ਮੈਡੀਕਲ ਕਾਲਜ ਦੀਆਂ ਸਟਰੀਟ ਲਾਈਟਾਂ ਖ਼ਰਾਬ, ਹਨੇਰੇ ਕਾਰਨ ਚੋਰੀਆਂ ਵਧੀਆਂ
ਕੋਟਕਪੂਰਾ, 6 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਲਵੇ ਦੇ ਛੇ ਤੋਂ ਵੱਧ ਜ਼ਿਲਿ੍ਹਆਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਪਣੀ ਸਿਹਤ ਖ਼ਰਾਬ ਹੈ। ਕੇਂਦਰ ਅਤੇ ਭਾਰਤ ਸਰਕਾਰ ਨੇ ਬੇਸ਼ੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਕਾਇਆ ਕਲਪ ਲਈ ਪਿਛਲੇ ਤਿੰਨ ਸਾਲਾਂ ਦੌਰਾਨ 1000 ਕਰੋੜ ਤੋਂ ਵੱਧ ਦੀ ਰਕਮ ਭੇਜੀ ਹੈ ਪਰ ਇਸ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੁੱਖ ਅਹਾਤੇ ਦੀਆਂ ਸਾਰੀਆਂ ਸੜਕਾਂ ਉੱਪਰ ਸ਼ਾਮ ਹੋਣ ਸਾਰ ਹਨੇਰਾ ਛਾ ਜਾਂਦਾ ਹੈ। ਸੜਕਾਂ ਉੱਪਰ ਲੱਗੀਆਂ ਮਹਿੰਗੀਆਂ ਲਾਈਟਾਂ ਰਾਤ ਨੂੰ ਨਹੀਂ ਜੱਗਦੀਆਂ। ਮੈਡੀਕਲ ਕਾਲਜ ਦੇ ਨਾਲ ਹੀ ਬਾਬਾ ਫਰੀਦ ਯੂਨੀਵਰਸਿਟੀ ਕਾਲਜ ਆਫ ਨਰਸਿੰਗ ਹੈ, ਜਿੱਥੇ ਪੰਜਾਬ ਤੋਂ ਇਲਾਵਾ ਜੰਮੂ-ਕਸ਼ਮੀਰ ਦੀਆਂ 180 ਵਿਦਿਆਰਥਣਾ ਪੜ੍ਹਦੀਆਂ ਹਨ ਅਤੇ ਰਾਤ ਸਮੇਂ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵੱਖ-ਵੱਖ ਵਿਭਾਗਾਂ ਵਿੱਚ ਮਰੀਜ਼ਾਂ ਦੇ ਇਲਾਜ ਲਈ ਕੰਮ ਕਰਦੀਆਂ ਹਨ ਪਰ ਜਿੰਨ੍ਹਾਂ ਰਸਤਿਆਂ ਉੱਪਰੋਂ ਇਨ੍ਹਾਂ ਕੁੜੀਆਂ, ਸਟਾਫ ਨਰਸਾਂ, ਡਾਕਟਰਾਂ ਅਤੇ ਮਰੀਜ਼ਾਂ ਨੇ ਗੁਜ਼ਰਨਾ ਹੁੰਦਾ ਹੈ, ਉੱਥੇ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੈ। ਇਸੇ ਕਰਕੇ ਪਿਛਲੇ ਦਿਨਾਂ ਵਿੱਚ ਕਾਲਜ ਦੇ ਅਹਾਤੇ ਅੰਦਰ ਅਤੇ ਬਾਹਰੋਂ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਹੋਣ ਦੀ ਸੂਚਨਾ ਮਿਲੀ ਹੈ। ਹਨੇਰੇ ਦਾ ਫਾਇਦਾ ਉਠਾ ਕੇ ਚੋਰਾਂ ਨੇ ਰਾਤ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਤੇ ਹਸਪਤਾਲ ਦੇ ਲਗਭਗ ਹਰ ਵਿਭਾਗ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਹੈ।