ਰਿਸ਼ਵਤਖੋਰੀ ਦਾ ਭਾਰਤ ਵਿੱਚ,
ਖ਼ੂਬ ਵੱਡਾ ਬੋਲਬਾਲਾ ਹੈ।
ਰਿਸ਼ਵਤ ਕੇਸ ਵਿੱਚ ਫਸ ਜਾਵੇ ਜੋ,
ਹੁੰਦਾ ਉਹਦਾ ਮੂੰਹ ਕਾਲਾ ਹੈ।
ਰਿਸ਼ਵਤ ਦੇ ਕੇ ਰੁਕੇ ਹੋਏ,
ਸਾਰੇ ਕੰਮ ਪੂਰੇ ਹੋ ਜਾਂਦੇ।
ਸਹੀ ਬੰਦੇ ਤਾਂ ਕੋਲ ਕਲਰਕਾਂ,
ਫਿਰਦੇ ਨੇ ਧੱਕੇ ਖਾਂਦੇ।
ਬਿਨਾਂ ਪੈਸੇ ਤੋਂ ਏਸ ਦੇਸ਼ ਵਿੱਚ,
ਕੋਈ ਕੰਮ ਨਹੀਂ ਹੁੰਦਾ।
ਫਾਈਲ ਮੇਜ਼ ਤੋਂ ਜ਼ਰਾ ਨਾ ਹਿੱਲੇ,
ਜ਼ੋਰ ਭਾਵੇਂ ਲਾਵੇ ਬੰਦਾ।
ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ,
ਦੇਸ਼ ਮੇਰੇ ਨੂੰ ਵੱਢ ਖਾਇਆ।
ਰੇਟ ਬੰਨ੍ਹੇ ਨੇ ਵਿੱਚ ਦਫ਼ਤਰਾਂ,
ਦੇਣੀ ਪੈਂਦੀ ਹੈ ਮਾਇਆ।
ਸਹੀ ਬੰਦੇ ਦੀ, ਸਹੀ ਕਾਗਜ਼ ਦੀ,
ਪੁੱਛ-ਪ੍ਰਤੀਤ ਨਹੀਂ ਕੋਈ।
ਚਾਹ-ਪਾਣੀ ਤੇ ਨਾਲ ਪੈਸੇ ਦੇ,
ਜੇਕਰ ਸੇਵਾ ਨਹੀਂ ਹੋਈ।
ਦੇਸ਼ ਮੇਰੇ ਨੂੰ ਲੁੱਟ ਲਿਆ ਹੈ,
ਏਨ੍ਹਾਂ ਰਿਸ਼ਵਤਖੋਰਾਂ ਨੇ।
ਆਮ ਬੰਦੇ ਨੂੰ ਮਾਰ ਦਿੱਤਾ ਹੈ,
ਛੋਟੇ-ਵੱਡੇ ਚੋਰਾਂ ਨੇ।
ਰਿਸ਼ਵਤਖੋਰੀ ਦਾ ਇਹ ਆਲਮ,
ਹਾਏ! ਕਦੋਂ ਤੱਕ ਚੱਲੇਗਾ।
ਸੱਚਾ ਅਤੇ ਈਮਾਨਦਾਰ ਕਦ,
ਦੇਸ਼ ਦੀ ਗੱਦੀ ਮੱਲੇਗਾ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.