ਆਸਟਰੇਲੀਆ ਵਸਦੇ ਤਿੰਨ ਪ੍ਰਵਾਸੀ ਕਵੀਆਂ ਦਾ ਕਾਵਿ ਸੰਗ੍ਰਹਿ ‘ਫੁੱਲ ਪੱਤੀਆਂ’ ਬਹੁਮੰਤਵੀ ਤੇ ਬਹੁਰੰਗੀ ਕਵਿਤਾਵਾਂ ਦਾ ਸੁਮੇਲ ਹੈ। ਇਸ ਕਾਵਿ ਸੰਗ੍ਰਹਿ ਨੂੰ ਜਸਬੀਰ ਸਿੰਘ ਆਹਲੂਵਾਲੀਆ ਨੇ ਸੰਪਾਦਿਤ ਕੀਤਾ ਹੈ। ਜਸਬੀਰ ਸਿੰਘ ਆਹਲੂਵਾਲੀਆ ਦਾ ਇਕ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਅਤੇ ਤਿੰਨ ਸਾਂਝੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਕਾਵਿ ਸੰਗ੍ਰਹਿ ਵਿੱਚ ਤਖਤਿੰਦਰ ਸਿੰਘ ਸੰਧੂ, ਅਮਰੀਕ ਸਿੰਘ ਡੋਗਰਾ ਦੀਆਂ 22-22 ਅਤੇ ਜਸਬੀਰ ਸਿੰਘ ਆਹਲੂਵਾਲੀਆ ਦੀਆਂ 20 ਕਵਿਤਾਵਾਂ ਸ਼ਾਮਲ ਹਨ। ਇਨ੍ਹਾਂ ਤਿੰਨਾ ਕਵੀਆਂ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ, ਧਾਰਮਿਕ, ਸਮਾਜਿਕ, ਸਭਿਆਚਾਰਿਕ ਅਤੇ ਪਿਆਰ ਮੁਹੱਬਤ ਦੇ ਵਿਸ਼ਿਆਂ ਦੀਆਂ ਬਾਤਾਂ ਪਾਉਂਦੀਆਂ ਹਨ। ਤਖਤਿੰਦਰ ਸਿੰਘ ਸੰਧੂ ਦੀਆਂ ਕਵਿਤਾਵਾਂ ਸੁਰ, ਤਾਲ ਅਤੇ ਲੈ ਬੱਧ ਹਨ, ਜਿਹੜੀਆਂ ਮਿੱਟੀ ਦੇ ਮੋਹ, ਪ੍ਰਵਾਸ ਵਿੱਚ ਸਥਾਪਤ ਹੋਣ ਦੀ ਜਦੋਜਹਿਦ, ਪੰਜਾਬੀ ਵਿਰਾਸਤ ਨਾਲ ਗੂੜ੍ਹੀ ਸਾਂਝ, ਕਿਸਾਨੀ ਦਰਦ, ਮਿਹਨਤ ਮਸ਼ੱਕਤ ਅਤੇ ਪਿਆਰ ਮੁਹੱਬਤ ਦੀ ਗੱਲ ਕਰਦੀਆਂ ਹਨ। ਉਸ ਦੀਆਂ ਕਵਿਤਾਵਾਂ ਪ੍ਰਵਾਸ ਵਿੱਚ ਪੰਜਾਬੀਆਂ ਦੀ ਜ਼ਿੰਦਗੀ ਜਿਓਣ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਵੀ ਸੰਕੇਤਕ ਢੰਗ ਨਾਲ ਸਮਝਾਉਂਦੀਆਂ ਹਨ। ਪ੍ਰਵਾਸ ਵਿੱਚ ਜਾ ਕੇ ਅਜਿਹੀ ਮ੍ਰਿਗ ਤ੍ਰਿਸ਼ਨਾ ਦੇ ਚਕਰ ਵਿੱਚ ਪੰਜਾਬੀ ਉਲਝੇ ਰਹਿੰਦੇ ਹਨ, ਜਿਵੇਂ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਕਹਾਵਤ ਹੈ, ਨਾ ਤਾਂ ਉਹ ਵਾਪਸ ਆ ਸਕਦੇ ਹਨ ਅਤੇ ਨਾ ਹੀ ਵਿਰਾਸਤ ਦਾ ਮੋਹ ਤਿਆਗ ਸਕਦੇ ਹਨ। ਮੋਹ ਮਿੱਟੀ ਦਾ ਸਿਰਲੇਖ ਵਾਲੀ ਕਵਿਤਾ ਪਰਵਾਸ ਦੀ ਤ੍ਰਾਸਦੀ ਦਾ ਪ੍ਰਗਟਾਂਵਾ ਕਰਦੀ ਹੈ, ਜਿਸ ਵਿੱਚ ਸ਼ਾਇਰ ਲਿਖਦਾ ਹੈ:
ਪੈਸਿਆਂ ਲਈ ਅਸੀਂ ਪ੍ਰਦੇਸੀਂ ਭੱਜੇ, ਬਹੁਤ ਕਮਾ ਲਏ ਨਾ ਫੇਰ ਵੀ ਰੱਜੇ।
ਕੰਮ ਹੀ ਕੰਮ ਵੱਲ ਰਾਤ ਦਿਨ ਜਾਈਏ, ਆਪਣੇ ਲਈ ਨਾ ਸਮਾਂ ਕੱਢ ਪਾਈਏ।
ਹੁਣ ਅੱਗੇ ਖੂਹ ਪਿੱਛੇ ਹੈ ਖਾਈ, ਲਾਲਚ ਵਿੱਚ ਆ ਅਸੀਂ ਜਿੰਦ ਫਸਾਈ।
ਦੇਖੋ ਦੇਖ ਖ਼ਰੀਦ ਲਈਆਂ ਕਾਰਾਂ, ਪੈਂਦੀਆਂ ਹੁਣ ਕਿਸ਼ਤਾਂ ਦੀਆਂ ਮਾਰਾਂ।
ਬੇਗਾਨੀ ਧਰਤ ਨੇ ਜਾਨ ਸੂਲੀ ‘ਤੇ ਟੰਗੀ,
ਬਾਹਰ ਦੀ ਚੋਪੜੀ ਨਾਲੋਂ ਘਰ ਦੀ ਸੁੱਕੀ ਚੰਗੀ।
ਕਵਿਤਾਵਾਂ ਸਮਾਜ ਵਿੱਚ ਹੋ ਰਹੇ ਧੋਖੇ, ਫਰੇਬ, ਵਹਿਮਾ ਭਰਮਾ, ਆਸ਼ਾ ਨਿਰਾਸ਼ਾ ਅਤੇ ਸਫਲਤਾ ਦੇ ਨੁਸਖਿਆਂ ਦੇ ਆਲੇ ਦੁਆਲੇ ਘੁੰਮਦੀਆਂ ਹਨ। ਪਰਵਾਸ ਵਿੱਚ ਪੰਜਾਬ ਦੀ ਨੌਜਵਾਨੀ ਦੇ ਵਹੀਰਾਂ ਘੱਤ ਕੇ ਜਾਣ ‘ਤੇ ਚਿੰਤਾ ਪ੍ਰਗਟ ਕਰਦਾ ਹੋਇਆ ਕਵੀ ਲਿਖਦਾ ਹੈ ਕਿ ਬੇਬਸੀ ਅਤੇ ਲਾਚਾਰੀ ਮਾਪਿਆਂ ਨੂੰ ਮਜ਼ਬੂਰ ਕਰਦੀਆਂ ਹਨ। ਬੱਚਿਆਂ ਦੇ ਵਿਦੇਸ਼ ਜਾਣ ਦਾ ਸੰਤਾਪ ਮਾਪੇ ਜਿਥੇ ਵਿਛੋੜੇ ਦੇ ਰੂਪ ਵਿੱਚ ਭੁਗਤਦੇ ਹਨ, ਉਥੇ ਹੀ ਜ਼ਮੀਨਾ ਵੇਚ ਅਤੇ ਕਰਜ਼ੇ ਚੁੱਕਣ ਵਰਗੇ ਕਦਮ ਵੀ ਚੁੱਕਦੇ ਹਨ। ਪ੍ਰਵਾਸ ਵਿੱਚ ਸਾਡੀ ਨੌਜਵਾਨੀ ਰੁਲ ਰਹੀ ਹੈ। ਜਿਹੜੇ ਸੁਪਨੇ ਸਿਰਜਕੇ ਜਾਂਦੇ ਹਨ, ਉਹ ਅਧੂਰੇ ਰਹਿ ਜਾਂਦੇ ਹਨ। ਸੰਧੂ ਵਾਤਵਰਨ ਬਾਰੇ ਵੀ ਆਪਣੀਆਂ ਕਵਿਤਾਵਾਂ ਵਿੱਚ ਚਿੰਤਾ ਪ੍ਰਗਟ ਕਰਦਾ ਹੈ। ਲੋਕਾਂ ਵੱਲੋਂ ਰੁੱਖਾਂ ਨੂੰ ਵੱਢਣਾ ਅਤੇ ਏ.ਸੀਜ਼ ਦੀ ਵਰਤੋਂ ਕਰਨਾ ਭਵਿਖ ਦੀ ਤਬਾਹੀ ਦਾ ਕਾਰਨ ਬਣ ਸਕਦੇ ਹਨ। ਰਿਸ਼ਤਿਆਂ ਵਿਚ ਗਿਰਾਵਟ ਦਾ ਕਾਰਨ ਪਰਿਵਾਰਾਂ ਵਿੱਚ ਜ਼ਮੀਨ ਜਾਇਦਾਦ ਦੇ ਝਗੜੇ ਤੇ ਲੜਾਈਆਂ ਬਣ ਰਹੀਆਂ ਹਨ। ਉਸ ਦੀਆਂ ਕਵਿਤਾਵਾਂ ਭਾਵੇਂ ਜਦੋਜਹਿਦ ਦੀ ਤਸਵੀਰ ਪੇਸ਼ ਕਰਦੀਆਂਹਨ ਪ੍ਰੰਤੂ ਫਿਰ ਵੀ ਆਸ਼ਾਵਾਦੀ ਹਨ, ਜਿਨ੍ਹਾਂ ਵਿੱਚ ਉਹ ਇਨਸਾਨ ਨੂੰ ਸਫਲਤਾ ਪ੍ਰਾਪਤ ਕਰਨ ਲਈ ਨਿਸ਼ਾਨਾ ਨਿਸਚਤ ਕਰਕੇ ਮਿਹਨਤ ਕਰਨ ਦੀ ਤਾਕੀਦ ਕਰਦਾ ਹੈ।
ਜਸਬੀਰ ਸਿੰਘ ਆਹਲੂਵਾਲੀਆ ਨੂੰ ਸਾਹਿਤਕ ਮਸ ਬਚਪਨ ਵਿੱਚ ਹੀ ਲੱਗ ਗਿਆ ਸੀ। ਅੰਮ੍ਰਿਤਸਰ ਵਰਗੇ ਧਾਰਮਿਕ ਸ਼ਹਿਰ ਵਿੱਚ ਵਿਚਰਨ ਕਰਕੇ ਧਾਰਮਿਕ ਅਕੀਦਾ ਵੀ ਮਜ਼ਬੂਤ ਹੋਇਆ ਅਤੇ ਸਾਹਿਤਕ ਦਿਗਜ਼ਾਂ ਨਾਲ ਮੇਲ ਜੋਲ ਕਰਨ ਦੇ ਮੌਕੇ ਮਿਲਦੇ ਰਹੇ। ਪਹਿਲਾਂ ਰੰਗ ਮੰਚ ਫਿਰ ਕਹਾਣੀ ਅਤੇ ਨਾਲ ਹੀ ਕਵਿਤਾ ਵਿਚ ਦਿਲਚਸਪੀ ਬਣ ਗਈ। ਆਸਟਰੇਲੀਆ ਆ ਕੇ ਵੀ ਰੰਗਮੰਚ ਨੂੰ ਪ੍ਰਣਾਇਆ ਰਿਹਾ। ਪ੍ਰੰਤੂ ਏਥੇ ਸੈਟਲ ਹੋਣ ਲਈ ਬਹੁਤ ਜਦੋਜਹਿਦ ਕਰਨੀ ਪਈ। ਵਿਓਪਾਰ ਵਿੱਚ ਇੱਕ ਭਾਈਵਾਲ ਤੋਂ ਧੋਖਾ ਖਾਣ ਅਤੇ ਪਤਨੀ ਦੇ ਸਵਰਗਵਾਸ ਹੋਣ ਤੋਂ ਬਾਅਦ ਦੁੱਖ ਦੇ ਸਮੇਂ ਉਸ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ। ਉਸ ਦੀਆਂ ਇਸ ਕਾਵਿ ਸੰਗ੍ਰਹਿ ਵਿਚ 20 ਕਵਿਤਾਵਾਂ ਹਨ, ਜਿਨ੍ਹਾਂ ਵਿਚੋਂ 9 ਕਵਿਤਾਵਾਂ ਪਿਆਰ ਮੁਹੱਬਤ, ਦੋ ਧਾਰਮਿਕ ਵਿਸ਼ਵਾਸ਼ ਨਾਲ ਸੰਬੰਧਤ ਅਤੇ ਦੋ ਮਾਂ ਦੀ ਮਮਤਾ ਵਾਲੀਆਂ ਹਨ। ਦੋ ਕਵਿਤਾਵਾਂ ਪ੍ਰਵਾਸ ਦੀ ਜਦੋਜਹਿਦ ਵਾਲੀਆਂ ਹਨ। ਜਸਬੀਰ ਸਿੰਘ ਆਹਲੂਵਾਲੀਆ ਪ੍ਰਵਾਸ ਦੀ ਪ੍ਰਣਾਲੀ ਦੀ ਪ੍ਰਸੰਸਾ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪ੍ਰਵਾਸ ਵਿੱਚ ਮਿਹਨਤ ਦੇ ਮੁੱਲ ਮਿਲਣ ਬਾਰੇ ਵੀ ਦਸਦੇ ਹਨ, ਜਦੋਂ ਕਿ ਪੰਜਾਬ ਵਿੱਚ ਅਜਿਹਾ ਕੁਝ ਨਹੀਂ ਹੈ। ਪ੍ਰਵਾਸ ਵਿੱਚ ਵੀ ਪੰਜਾਬੀਆਂ ਵੱਲੋਂ ਬੇਵਜਾਹ ਹੀ ਆਪਸੀ ਦੁਸ਼ਮਣੀਆਂ, ਨਫ਼ਰਤ ਅਤੇ ਧੋਖੇਬਾਜੀ ਕੀਤੀ ਜਾਂਦੀ ਹੈ। ਇਨਸਾਨਾ ਨੂੰ ਆਪਣੇ ਅੰਦਰ ਦੀ ਨਫ਼ਰਤ ਦੀ ਜ਼ਹਿਰ ਤੋਂ ਤਿਲਾਂਜਲੀ ਲੈਣੀ ਚਾਹੀਦੀ ਹੈ। ਖ਼ੁਸ਼ੀ ਸਫਲ ਜੀਵਨ ਵਿੱਚ ਸਹਾਇਕ ਸਾਬਤ ਹੁੰਦੀ ਹੈ। ‘ਬਥੇਰਾ ਰੋ ਲਏ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ:
ਜ਼ਿੰਦਗੀ ਦੇ ਰੁਝੇਵਿਆਂ ਨੇ, ਜ਼ਿੰਦਗੀ ਦੇ ਹਾਸੇ ਖੋਹ ਲਏ,
ਖੁਸ਼ੀਆਂ ਖੇੜੇ ਸਭ ਮਰ ਗਏ, ਬੱਸ ਗ਼ਮ ਹੀ ਮੇਰੇ ਹੋ ਗਏ।
ਇਕ ਦੂਜੇ ਦਾ ਹੱਥ ਫੜ ਕੇ, ਜ਼ਿੰਦਗੀ ਦਾ ਸਫਰ ਤਹਿ ਕਰੀਏ,
ਭੁੱਲ ਜਾਈਏ ਉਹਨਾਂ ਨੂੰ, ਜੋ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ।
ਮਿਲਵਰਤਨ ਨਾਲ ਰਹਿਣਾ ਇਨਸਾਨ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਕਰਦਾ ਹੈ। ਕਵੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੜਨ ਦੀ ਤਾਕੀਦ ਵੀ ਕਰਦਾ ਹੈ। ਜ਼ੁਲਮ ਦਾ ਟਾਕਰਾ ਕਰਨਾ ਬੇਹੱਦ ਜ਼ਰੂਰੀ ਹੈ। ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਦੀ ਪ੍ਰੋੜ੍ਹਤਾ ਵੀ ਕਰਦਾ ਹੈ। ਪ੍ਰਵਾਸ ਵਿੱਚ ਸਿੱਖੀ ਤੋਂ ਮੁਨਕਰ ਹੋ ਕੇ ਪਤਿਤ ਹੋਣ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਾ ਹੋਇਆ ਧਾਰਮਿਕ ਪਵਿਤਰਤਾ ‘ਤੇ ਜ਼ੋਰ ਦਿੰਦਾ ਹੈ। ਪੰਜਾਬੀ ਬੋਲੀ ਨੂੰ ਗੁਰੂ ਵੱਲੋਂ ਦਿੱਤਾ ਤੋਹਫਾ ਕਹਿੰਦਾ ਹੈ। ਪ੍ਰੰਤੂ ਅਸੀਂ ਲੋਕ ਪੰਜਾਬੀ ਤੋਂ ਮੁੱਖ ਮੋੜਕੇ ਸਫਲਤਾ ਚਾਹੁੰਦੇ ਹਾਂ। ਆਪਣੀ ਵਿਰਾਸਤ ਨਾਲ ਜੁੜਕੇ ਹੀ ਸਮਾਜਿਕ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਤੀਜਾ ਕਵੀ ਅਮਰੀਕ ਸਿੰਘ ਡੋਗਰਾ ਹੈ। ਅਮਰੀਕ ਸਿੰਘ ਡੋਗਰਾ ਨੂੰ ਕਵਿਤਾ ਲਿਖਣ ਦੀ ਚੇਟਕ ਇਕ ਛੋਟੇ ਬੱਚੇ ਦੀਆਂ ਕਵਿਤਾਵਾਂ ਸੁਣਨ ਤੋਂ ਬਾਅਦ ਲੱਗੀ। ਫਿਰ ਉਸ ਨੇ ਤੁਕ ਬੰਦੀ ਸ਼ੁਰੂ ਕਰ ਦਿੱਤੀ। 1984 ਵਿੱਚ ਉਹ ਆਸਟਰੇਲੀਆ ਪਹੁੰਚ ਗਿਆ। ਉਥੇ ਗੁਰੂ ਘਰ ਵਿੱਚ ਸਾਹਿਤਕ ਮਿਲਣੀਆਂ ਹੁੰਦੀਆਂ ਸਨ। ਉਹ ਵੀ ਉਨ੍ਹਾਂ ਵਿੱਚ ਜਾਣ ਲੱਗ ਪਿਆ। ਗੁਰੂ ਘਰ ਵਿੱਚ ਉਸ ਨੇ ਵੀ ਕਵਿਤਾਵਾਂ ਪੜ੍ਹਨੀਆਂ ਸ਼ੁਰੂ ਦਿੱਤੀਆਂ। ਕਿੱਤੇ ਦੇ ਤੌਰ ‘ਤੇ ਉਹ ਕੰਪਿਊਟਰ ਪ੍ਰੋਗਰਾਮਰ ਹੈ ਪ੍ਰੰਤੂ ਕਵਿਤਾਵਾਂ ਨੂੰ ਬੂਰ ਗੁਰੂ ਘਰ ਵਿੱਚ ਕਵਿਤਾਵਾਂ ਪੜ੍ਹਨ ਮੌਕੇ ਮਿਲੀ ਪ੍ਰਸੰਸਾ ਤੋਂ ਬਾਅਦ ਪੈਣ ਲੱਗਿਆ। ਆਸਟ੍ਰੇਲੀਆ ਵਿਖੇ ਉਹ ਲਗਾਤਾਰ ਗੁਰੂ ਘਰ ਨਾਲ ਜੁੜਿਆ ਰਿਹਾ, ਜਿਸ ਕਰਕੇ ਉਸ ਦੀ ਬਹੁਤੀ ਕਵਿਤਾ ਧਾਰਮਿਕ ਹੈ। ਸਿੱਖ ਧਰਮ ਦੀ ਵਿਚਾਰਧਾਰਾ ਦਾ ਮੁਦਈ ਹੋਣ ਕਰਕੇ ਉਹ ਧਾਰਮਿਕ ਕਵਿਤਾਵਾਂ ਨੂੰ ਹੀ ਤਰਜੀਹ ਦਿੰਦਾ ਰਿਹਾ। ਇਸ ਕਾਵਿ ਸੰਗ੍ਰਹਿ ਦੀਆਂ 22 ਕਵਿਤਾਵਾਂ ਵਿੱਚੋਂ 10 ਕਵਿਤਾਵਾਂ ਰੱਬ ਦਾ ਕੰਪਿਊਟਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਗੁਰੂ ਦੀ ਗੋਲਕ, ਅਨੋਖ਼ੀ ਖਾਹਿਸ਼, ਗੁਰ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ, ਵਾਹ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ, ਬਾਬੇ ਨਾਨਕ ਦਾ ਅਵਤਾਰ, ਦਰਦ ਏ ਪੰਜਾਬ ਅਤੇ ਇਕ ਆਵਾਜ਼ ਆਦਿ ਧਾਰਮਿਕ ਰੰਗ ਵਿੱਚ ਰੰਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਹੋਰ ਕਈ ਕਵਿਤਾਵਾਂ ਵਿੱਚ ਵੀ ਗੁਰੂ ਦੀ ਮਿਹਰ ਦਾ ਜ਼ਿਕਰ ਆਉਂਦਾ ਹੈ। ਪ੍ਰਕ੍ਰਿਤੀ ਅਤੇ ਵਾਤਾਵਰਨ ਨੂੰ ਵੀ ਉਨ੍ਹਾਂ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਵਾਤਾਵਰਨ ਦੇ ਪ੍ਰਦੂਸ਼ਤ ਹੋਣ ਨਾਲ ਸਮਾਜ ਸਿਹਤਮੰਦ ਨਹੀਂ ਰਹਿੰਦਾ। ਪ੍ਰਕ੍ਰਿਤੀ ਦੀ ਤਾਰੀਫ ‘ਸੁਖਾਂਦ ਨਜ਼ਾਰਾ’ ਕਵਿਤਾ ਵਿੱਚ ਕਰਦਾ ਕਵੀ ਲਿਖਦਾ ਹੈ:
ਠਹਿਰ ਗਈ ਧੜਕਣ ਵੀ, ਜਦ ਮੂਰਤ ਦਿੱਤੀ ਦਿਖਾਈ।
ਚੁੱਪ ਚੁਪੀਤੇ ਆਈ ਕੋਲ ਮੇਰੇ, ਅੰਦਰ ਦੀ ਪਰਛਾਈ।
ਦੇਖ ਕੇ ਸਭ ਨਜ਼ਾਰਾ ਫਿਰ, ਭੁੱਲ ਗਿਆ ਆਸਾ ਪਾਸਾ।
ਸਾਥੀ ਮੇਰਾ ਵੀ ਨਾ ਹਿੱਲਿਆ, ਦੇਖ ਕੇ ਇਹ ਤਮਾਸ਼ਾ।
ਕਿਸਾਨੀ ਦਾ ਦਰਦ ਵੀ ਉਸ ਦੀਆਂ ਕਵਿਤਾਵਾਂ ਵਿੱਚੋਂ ਝਲਕਦਾ ਹੈ। ਦੋ ਕਵਿਤਾਵਾਂ ਕਿਸਾਨ ਅੰਦੋਲਨ ਸੰਬੰਧੀ ਹਨ। ਪੰਜਾਬੀ ਮਾਂ ਬੋਲੀ ਬਾਰੇ ਕਵਿਤਾਵਾਂ ਵਿੱਚ ਕਵੀ ਨੂੰ ਹੰਦੇਸਾ ਹੈ ਕਿ ਮਾਂ ਬੋਲੀ ਤੋਂ ਦੂਰ ਹੋਣਾ ਵਿਰਾਸਤ ਨਾਲੋਂ ਟੁੱਟਣਾ ਹੈ। ਉਹ ਵਹਿਮਾ ਭਰਮਾ ਵਿੱਚ ਗ੍ਰਸੇ ਲੋਕਾਂ ਨੂੰ ਅਜਿਹੀਆਂ ਅਲਾਮਤਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਕਰਦਾ ਹੈ। ਨਸ਼ਿਆਂ ਦੇ ਪ੍ਰਕੋਪ ਵਿੱਚੋਂ ਬਾਹਰ ਆਉਣ ਦੀ ਤਾਕੀਦ ਕਰਦਾ ਕਵੀ ਲਿਖਦਾ ਹੈ:
ਨਸ਼ਿਆਂ ਨੇ ਦਬੋਚਿਆ, ਤੂੰ ਕਿਉਂ ਨਹੀਂ ਲੈਂਦਾ ਸਾਰ,
ਅਣਖ ਨੂੰ ਜਗਾਉਣ ਲਈ, ਹੁਣ ਹੱਥ ਪੈਰ ਤੂੰ ਮਾਰ।
ਹੱਥ ਪੈਰ ਜ਼ਰਾ ਮਾਰ ਕੇ, ਕਰ ਆਪਣੇ ਤੇ ਉਪਕਾਰ,
ਉਮੀਦਾਂ ਲਾਈ ਤੇਰੇ ਤੇ, ਹੈ ਬੈਠਾ ਸਭ ਪਰਵਾਰ।
ਕਾਵਿ ਸੰਗ੍ਰਹਿ ਦੀ ਆਖਰੀ ‘ਕੰਧ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਪ੍ਰੇਮ ਭਾਵ, ਸਦਭਾਵਨਾ ਅਤੇ ਮਿਲਵਰਤਨ ਨਾਲ ਜੀਵਨ ਜਿਓਣ ਲਈ ਕਹਿੰਦਾ ਹੈ। ਇਨਸਾਨ ਨੂੰ ਰਿਸ਼ਤਿਆਂ ਦਾ ਨਿੱਘ ਬਣਾਈ ਰੱਖਣ ਦੀ ਤਾਕੀਦ ਕਰਦਾ ਹੈ। ਮੁਹੱਬਤ ਜੀਵਨ ਨੂੰ ਸਫਲ ਬਣਾਉਂਦੀ ਹੈ।
94 ਪੰਨਿਆਂ, 150 ਰੁਪਏ ਕੀਮਤ, ਰੰਗਦਾਰ ਦਿਲਕਸ਼ ਮੁੱਖ ਕਵਰ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।

ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072