ਬਲਧੀਰ ਮਾਹਲਾ ਆਫੀਸ਼ੀਅਲ ਯੂਟਿਊਬ ਚੈਨਲ ਦੇ ਪ੍ਰੈਸ ਸਕੱਤਰ ਸ਼੍ਰੀ ਧਰਮ ਪ੍ਰਵਾਨਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਬਲਧੀਰ ਮਾਹਲਾ ਦਾ ਹਰ ਨਵਾਂ ਗੀਤ ਉਸਦੇ ਆਪਣੇ ਹੀ ਮਿਆਰ ਲਈ ਚੁਣੌਤੀ ਹੁੰਦਾ ਹੈ ਉਹ ਗਾਇਕੀ ਦੇ ਜਿਸ ਮੁਕਾਮ ‘ਤੇ ਚੱਲ ਰਿਹਾ ਹੈ ਉਸ ਉੱਤੇ ਉਹ ਅਡੋਲ ਹੈ। ਉਸਨੇ ਗਾਇਨ ਸ਼ੈਲੀ ਨਾਲ ਜਾਂ ਕਿਸੇ ਸ਼ਾਇਰ ਨਾਲ ਕਦੇ ਸਮਝੌਤਾ ਨਹੀਂ ਕੀਤਾ, ਨਾ ਹੀ ਉਸਨੇ ਫੋਕੀ ਸ਼ੋਹਰਤ ਜਾਂ ਪੈਸੇ ਲਈ ਮਰੂੰ ਮਰੂੰ ਕੀਤੀ ਅਤੇ ਨਾ ਹੀ ਇਸ ਸਾਰੇ ਤਾਮ-ਝਾਮ ਲਈ ਕਿਸੇ ਦੀ ਚਾਅ ਪਲੂਸੀ ਕੀਤੀ ਹੈ। ਬਲਧੀਰ ਮਾਹਲਾ ਇੱਕ ਨਿਰੰਤਰ ਸੰਘਰਸ਼ ਦਾ ਨਾਮ ਹੈ। ਉਸਦੇ ਜਵਾਨ ਬੇਟੇ ਦੀਆਂ ਕਿਡਨੀਆਂ ਫੇਲ ਹੋਣ ਕਾਰਨ ਮੁਸੀਬਤਾਂ ਵਿੱਚ ਘਿਰਿਆ ਹੋਇਆ ਵੀ ਜਿਸ ਹੌਸਲੇ ਤੇ ਹਲੀਮੀ ਨਾਲ ਉਹ ਚੱਲ ਰਿਹਾ ਇਹ ਉਸਦਾ ਜ਼ਜ਼ਬਾ ਹੈ ਗਾਇਕੀ ਨਾਲ ਉਸਦਾ ਇਸ਼ਕ ਹੈ। ਅੰਮ੍ਰਿਤਾ ਪ੍ਰੀਤਮ ਤੋਂ ਲੈਕੇ ਸੁਰਜੀਤ ਪਾਤਰ, ਡਾ. ਲਖਵਿੰਦਰ ਜੌਹਲ ਜਿਹੇ ਸਿਰਮੌਰ ਸ਼ਾਇਰਾਂ ਤੱਕ ਤੇ ਪਤਾ ਨਹੀਂ ਹੋਰ ਕਿੰਨੇ ਕੁ ਸ਼ਾਇਰਾਂ ਦੀ ਸ਼ਾਇਰੀ ਨੂੰ ਉਸਨੇ ਰੂਹ ਨਾਲ ਰੱਜਕੇ ਗਾਇਆ ਹੈ। ਉਹਨੇ ਪੰਜਾਬੀ ਮਾਂ ਬੋਲੀ ਦੇ ਹਿਰਦੇ ਨੂੰ ਕਦੇ ਵਲੂੰਧਰਿਆ ਨਹੀਂ ਸਗੋਂ ਮੱਲ੍ਹਮ ਬਣਿਆ ਹੈ। ਉਸਨੇ ਸ਼ੁਰੂ ਤੋਂ ਹੁਣ ਤੱਕ ਜਿਨ੍ਹਾਂ ਵੀ ਲਿਖਿਆ ਤੇ ਗਾਇਆ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਬਲਧੀਰ ਮਾਹਲਾ ਮਾਂ ਬੋਲੀ ਦਾ ਸਰਵਣ ਪੁੱਤਰ ਤੇ ਗਾਇਕੀ ਦੇ ਅੰਬਰ ‘ਤੇ ਧਰੂ ਤਾਰੇ ਵਾਂਗ ਚਮਕਦਾ ਸਿਤਾਰਾ ਹੈ।
ਬਲਧੀਰ ਮਾਹਲਾ ਜੋ ਆਪਣਾ ਨਵਾਂ ਗੀਤ ਦਰਦਮੰਦਾਂ ਦੀਆਂ ਆਹੀਂ ਪੇਸ਼ ਕਰਦਾ ਦਰਦ ਏ ਪੰਜਾਬ, ਤੁਸੀਂ ਮਾਣਦੇ ਆਜ਼ਾਦੀ, ਸਾਡੀ ਹੋਈ ਬਰਬਾਦੀ… ਅੱਜ ਦੁਨੀਆਂ ਭਰ ਵਿਚ ਆਪਣੇ ਯੂਟਿਊਬ ਦੇ ਬਲਧੀਰ ਮਾਹਲਾ ਆਫੀਸ਼ੀਅਲ ਚੈਨਲ ਉੱਤੇ ਰਿਲੀਜ਼ ਕਰ ਰਿਹਾ ਹੈ I ਇਸ ਗੀਤ ਨੂੰ ਉੱਘੇ ਲੇਖਕ ਭੱਟੀ ਝੰਡੇ ਵਾਲਾ ਨੇ ਕਲਮਬੱਧ ਕੀਤਾ ਹੈ ਜਿਸ ਵਿੱਚ 1947 ਦੇ ਬਟਵਾਰੇ ਤੋਂ ਲੈਕੇ ਵਾਅਦੇ ਮੁਕਰਨ, 1984 ਦਾ ਕਾਲਾ ਦੌਰ, ਜਵਾਨੀ, ਕਿਰਸਾਨੀ, ਤੇ ਹੋਰ ਦਰਦਾਂ ਦੀ ਦਾਸਤਾਂ ਪੇਸ਼ ਕੀਤੀ ਗਈ ਹੈ। ਜਿਸ ਨੂੰ ਜਿੰਨ੍ਹੇ ਗਹਿਰੇ ਸ਼ਬਦਾਂ ਨਾਲ ਲੇਖਕ ਨੇ ਲਿਖਿਆ ਹੈ ਓਨੇ ਹੀ ਦਰਦ ਨਾਲ ਬਲਧੀਰ ਮਾਹਲਾ ਨੇ ਗਾਇਆ ਹੈ। ਇਸ ਗੀਤ ਦੇ ਲਿਖਣ ਤੋਂ ਲੈਕੇ ਰਿਕਾਰਡਿੰਗ ਕਰਨ ਅਤੇ ਫ਼ਿਲਮਾਉਣ ਤੱਕ ਸਮੁੱਚੀ ਟੀਮ ਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ ਜੋ ਇੱਕ ਇੱਕ ਮੈਂਬਰ ਦੀ ਮਿਹਨਤ ਆਪਣਾ ਰੰਗ ਜ਼ਰੂਰ ਬਿਖੇਰੇਗੀ। ਇਸ ਗੀਤ ਨੂੰ ਬਲਧੀਰ ਮਾਹਲਾ ਮਿਊਜ਼ਿਕ ਗਰੁੱਪ ਦੇ ਸੰਗੀਤ ਨਿਰਦੇਸ਼ਕ ਜੇ ਪੀ ਸਿੰਘ ਦੇ ਸਹਿਯੋਗ ਨਾਲ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਸੰਨੀ ਸੈਵਨ ਨੇ ਆਪਣੇ ਸੰਗੀਤ ਵਿੱਚ ਪ੍ਰੋਅਕੇ ਤਿਆਰ ਕੀਤਾ ਹੈ। ਵੀਡੀਓ ਡਾਇਰੈਕਟਰ ਗੁਰਬਾਜ ਗਿੱਲ ਤੇ ਸੀਨੀਅਰ ਸੰਪਾਦਕ ਰਾਜ ਮਾਨ ਦੀ ਦੇਖ ਰੇਖ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਫਿਲਮਾਏ ਗਏ ਗੀਤ ਵਿੱਚ ਨਾਮਵਰ ਕਲਾਕਾਰ ਅਮਰਜੀਤ ਸੇਖੋਂ ਅਤੇ ਭੋਲਾ ਗੋਨੇਆਣਾ ਨੇ ਮੇਂਨ ਲੀਡ ਦੇ ਆਪੋ ਆਪਣੇ ਕਿਰਦਾਰ ਨਿਭਾਏ ਹਨ। ਅੱਜ ਸ਼ਾਮ ਨੂੰ ਇਹ ਗੀਤ ਯੂਟਿਊਬ ਦੇ ਬਲਧੀਰ ਮਾਹਲਾ ਆਫੀਸ਼ੀਅਲ ਚੈਨਲ ਉੱਤੇ ਦੁਨੀਆਂ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ।

Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ