ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦਾ ਇੱਕ ਵਫਦ ਪ੍ਰਧਾਨ ਨਰਿੰਦਰ ਕੁਮਾਰ ਰਾਠੌਰ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਫਰੀਦਕੋਟ ਸਰਬਜੀਤ ਸਿੰਘ ਖਾਲਸਾ ਨੂੰ ਮਿਲਿਆ ਅਤੇ ਉਨਾਂ ਨੂੰ ਕੋਟਕਪੂਰਾ ਤੋਂ ਮੋਗਾ ਨਵੀਂ ਰੇਲ ਲਾਈਨ ਵਿਛਾਉਣ ਦੀ ਮੰਗ ਕੀਤੀ ਅਤੇ ਨਵੀਆਂ ਰੇਲਗੱਡੀਆਂ ਜਿਵੇਂ ਫਿਰੋਜ਼ਪੁਰ ਤੋਂ (ਵਾਇਆ ਕੋਟਕਪੂਰਾ, ਬਠਿੰਡਾ), ਨਾਂਦੇੜ ਸਾਹਿਬ ਅਤੇ ਫਿਰੋਜ਼ਪੁਰ ਤੋਂ ਹਰਿਦੁਆਰ (ਵਾਇਆ ਕੋਟਕਪੂਰਾ, ਬਠਿੰਡਾ) ਚਲਾਉਣ ਦੀ ਮੰਗ ਕੀਤੀ ਗਈ। ਕੋਵਿਡ ਦੌਰਾਨ ਕੇਂਦਰ ਸਰਕਾਰ ਵੱਲੋਂ ਫਿਰੋਜ਼ਪੁਰ-ਮੰੁਬਈ ਜਨਤਾ ਐਕਸਪ੍ਰੈਸ (ਗੱਡੀ ਨੰ: 19023-24) ਨੂੰ ਬੰਦ ਕਰ ਦਿੱਤਾ ਗਿਆ ਸੀ ਇਲਾਕੇ ਦੀ ਪੁਰੋਜ਼ਰ ਮੰਗ ਹੈ ਕਿ ਇਸ ਗੱਡੀ ਨੂੰ ਦੁਬਾਰਾ ਚਲਾਇਆ ਜਾਵੇ। ਇਸ ਤੋਂ ਇਲਾਵਾ ਅਹਿਮਦਾਬਾਦ ਤੋਂ ਕਟੜਾ (ਮਾਤਾ ਵੈਸ਼ਨੂੰ ਦੇਵੀ ਐਕਸਪ੍ਰੈਸ) (ਗੱਡੀ ਨੰ: 19415-16) ਅਤੇ ਫਿਰੋਜ਼ਪੁਰ ਤੋਂ ਰਾਮੇਸ਼ਵਰਮ ਗੱਡੀ ਨੰ: 20973-74, ਜੰਮੂ ਤਵੀ ਅਹਿਮਦਾਬਾਦ (ਗੱਡੀ ਨੰ: 19107-08) ਦਾ ਠਹਿਰਾਵ ਕੋਟਕਪੂਰਾ ਰੇਲਵੇ ਸਟੇਸ਼ਨ ਤੇ ਕੀਤਾ ਜਾਵੇ। ਜਿਕਰਯੋਗ ਹੈ ਕੁਝ ਗੱਡੀਆਂ ਜੋ ਦਿੱਲੀ ਤੋਂ ਚੱਲਕੇ ਬਠਿੰਡਾ ਖੜੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਦਿੱਲੀ-ਬਠਿੰਡਾ ਸੁਪਰਫਾਸਟ (ਗੱਡੀ ਨੰ: 20409-10), ਕਿਸਾਨ ਐਕਸਪ੍ਰੈਸ (ਗੱਡੀ ਨੰ: 14731-32) ਨੂੰ ਫਿਰੋਜ਼ਪੁਰ ਜਾਂ ਫਾਜ਼ਿਲਕਾ ਤੱਕ ਵਧਾਇਆ ਜਾਵੇ। ਲੋਕਾਂ ਦੀ ਵੱਡੀ ਮੰਗ ਹੈ ਕਿ ਮੱਲਾਂਵਾਲਾ ਤੋਂ ਪੱਟੀ ਦੀ 28 ਕਿਲੋਮੀਟਰ ਦੀ ਲਾਈਨ ਦਾ ਕੰਮ ਜਲਦ ਪੂਰਾ ਕੀਤਾ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਜਗਦੀਸ਼ ਪ੍ਰਸ਼ਾਦ, ਮੋਹਨ ਲਾਲ, ਰਮੇਸ਼ ਸ਼ਰਮਾ, ਐਡਵੋਕੇਟ ਹਰਜਿੰਦਰ ਸਿੰਘ ਝੱਖੜਵਾਲਾ, ਐਡਵੋਕੇਟ ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।