ਸਰੀ, 12 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਾਵੇਂ ਪ੍ਰਦੇਸਾਂ ਵਿਚ ਕਿੰਨੇ ਵੀ ਸੁਖ ਭੋਗ ਰਹੇ ਹੋਣ, ਐਸ਼ ਕਰ ਰਹੇ ਹੋਣ ਪਰ ਪੰਜਾਬ ਵਿਚ ਮਾਣੇ ਨਜ਼ਾਰਿਆਂ ਦੀ ਸਿੱਕ ਹਮੇਸ਼ਾਂ ਉਨ੍ਹਾਂ ਦੇ ਮਨਾਂ ਵਿਚ ਧੂਹ ਪਾਉਂਦੀ ਰਹਿੰਦੀ ਹੈ, ਬੇਚੈਨ ਕਰਦੀ ਰਹਿੰਦੀ ਹੈ। ਬਹੁਤੇ ਲੋਕ ਆਪਣੀ ਅਜਿਹੀਆਂ ਰੀਝਾਂ ਦੇ ਸੁਪਨੇ ਲੈ ਕੇ ਹੀ ਸਬਰ ਦਾ ਘੁੱਟ ਭਰ ਲੈਂਦੇ ਹਨ ਪਰ ਕੁਝ ਲੋਕ ਹਨ ਜੋ ਸਮਰੱਥ ਹੋਣ ਕਾਰਨ ਆਪਣੀ ਦਿਲੀ ਤਾਂਘ ਪੂਰੀ ਕਰਨ ਵਿਚ ਸਫਲ ਵੀ ਹੋ ਜਾਂਦੇ ਹਨ। ਸਰੀ ਵਸਦੇ ਅਜਿਹੇ ਹੀ ਇਕ ਬਿਜ਼ਨਸਮੈਨ ਹਨ- ਕੁਲਤਾਰ ਸਿੰਘ ਥਿਆੜਾ, ਜੋ ਆਪਣੀ ਲੰਡੀ ਜੀਪ ਵਿਚ ਗੇੜੇ ਲਾਉਣ ਦੀ ਰੀਝ ਨੂੰ ਸਾਕਾਰ ਕਰ ਕੇ ਅਨੂਠਾ ਅਹਿਸਾਸ ਮਹਿਸੂਸ ਕਰ ਰਹੇ ਹਨ।
ਸਰੀ ਵਿਚ ਤਾਜ ਕਨਵੈਨਸ਼ਨ ਸੈਂਟਰ ਦੇ ਮਾਲਕ ਕੁਲਤਾਰ ਸਿੰਘ ਥਿਆੜਾ ਨੇ ਦੱਸਿਆ ਕਿ ਬੜੇ ਚਿਰਾਂ ਤੋਂ ਉਨ੍ਹਾਂ ਦੇ ਮਨ ਵਿਚ ਇਹ ਖਾਹਿਸ਼ ਪਲ ਰਹੀ ਸੀ ਕਿ ਸਰੀ ਦੀਆਂ ਸੜਕਾਂ ‘ਤੇ ਕਦੇ ਆਪਣੀ ਖੁੱਲ੍ਹੀ ਜੀਪ ਵਿਚ ਗੇੜੀਆਂ ਲਾਈਆਂ ਜਾਣ। ਥੋੜ੍ਹਾ ਚਿਰ ਪਹਿਲਾਂ ਹੀ ਉਨ੍ਹਾਂ ਦੀ ਇਹ ਰੀਝ ਪੂਰੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਪੰਜਾਬ ਤੋਂ ਤਿਆਰ ਕਰਵਾਈ ਲੰਡੀ ਜੀਪ ਸਰੀ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਜੀਪ ਬਣਵਾਉਣ ਅਤੇ ਏਥੇ ਲਿਆਉਣ ਵਿਚ ਏਨੀ ਮੁਸ਼ਕਿਲ ਪੇਸ਼ ਨਹੀਂ ਆਈ ਪਰ ਸਰੀ ਵਿਚ ਇੰਸ਼ੌਰੈਂਸ ਕੰਪਨੀ (ਆਈਸੀਬੀਸੀ) ਨਾਲ ਰਜਿਸਟਰਡ ਕਰਵਾਉਣ ਲਈ ਕਾਫੀ ਤਰੱਦਦ ਕਰਨਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਲੰਡੀ ਜੀਪ ਵਿਚ ਸਵਾਰ ਹੋ ਕੇ ਜਦੋਂ ਸਰੀ ਦੀਆਂ ਸੜਕਾਂ ‘ਤੇ ਗੇੜਾ ਦਿੰਦੇ ਹਨ ਤਾਂ ਇਕ ਵੱਖਰਾ ਹੀ ਨਜ਼ਾਰਾ ਦਿਲ ਨੂੰ ਬੇਹੱਦ ਸਕੂਨ ਦਿੰਦਾ ਹੈ।