ਅੱਜ ਕੱਲ੍ਹ ਮੁੰਡੀਰ ਦਾ ਵੀ ਬਸ ਸਰਿਆ ਈ ਪਿਆ,” ਹੱਥ ਚ ਵੱਡੀ ਸਾਰੀ ਇੱਟ ਜੀ, ਕੰਨਾਂ ਚ ਟੂਟੀਆਂ ਜੀਆਂ ਫ਼ਸਾਈ ਆ ਕਮਲਿਆਂ ਵਾਂਗ ਸਿਰ ਜਾ ਹਿਲਾ ਈ ਜਾਂਦੈ”। ਉਹ ਕੀ ਗੱਲ ਹੋ ਗਈ? ਭਗਤੂ ਗਿਆਨੀ ਜੀ, “ਕਾਹਦਾ ਗਿਆਨ ਵੰਡੀ ਜਾਨਾਂ ਦੁਪਹਿਰੇ ਦੁਪਹਿਰੇ ਸੱਥ ਵਿੱਚ ,ਗੇਜੇ ਨੇ ਭਗਤੂ ਨੂੰ ਟਿੱਚਰ ਨਾਲ ਛੇੜ ਦਿਆਂ ਕਿਹਾ”। ਮੈਨੂੰ ਪਤਾ! ਗੇਜਾ ਸਿਆਂ ,ਜਿਹੜੀ ਪਿਸਤੋਂ ਤੂੰ ਬੋਲਦਾਂ,” ਪਤਾ ਉਦੋਂ ਲੱਗੂ ਜਦੋਂ ਆਪਣੇ ਤੇ ਆ ਪਈ”। ਗੱਲ ਤਾਂ ਭਗਤੂ ਦੀ ਸੋਲ੍ਹਾਂ ਆਨੇ ਸੱਚ ਹੈ ਤਾਇਆ, ਰੰਗ ਦੀ ਦੁੱਕੀ ਨਾਲ਼ ਯੱਕਾ ਕੁੱਟਦਿਆਂ ਵੱਢ ਖਾਣਿਆ ਦਾ ਭੌਂਕਾ ਬੋਲਿਆ।ਆਹ ਸਹੁਰੀਂ ਦੀ ਡੱਬੀ ਜੀ ਪਤਾ ਨਹੀਂ ਕੀ ਹੈ?ਹਰ ਕੋਈ ਧੌਣ ਜਿਹੀ ਝੁਕਾਈ ਬੈਠਾ। ਉਹ ਭਰਾਵੋ!ਨਿਰਾ ਝੂਠ,ਗੰਦ ਦੀ ਦੁਕਾਨ ਹੈ, ਮੁੰਡੇ ਕੁੜੀਆਂ, ਬੱਚੇ ਬੁੱਢੇ, ਸਾਰੇ ਹੀ ਵਿਗੜੇ ਪਏ ਨੇ ,ਗੱਲ ਮੁੱਕਦੀ ਸਭਿਆਚਾਰ ਦੀਆਂ ਵਾਖਾਂ ਉਧੇੜੀਆਂ ਪਈਆਂ ਨੇ। ਸੰਗ ਸ਼ਰਮ ਜਮਾਂ ਲਾਹ ਕੇ ਪਾਸੇ ਰੱਖਤੀ। ਜਿਹੜੀ ਧੀ ਭੈਣ ਕਦੇ ਸਿਰ ਤੋਂ ਚੁੰਨੀ ਨਹੀਂ ਲਾਹੁੰਦੀ ਸੀ ਅੱਜ ਉਹ ਹੋ ਬਸ ਚੁੱਪ ਹੀ ਭਲੀ ਕਹਿੰਦੇ ਵਿਰਸਾ ਮੱਲ ਚੁੱਪ ਜਿਹੀ ਧਾਰ ਗਿਆ। ਪੰਜਾਬ ਤਾਂ ਨਹੀਂ ਬਚਦਾ ਇਹ ਦਾ ਬੇੜਾ ਗ਼ਰਕ ਹੋਇਆ ਲਓ। ਜਿਸ ਸਾਬ ਨਾਲ਼ ਆਵਾ ਊਤਿਆ ਪਿਆ। ਕਿਧਰੇ ਨਸ਼ਿਆਂ ਦੇ ਦਰਿਆ, ਲੁੱਟ ਖੋਹ, ਗੈਂਗ ਵਾਰ, ਧੀਆਂ ਭੈਣਾਂ ਦੀ ਬੇਪੱਤੀ , ਧਰਮ ਗ੍ਰੰਥਾਂ ਦੀ ਬੇਅਦਵੀ ।
ਪਰ ਪਿੰਡ ਦੀ,,,”ਸੱਥ ਦੇ ਬਾਬਾ ਬੋਹੜ “ਮੰਨੇ ਜਾਂਦੇ ਬਾਬਾ ਪੰਜਾਬਾਂ ਤੋਂ ਬੋਲੇ ਬਿਨਾਂ ਰਿਹਾ ਨਾ ਗਿਆ।ਕੋਈ ਗੱਲ ਨਹੀਂ ਸ਼ੇਰੋ! ਫ਼ਿਕਰ ਨਾ ਕਰੋ,” ਇਹ ਸਭ ਸਮੇਂ ਦੀਆਂ ਖੇਡਾਂ ਨੇ, ਚੰਗਾ ਮਾੜਾ ਸਮਾਂ ਚੱਲਦਾ ਰਿਹਾ।” ਪਰ ਸਿਆਣੇ ਕਹਿੰਦੇ ਹਨ ਕਿ “ਸਮੁੰਦਰ ਬਹੁਤ ਵਾਰ ਚੜ੍ਹ ਕੇ ਆਉਂਦਾ ਫੇਰ ਹੌਲੀ ਹੌਲੀ ਆਪੇ ਸ਼ਾਂਤ ਹੋ ਜਾਂਦਾ”।”ਏਸੇ ਤਰ੍ਹਾਂ ਇਹ ਮਾਰੂ ਲਹਿਰਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ ਪੰਜਾਬ ਦਾ।ਜਦੋਂ ਦਾ ਪੰਜਾਬ ਵਸਿਆ ਬਹੁਤ ਲਹਿਰਾਂ ਉੱਠੀਆਂ ਤੇ ਸਮਾ ਗਈਆਂ, ਬਹੁਤ ਕੁਝ ਲੈ ਗਈਆਂ, ਬਹੁਤ ਕੁਝ ਦੇ ਗਈਆਂ ਕਹਿੰਦੇ- ਕਹਿੰਦੇ ਪੰਜਾਬਾ ਸਿਆਂ ਚੁੱਪ ਜਿਹੀ ਧਾਰ ਗਿਆ। ਜਿਵੇਂ ਕਿਸੇ ਮਾਰੂ ਲਹਿਰ ਦੀ ਚੀਸ ਸੀਨੇ ਉੱਠੀ ਹੋਵੇ।ਸੱਥ ਵਿੱਚ ਇੱਕ ਵਾਰ ਫੇਰ ਸੰਨਾਟਾ ਜਿਹਾ ਛਾ ਗਿਆ।
ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ -1
ਆਫ਼ਿਸਰ ਕਾਲੋਨੀ ਸੰਗਰੂਰ
148001
ਫ਼ੋਨ+919872299613
Leave a Comment
Your email address will not be published. Required fields are marked with *