ਰੋਡ ਸੇਫ਼ਟੀ ਸਬੰਧੀ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ
ਬਠਿੰਡਾ, 2 ਜੁਲਾਈ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਰੋਡ ਸੇਫ਼ਟੀ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਸਬੰਧੀ ਆਰਟੀਏ ਮੈਡਮ ਪੂਨਮ ਸਿੰਘ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਆਰਟੀਏ ਮੈਡਮ ਪੂਨਮ ਸਿੰਘ ਨੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਰੋਡ ਸੇਫਟੀ ਦੇ ਮੱਦੇਨਜ਼ਰ ਚੁੱਕੇ ਜਾਣ ਵਾਲੇ ਵਧੀਆ ਕਦਮਾਂ, ਰੋਡ ਮੈਪ, ਸੁਝਾਅ ਅਤੇ ਪਲਾਨ ਤਿਆਰ ਕਰਦਿਆਂ 10 ਦਿਨਾਂ ਚ ਰਿਪੋਰਟ ਪੇਸ਼ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸੜਕ ਸੁਰੱਖਿਆ ਫੋਰਸ ਨੂੰ ਵੀ ਰੋਡ ਸੇਫਟੀ ਦੀ ਮੀਟਿੰਗ ਦਾ ਹਿੱਸਾ ਬਣਾਇਆ ਜਾਵੇ।
ਉਨ੍ਹਾਂ ਪੀਆਰਟੀਸੀ ਤੇ ਪੁਲਿਸ ਵਿਭਾਗ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਰੋਡ ਸੇਫ਼ਟੀ ਸਬੰਧੀ ਸਾਂਝੇ ਤੌਰ ਤੇ ਜਾਗਰੂਕਤਾ ਕੈਂਪ ਲਗਾ ਕੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਣੂੰ ਕਰਵਾਉਣ। ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਸਕੂਲੀ ਵੈਨਾਂ ਦੇ ਡਰਾਈਵਰਾਂ/ਕੰਡਕਟਰਾਂ ਅਤੇ ਸਕੂਲੀ ਬੱਚਿਆ ਨੂੰ ਵੱਧ ਤੋਂ ਵੱਧ ਰੋਡ ਸੇਫ਼ਟੀ ਬਾਰੇ ਜਾਕਰੂਕ ਕੀਤਾ ਜਾਵੇ ਅਤੇ ਘੱਟ ਉਮਰ ਵਾਲੇ ਵਿਦਿਆਰਥੀਆਂ ਨੂੰ ਵਾਹਨ ਚਲਾਉਣ ਤੋਂ ਸਖਤੀ ਨਾਲ ਰੋਕਿਆ ਜਾਵੇ।
ਮੀਟਿੰਗ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਟਰੈਫਿਕ ਲਾਈਟਾਂ, ਸੜਕਾਂ ਉਪਰ ਮਾਰਕਿੰਗ ਅਤੇ ਸਾਈਨ ਬੋਰਡ, ਮੈਨ ਚੌਕਾਂ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਉਨ੍ਹਾਂ ਨੂੰ ਚਾਲੂ ਹਾਲਤ ਵਿੱਚ ਰੱਖਣੇ ਯਕੀਨੀ ਬਣਾਏ ਜਾਣ। ਇਸ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਪੱਠਿਆਂ ਵਾਲੀਆਂ ਟਾਲਾਂ ਨੂੰ ਸਾਈਡ ਤੇ ਕਰਵਾਇਆ ਜਾਵੇ ਤਾਂ ਜੋ ਅਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨਗਰ ਨਿਗਮ ਤੇ ਪੀਆਰਟੀਸੀ ਵਿਭਾਗ ਨੂੰ ਕਿਹਾ ਕਿ ਸਾਂਝੇ ਤੌਰ ਤੇ ਕੰਮ ਕਰਦਿਆਂ ਜ਼ਰੂਰਤ ਅਨੁਸਾਰ ਸ਼ਹਿਰ ਵਿੱਚ ਆਰਜੀ ਬੱਸ ਸਟੈਂਡ ਬਨਾਉਣ ਵਾਲੇ ਢੁਕਵੇਂ ਸਥਾਨਾਂ ਦੀ ਸ਼ਨਾਖਤ ਕੀਤੀ ਜਾਵੇ।
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਸੜਕਾਂ ਤੇ ਪਏ ਟੋਇਆਂ ਆਦਿ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਬਾਲ ਸੁਰੱਖਿਆ ਵਿਭਾਗ ਨੂੰ ਕਿਹਾ ਕਿ ਸਕੂਲ ਵਾਹਨ ਸਕੀਮ ਤਹਿਤ ਕੈਂਪ ਲਗਾ ਕੇ ਵੱਧ ਤੋਂ ਵੱਧ ਬੱਚਿਆਂ ਨੁੰ ਜਾਗਰੂਕ ਕੀਤਾ ਜਾਵੇ ਅਤੇ ਸ਼ਹਿਰ ਦੇ ਚੌਂਕਾਂ ਆਦਿ ਵਿਖੇ ਭੀਖ ਮੰਗਣ ਵਾਲੇ ਵਾਲੇ ਬੱਚਿਆਂ ਨੂੰ ਵੀ ਜਾਗਰੂਕ ਕਰਦਿਆਂ ਉਨ੍ਹਾਂ ਨੂੰ ਸਕੂਲਾਂ ਵਿਚ ਦਾਖ਼ਲ ਕਰਵਾਇਆ ਜਾਵੇ।
ਇਸ ਮੌਕੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ. ਹਰਜਿੰਦਰ ਸਿੰਘ ਜੱਸਲ, ਨਿਗਰਾਨ ਇੰਜੀਨੀਅਰ ਨਗਰ ਨਿਗਮ ਸ਼੍ਰੀ ਰਾਜਿੰਦਰ ਕੁਮਾਰ, ਪੀਆਰਟੀਸੀ ਤੋਂ ਟਾਈਮ ਟੇਬਲ ਇੰਸਪੈਕਟਰ ਸ਼੍ਰੀ ਜਸਵਿੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਵਨੀਤ ਕੌਰ ਸਿੱਧੂ, ਡੀ.ਐਸ.ਪੀ. ਸ਼੍ਰੀ ਰਾਜ਼ੇਸ ਕੁਮਾਰ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *