“ਪਿੰਕੀ ਬੇਟਾ, ਤੂੰ ਕੀ ਕਰ ਰਹੀ ਹੈਂ?” ਮੰਮੀ ਨੇ ਰਸੋਈ ਵਿੱਚ ਚਾਹ ਬਣਾਉਂਦੇ ਹੋਏ ਪੁੱਛਿਆ।
“ਮੰਮੀ, ਮੈਂ ਆਪਣਾ ਹੋਮਵਰਕ ਕਰਨ ਲੱਗੀ ਹਾਂ। ਤੁਸੀਂ ਜਲਦੀ ਆ ਜਾਓ।” ਪਿੰਕੀ ਨੇ ਜਵਾਬ ਦਿੱਤਾ।
“ਹਾਂ, ਬੇਟਾ! ਮੈਂ ਬੱਸ ਚਾਹ ਲੈ ਕੇ ਆ ਰਹੀ ਹਾਂ।”
ਪਿੰਕੀ ਤੀਜੀ ਜਮਾਤ ਵਿੱਚ ਪੜ੍ਹਦੀ ਸੀ। ਉਸਦਾ ਸਕੂਲ ਉਸਦੇ ਘਰ ਦੇ ਨੇੜੇ ਹੀ ਸੀ। ਪਿੰਕੀ ਦੀ ਮਾਂ ਸੋਨਲ ਸ਼ਾਮ ਨੂੰ ਪਿੰਕੀ ਦਾ ਹੋਮਵਰਕ ਕਰਵਾਉਂਦੀ ਸੀ ਅਤੇ ਫਿਰ ਉਸਨੂੰ ਖੇਡਣ ਲਈ ਪਾਰਕ ਵਿੱਚ ਵੀ ਲੈ ਕੇ ਜਾਂਦੀ ਸੀ।
“ਅੱਛਾ ਬੇਟਾ, ਅੱਜ ਤੂੰ ਸਕੂਲ ਵਿੱਚ ਕੀ ਪੜ੍ਹਿਆ?” ਸੋਨਲ ਨੇ ਚਾਹ ਲੈ ਕੇ ਬੈਠਦਿਆਂ ਪੁੱਛਿਆ।
“ਅੱਜ ਮੈਂ ਗਣਿਤ ਦੀ ਕਲਾਸ ਵਿੱਚ ਟੇਬਲ ਪੜ੍ਹੇ। ਫਿਰ ਹਿੰਦੀ ਦੀ ਕਲਾਸ ਵਿੱਚ ਇੱਕ ਕਹਾਣੀ ਪੜ੍ਹੀ ਅਤੇ ਭੂਗੋਲ ਦੀ ਕਲਾਸ ਵਿੱਚ ਵਾਤਾਵਰਣ-ਸੰਭਾਲ ਬਾਰੇ ਪੜ੍ਹਿਆ। ਟੀਚਰ ਨੇ ਸਾਨੂੰ ਹੋਮਵਰਕ ਵਿੱਚ ਇਸਦਾ ਰਿਵੀਜ਼ਨ ਕਰਨ ਲਈ ਕਿਹਾ ਹੈ। ਕੱਲ੍ਹ ਉਹ ਸਾਨੂੰ ਇਸ ਵਿਸ਼ੇ ‘ਤੇ ਸਵਾਲ ਪੁੱਛਣਗੇ।”
“ਠੀਕ ਹੈ। ਆ ਜਾ, ਮੈਂ ਤੈਨੂੰ ਇਸਦਾ ਰਿਵੀਜ਼ਨ ਕਰਵਾ ਦਿੰਦੀ ਹਾਂ। ਪਹਿਲਾਂ ਮੈਨੂੰ ਇਹ ਦੱਸ ਕਿ ਵਾਤਾਵਰਣ ਕੀ ਹੁੰਦਾ ਹੈ?”
“ਵਾਤਾਵਰਣ ਉਹ ਜਗ੍ਹਾ ਹੈ ਜਿੱਥੇ ਅਸੀਂ ਰਹਿੰਦੇ ਹਾਂ, ਜਿਵੇਂ ਕਿ ਸਾਡਾ ਘਰ, ਸਕੂਲ, ਪਾਰਕ ਅਤੇ ਜੰਗਲ। ਇਸ ਵਿੱਚ ਰੁੱਖ, ਜਾਨਵਰ, ਪੰਛੀ, ਹਵਾ, ਪਾਣੀ, ਜ਼ਮੀਨ ਅਤੇ ਸਾਰੀਆਂ ਜੀਵਤ- ਨਿਰਜੀਵ ਚੀਜ਼ਾਂ ਸ਼ਾਮਲ ਹਨ।
“ਬਹੁਤ ਵਧੀਆ ਬੇਟਾ। ਹੁਣ ਮੈਨੂੰ ਇਹ ਦੱਸ ਕਿ ਵਾਤਾਵਰਣ ਸੰਭਾਲ ਤੋਂ ਕੀ ਭਾਵ ਹੈ?”
“ਮੰਮੀ, ਟੀਚਰ ਨੇ ਸਾਨੂੰ ਦੱਸਿਆ ਹੈ ਕਿ ਆਪਣੇ ਆਲੇ- ਦੁਆਲੇ ਦੇ ਵਾਤਾਵਰਣ ਦੀ ਰੱਖਿਆ ਕਰਨ, ਇਸਨੂੰ ਸਿਹਤਮੰਦ ਰੱਖਣ ਨੂੰ ਹੀ ਵਾਤਾਵਰਣ-ਸੰਭਾਲ ਕਿਹਾ ਜਾਂਦਾ ਹੈ।”
“ਬਹੁਤ ਵਧੀਆ।” ਮੰਮੀ ਨੇ ਪਿੰਕੀ ਦੀ ਪ੍ਰਸ਼ੰਸਾ ਕੀਤੀ। “ਠੀਕ ਹੈ ਪਿੰਕੀ, ਹੁਣ ਇਹ ਦੱਸ ਕਿ ਅਸੀਂ ਵਾਤਾਵਰਣ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ?”
“ਪਹਿਲਾ, ਰੁੱਖ ਲਗਾ ਕੇ ਅਤੇ ਉਨ੍ਹਾਂ ਦੀ ਦੇਖਭਾਲ ਕਰਕੇ। ਦੂਜਾ, ਪਲਾਸਟਿਕ ਦੀ ਵਰਤੋਂ ਘਟਾ ਕੇ। ਤੀਜਾ, ਜੰਗਲਾਂ ਦੀ ਕਟਾਈ ਨੂੰ ਰੋਕ ਕੇ। ਚੌਥਾ, ਵਾਹਨਾਂ ਦੀ ਵਰਤੋਂ ਘਟਾ ਕੇ… ਮੰਮੀ, ਮੈਨੂੰ ਬੱਸ ਇਹੀ ਪਤਾ ਹੈ,” ਪਿੰਕੀ ਨੇ ਕਿਹਾ।
“ਬਹੁਤ ਵਧੀਆ, ਪਿੰਕੀ। ਪੰਜਵਾਂ, ਅਸੀਂ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਕਰਕੇ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਕੇ ਵੀ ਵਾਤਾਵਰਣ ਦੀ ਰੱਖਿਆ ਕਰ ਸਕਦੇ ਹਾਂ,” ਮੰਮੀ ਨੇ ਕਿਹਾ।
ਅਗਲੇ ਦਿਨ ਭੂਗੋਲ ਦੀ ਕਲਾਸ ਵਿੱਚ ਅਧਿਆਪਕਾ ਨੇ ਵਿਦਿਆਰਥੀਆਂ ਨੂੰ ਇੱਕ-ਇੱਕ ਕਰਕੇ ਵਾਤਾਵਰਣ-ਸੁਰੱਖਿਆ ਬਾਰੇ ਪੁੱਛਿਆ। ਜਦੋਂ ਪਿੰਕੀ ਦੀ ਵਾਰੀ ਆਈ, ਤਾਂ ਅਧਿਆਪਕਾ ਨੇ ਪੁੱਛਿਆ, “ਪਿੰਕੀ, ਤੂੰ ਦੱਸ ਕਿ ਅਸੀਂ ਵਾਤਾਵਰਣ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ?”
“ਅਸੀਂ ਵਾਤਾਵਰਣ ਦੀ ਰੱਖਿਆ ਲਈ ਬਹੁਤ ਸਾਰੇ ਰੁੱਖ ਲਗਾ ਸਕਦੇ ਹਾਂ। ਅਸੀਂ ਪਲਾਸਟਿਕ ਦੀ ਬਜਾਏ ਪੇਪਰ-ਬੈਗ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰ ਸਕਦੇ ਹਾਂ ਜਾਂ ਪੈਦਲ ਚੱਲ ਸਕਦੇ ਹਾਂ, ਇਸ ਨਾਲ ਸਾਡੀ ਸਿਹਤ ਵੀ ਚੰਗੀ ਰਹੇਗੀ। ਅਸੀਂ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕ ਕੇ ਵਾਤਾਵਰਣ ਦੀ ਰੱਖਿਆ ਕਰ ਸਕਦੇ ਹਾਂ,” ਪਿੰਕੀ ਨੇ ਕਿਹਾ।
“ਵਾਹ, ਪਿੰਕੀ! ਤੂੰ ਬਹੁਤ ਵਧੀਆ ਜਵਾਬ ਦਿੱਤਾ ਹੈ,” ਅਧਿਆਪਕਾ ਨੇ ਉਸਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ।
ਪਿੰਕੀ ਅੱਜ ਬਹੁਤ ਖੁਸ਼ ਸੀ।
ਮੂਲ : ਪ੍ਰਗਤੀ ਤ੍ਰਿਪਾਠੀ, ਬੈਂਗਲੁਰੂ
ਅਨੁ : ਪ੍ਰੋ. ਨਵ ਸੰਗੀਤ ਸਿੰਘ,ਪਟਿਆਲਾ-147002.
(9417692015)