ਇਟਲੀ, 16 ਮਈ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਯੂਰਪੀਅਨ ਦੇਸ਼ ਸਪੇਨ ਦੇ ਸ਼ਹਿਰ ਅਲੀਕੈਂਟੇ ਵਿਖੇ ਬੇਨ ਵੇਡਰ ਵਰਲਡ ਵਾਈਡ ਕਲਾਸਕ ਨੇ ਵੱਖ-ਵੱਖ ਦੇਸ਼ਾਂ ਦੇ ਕਰੀਬ 800 ਕੁੜੀਆਂ ਤੇ ਮੁੰਡਿਆਂ ਦੇ ਵਿਸ਼ੇਸ ਬਾਡੀ ਬਿਲਡਰਜ਼ ਮੁਕਾਬਲੇ ਕਰਵਾਏ ਜਿਸ ਵਿੱਚ ਇਟਲੀ ਤੇ ਭਾਰਤ ਦਾ ਦੁਨੀਆਂ ਵਿੱਚ ਆਪਣੇ ਗੁੰਦਵੇਂ ਤੇ ਫਿਟ ਸਰੀਰ ਨਾਲ ਕਈ ਬਾਡੀ ਬਿਲਡਰਜ਼ ਮੁਕਾਬਲਿਆਂ ਵਿੱਚ ਆਪਣੀ ਮਿਹਨਤ ਦਾ ਲੋਹਾ ਮਨਵਾਉਣ ਵਾਲੇ ਸੰਦੀਪ ਭੂਤਾਂ(ਨਵਾਂ ਸ਼ਹਿਰ)ਨੇ ਵੀ ਭਾਗ ਲਿਆ।ਇਸ ਬਾਡੀ ਬਿਲਡਰ ਮੁਕਾਬਲੇ ਵਿੱਚ ਜਿੱਥੇ ਕੁੜੀਆਂ ਤੇ ਮੁੰਡਿਆਂ ਦਾ ਫਸਵਾਂ ਮੁਕਾਬਲਾ ਸੀ ਉੱਥੇ ਹੀ ਪੰਜਾਬੀ ਸ਼ੇਰ ਸੰਦੀਪ ਭੂਤਾਂ ਦੀ ਮਿਹਨਤ ਰੰਗ ਲਿਆਈ ਤੇ ਇਸ ਨੌਜਵਾਨ ਨੇ ਸੈਂਕੜੇ ਪ੍ਰਤੀਯੋਗੀਆਂ ਨੂੰ ਲਤਾੜ ਕੇ ਪਹਿਲੀ ਸ਼੍ਰੇਣੀ ਦੇ ਪ੍ਰਤੀਯੋਗੀਆਂ ਵਿੱਚ 5ਵਾਂ ਮੁਕਾਮ ਕੀਤਾ ਹੈ ਜਿਹੜਾ ਕਿ ਭੱਵਿਖ ਵਿੱਚ ਹੋਣ ਵਾਲੇ ਹੋਰ ਵਿਸ਼ਵ ਪੱਧਰੀ ਬਾਡੀ ਬਿਲਡਰ ਮੁਕਾਲਿਆਂ ਵਿੱਚ ਭਾਗ ਲਵੇਗਾ।
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਗੱਲਬਾਤ ਕਰਦਿਆਂ ਸੰਦੀਪ ਭੂਤਾਂ ਨੇ ਕਿਹਾ ਕਿ ਬੇਸ਼ੱਕ ਉਹ ਕਈ ਸਾਲਾਂ ਤੋਂ ਇਸ ਖੇਤਰ ਵਿੱਚ ਜੀਅ-ਜਾਨ ਨਾਲ ਮਿਹਨਤ ਕਰਦਿਆਂ ਦਿਨੋ-ਦਿਨੋ ਕਾਮਯਾਬੀ ਦੀਆਂ ਮੰਜਿ਼ਲਾਂ ਸਰ ਕਰਦਾ ਜਾ ਰਿਹਾ ਪਰ ਇਹ ਸਾਰਾ ਕੁਝ ਸੰਭਵ ਤਦ ਹੀ ਹੋ ਰਿਹਾ ਜਦੋਂ ਮਾਪਿਆਂ ਦਾ ਆਸ਼ੀਰਵਾਦ ਤੇ ਸ਼ੁੱਭਚਿੰਤਕਾਂ ਦੀਆਂ ਭਰਪੂਰ ਦੁਆਵਾਂ ਹਨ ।ਇਸ ਮੁਕਾਮ ਲਈ ਉਹ ਬੇਨ ਵੇਡਰ ਵਰਲੱਡ ਵਾਈਡ ਕਲਾਸਕ ਸਪੇਨ ਦੇ ਪ੍ਰਬੰਧਕਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹੈ।ਸੰਦੀਪ ਭੂਤਾਂ ਦਾ ਸੁਪਨਾ ਹੈ ਮਿਸਟਰ ਓਲੰਪੀਆ ਬਣਨ ਦਾ ਜਿਸ ਨੂੰ ਪਾਉਣ ਲਈ ਉਸ ਦਾ ਜਨੂੰਨ ਪੂਰੇ ਜੋਬਨ ਉੱਤੇ ਹੈ ਪਹਿਲਾਂ ਉਸ ਨੇ ਇਸ ਖੇਤਰ ਤੋਂ ਕਿਨਾਰਾ ਕਰ ਲਿਆ ਸੀ ਪਰ ਉਸ ਦਾ ਕਹਿਣਾ ਹੈ ਕਿ ਹੁਣ ਉਹ ਇਹ ਸਭ ਕੁਝ ਆਪਣੀ ਬੇਟੀ ਲਕਸ਼ਮੀ ਦੇਵੀ ਲਈ ਕਰ ਰਿਹਾ ਹੈ।ਉਸ ਦੀ ਬੇਟੀ ਉਸ ਦਾ ਹੌਸਲਾ ਹੈ ਜਿਹੜੀ ਉਸ ਲਈ ਇੱਕ ਰੂਹਾਨੀ ਤਾਕਤ ਵਾਂਗਰ ਹੈ ਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਸੰਦੀਪ ਭੂਤਾਂ ਦਿਨ-ਰਾਤ ਮਿਹਨਤ ਕਰ ਰਿਹਾ ਹੈ ਉਹ ਦਿਨ ਲੱਗਦਾ ਦੂਰ ਨਹੀਂ ਜਦੋਂ ਉਹ ਆਪਣੇ ਸੁਪਨੇ ਨੂੰ ਸੱਚ ਕਰ ਦਿਖਾਵੇਗਾ ।