ਕੋਟਕਪੂਰਾ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲੋਕਤੰਤਰ ਦੇ ਸੱਚੇ ਪਹਿਰੇਦਾਰ ਹੋਣ ਦਾ ਰੌਲਾ ਪਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦਾ ਤਾਨਾਸ਼ਾਹੀ ਚਿਹਰਾ ਹਰ ਪੱਧਰ ’ਤੇ ਨਸ਼ਰ ਹੋ ਰਿਹਾ ਹੈ। ਪੰਚਾਇਤੀ ਚੋਣਾਂ ਦੌਰਾਨ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਵੱਡੇ ਸਵਾਲ ਉੱਠ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਵਲੋਂ ਜਿੱਥੇ ਚੁੱਲ੍ਹਾ ਟੈਕਸ, ਐੱਨ.ਓ.ਸੀ. ਆਦਿ ਰਾਹੀਂ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਉੱਥੇ ਹੀ ਲੋਕਾਂ ਅੰਦਰ ਵੱਖ-ਵੱਖ ਢੰਗਾਂ ਨਾਲ ਡਰ ਪੈਦਾ ਕਰਕੇ ਪੰਚਾਇਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਮ.ਪੀ. ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਫ਼ਰੀਦਕੋਟ ਹਲਕੇ ਦੇ ਵਿਧਾਇਕਾਂ ਵੱਲੋਂ ਪੰਚਾਇਤੀ ਚੋਣਾਂ ਕਰਕੇ ਲੋਕਾਂ ਉੱਪਰ ਦਬਾਅ ਬਣਾਉਣ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵਰਕਰ ਅਸਲ ਇਨਕਲਾਬੀ ਹਨ, ਜਿੰਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ‘ਆਪ’ ਪਾਰਟੀ ਨੂੰ ਪਹਿਲਾਂ ਵੀ ਮਹਿੰਗਾ ਪਿਆ ਸੀ ਅਤੇ ਅੱਗੋਂ ਵੀ ਮਹਿੰਗਾ ਪਵੇਗਾ। ਇਸ ਲਈ ‘ਆਪ’ ਸਰਕਾਰ ਲੋਕਤੰਤਰ ਦਾ ਘਾਣ ਕਰਨ ਤੋਂ ਬਾਜ਼ ਆਵੇ ਅਤੇ ਪੰਜਾਬ ਨੂੰ ਹੋਰ ਬਰਬਾਦ ਨਾ ਕਰੇ।