍ਰਚਲਣ ਸੁਰੂ ਹੋ ਚੁੱਕਿਆ ਹੈ। ਜਿਸ ਸਮੇਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਇਸ ਕਾਨੂੰਨ ਬਾਰੇ ਰਾਜਾਂ ਦੇ ਵਿੱਤ ਮੰਤਰੀ ਨਾਲ ਵਿਚਾਰ ਚਰਚਾ ਕਰ ਰਹੇ ਸਨ। ਉਸ ਮੌਕੇ ਸਿਰਫ ਅਤੇ ਸਿਰਫ ਉਨ੍ਹਾਂ ਹਰਪਾਲ ਸਿੰਘ ਚੀਮਾ ਅਤੇ ਦਿੱਲੀ ਦੇ ਵਿੱਤ ਮੰਤਰੀ ਆਤਸੀ ਨੇ ਵਿਰੋਧ ਕੀਤਾ ਸੀ, ਪ੍ਰੰਤੂ ਇਸ ਮਾਰੂ ਕਾਨੂੰਨ ਦੇ ਹੱਕ ਵਿੱਚ ਬਹੁ ਗਿਣਤੀ ਹੋਣ ਕਰਕੇ ਕੇਂਦਰ ਇਹ ਕਾਨੂੰਨ ਪਾਸ ਕਰਾਉਣ ਵਿੱਚ ਸਫਲ ਹੋ ਗਿਆ। ਜੇਕਰ ਲੋਕਾਂ ਦੇ ਸਹਿਯੋਗ ਨਾਲ ਕੇਂਦਰ ਵਿਚ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਇਹ ਕਾਨੂੰਨ ਰੱਦ ਕਰ ਦਿੱਤਾ ਜਾਵੇਗਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਰਫ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਭਗਵੰਤ ਮਾਨ ਸਰਕਾਰ ਨੇ ਵਪਾਰੀਆਂ ਕਾਰੋਬਾਰੀਆਂ ਲਈ ਕਈ ਰਾਹਤ ਵਾਲੇ ਫੈਸਲੇ ਲਏ ਹਨ। ਜਿਨ੍ਹਾਂ ਵਿੱਚ ਨਵੀਂ ਇੰਡਸਟਰੀ ਲਈ ਗ੍ਰੀਨ ਸਟੈਂਪ ਪੇਪਰ ਨੀਤੀ ਪ੍ਰਮੁੱਖ ਹੈ। ਇਸ ਤੋਂ ਇਲਾਵਾ ਜੀਐਸਟੀ ਕੇਸਾਂ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਓਟੀਐਸ ਸਕੀਮ ਅੱਜ ਤੱਕ ਦੀ ਸਭ ਤੋਂ ਸਫਲ ਸਕੀਮ ਸਾਬਤ ਹੋਈ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਨਵੀਂ ਐਕਸਾਈਜ ਨੀਤੀ ਨਾਲ ਵਪਾਰੀਆਂ ਅਤੇ ਸਰਕਾਰ ਨੂੰ ਵੱਡਾ ਫਾਇਦਾ ਹੋਇਆ ਹੈ ਉਸੇ ਤਰਾਂ ਵਾਟਰ ਟੂਰਿਜਮ ਅਤੇ ਟਰਾਂਸਪੋਰਟ ਅਤੇ ਹੋਰ ਵਿਭਾਗਾਂ ਵਿੱਚ ਲਿਆਂਦੀਆਂ ਨਵੀਆਂ ਨੀਤੀਆਂ ਨਾਲ ਵਪਾਰੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਜਿਸ ਤਰ੍ਹਾਂ ਸਭ ਤੋਂ ਲੰਬਾ ਸਮਾਂ ਸੱਤਾ ਵਿੱਚ ਰਹਿਣ ਵਾਲੀ ਕਾਂਗਰਸ ਲੋਕਾਂ ਲਈ ਕੁਝ ਵੀ ਨਹੀਂ ਕਰ ਸਕੀ ਉਸੇ ਤਰਾਂ ਮੋਦੀ ਸਰਕਾਰ ਵੀ ਕਿਸੇ ਦੀ ਸਕੀ ਨਹੀਂ ਹੋਈ। ਮੋਦੀ ਸਰਕਾਰ ਸਿਰਫ ਕਿਸਾਨਾਂ ਅਤੇ ਮਜਦੂਰ ਵਿਰੋਧੀ ਹੀ ਨਹੀਂ ਬਲਕਿ ਵਪਾਰੀ ਕਾਰੋਬਾਰੀਆਂ ਵਿਰੋਧੀ ਵੀ ਸਾਬਤ ਹੋਈ। ਅਨਮੋਲ ਨੇ ਕਿਹਾ ਕਿ ਗਲਤ ਤਰੀਕੇ ਨਾਲ ਲਾਗੂ ਜੀਐਸਟੀ ਨੇ ਆਮ ਵਪਾਰੀ ਵਰਗ ਨੂੰ ਬੁਰੀ ਤਰਾਂ ਪਰੇਸਾਨ ਕੀਤਾ ਹੋਇਆ ਹੈ। ਉਨ੍ਹਾਂ ਸਵਾਲ ਉਠਾਇਆ ਕੀ ਜੀਐਸਟੀ ਦੇ ਘੇਰੇ ਵਿੱਚ ਡੀਜਲ ਅਤੇ ਪੈਟਰੋਲ ਨੂੰ ਕਿਉਂ ਬਾਹਰ ਰੱਖਿਆ ਹੋਇਆ ਹੈ? ਕੀ ਇਹ ਅੰਬਾਨੀਆ ਅਤੇ ਅਡਾਨੀਆਂ ਨੂੰ ਫਾਇਦਾ ਦੇਣ ਲਈ ਨਹੀਂ ਕੀਤਾ ? ਅਨਮੋਲ ਨੇ ਕਿਹਾ ਕਿ ਨੋਟਬੰਦੀ ਦੀ ਮਾਰ ਨੇ ਅਜੇ ਤੱਕ ਬਹੁਤੇ ਵਪਾਰੀ ਉੱਠਣ ਨਹੀਂ ਦਿੱਤੇ। ਇਸ ਮੌਕੇ ਕਰਮਜੀਤ ਅਨਮੋਲ ਨੇ ਭਰੋਸਾ ਦਿੱਤਾ ਕਿ ਉਹ ਪਾਰਲੀਮੈਂਟ ਵਿੱਚ ਸਾਰੇ ਵਰਗਾਂ ਸਮੇਤ ਵਪਾਰੀਆਂ ਦੇ ਹੱਕ ਵਿੱਚ ਵੀ ਡੱਟ ਕੇ ਆਵਾਜ ਉਠਾਉਣਗੇ। ਇਸ ਮੌਕੇ ਸਪੀਕਰ ਕਰਤਾਰ ਸਿੰਘ ਸੰਧਵਾਂ, ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਜੈਤੋ ਤੋਂ ਵਿਧਾਇਕ ਅਮੋਲਕ ਸਿੰਘ, ਜਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ, ਚੇਅਰਮੈਨ ਸੁੁਖਜੀਤ ਸਿੰਘ ਢਿਲਵਾਂ, ਸੰਦੀਪ ਸਿੰਘ ਕੰਮੇਆਣਾ ਬਲਾਕ ਪ੍ਰਧਾਨ, ਗੁਰਮੀਤ ਸਿੰਘ ਗਿੱਲ ਧੂੜਕੋਟ, ਸੰਜੀਵ ਕੁਮਾਰ ਕਾਲੜਾ, ਗੁਰਦੀਪ ਸਿੰਘ ਬਲਾਕ ਪ੍ਰਧਾਨ, ਪਾਰਟੀ ਆਗੂ ਭੋਲਾ ਯਮਲਾ ਸਮੇਤ ਵਪਾਰੀ ਵਰਗ ਦੇ ਬਲਜਿੰਦਰ ਸਿੰਘ ਬੱਬੂ ਅਹੂਜਾ, ਕੇਵਲ ਸਿੰਗਲਾ, ਮਨੋਜ ਜਿੰਦਲ, ਸਧੀਰ ਛਾਬੜਾ, ਵਿਕਾਸ ਕੁਮਾਰ ਗੁਪਤਾ, ਪਸ਼ੂ ਅਗਰਵਾਲ, ਕਲਬੂਸਨ ਰਾਏ ਭੂਸੀ, ਰਾਣਾ ਸੇਖੋ, ਰਜੀਵ ਸੇਠੀ ਅਤੇ ਰਜਿੰਦਰ ਸੇਠੀ ਸਮੇਤ ਹੋਰ ਆਗੂ ਅਤੇ ਵਪਾਰੀ ਇਸ ਮੀਟਿੰਗ ਵਿੱਚ ਮੌਜੂਦ ਸਨ।