ਕਲੀਨਕ ਤੇ ਬੈਠੀ
ਉਡੀਕ ਕਰ ਰਹੀ ਹਾਂ
ਆਪਣੀ ਵਾਰੀ ਆਉਣ ਦੀ
ਦਰਦ ਨਾਲ ਥੋੜੀ ਪ੍ਰੇਸ਼ਾਨ
ਸਾਹਮਣੇ ਰੀਸੇਪਸ਼ਨ ਤੇ ਬੈਠੀ
ਸਿਸਟਰ ਦਾ 3.4 ਸਾਲ ਦਾ ਬੱਚਾ
ਬਹੁਤ ਗਹੁ ਨਾਲ ਦੇਖ
ਰਿਹਾ ਹੈ ਮੈਨੂੰ
ਕੁਝ ਝਿਜਕਦੇ ਹੋਏ , ਸ਼ਰਮਾਉਂਦਾ ਹੋਇਆ
ਮੇਰੇ ਕੋਲ ਆ ਖਲੋ ਗਿਆ
ਅੰਗ੍ਰੇਜ਼ੀ ਵਿੱਚ ਪੁੱਛਣ ਲੱਗਾ
ਤੁਹਾਡੀ ਕੀ ਹੈਲਪ ਕਰਾਂ
ਕੀ ਹੋਇਆ ਆਪ ਜੀ ਨੂੰ
ਮੈਂ ਕਿਹਾ ਦਰਦ ਹੋ ਰਿਹਾ ਹੈ
ਗੱਲ ਸੁਣ ਮੇਰੀ ਪਿਛਾਂਹ ਮੁੜ
ਚਲੇ ਗਿਆ ਆਪਣੀ ਮੋਮ ਕੋਲ
ਜਾ ਕੇ ਉਸਤੋਂ ਇੰਜੇਕਸ਼ਨ , ਸਰਿੰਜ
ਕਾਟਨ ਤੇ ਬੈਂਡਏਡ ਲੈ ਆਇਆ
ਮੈਨੂੰ ਕਹਿੰਦਾ ਵੇਟ
ਮੁਸਕਰਾ ਕੇ ਮੈਂ ਉਸਦੇ
ਹਾਵ ਭਾਵ ਮਹਿਸੂਸ ਕਰ ਰਹੀ ਸੀ
ਉਸ ਨੰਨੇ ਡਾ. ਨੇ ਇੰਜੇਕਸ਼ਨ ਵਿਚੋਂ
ਸਰਿੰਜ ਵਿਚ ਦਵਾਈ ਭਰੀ
ਫਿਰ ਮੇਰੀ ਬਾਂਹ ਤੇ ਕਾਟਨ ਰਬ ਕੀਤੀ
ਇੰਜੇਕਸ਼ਨ ਲਗਾਉਣ ਲੱਗ ਪਿਆ
ਜਿਵੇਂ ਡਾ . ਜਾਂ ਨਰਸ ਕਰਦੇ ਹਨ
ਉਸਦਾ ਇਹ ਸਾਰਾ ਪਰੋਸੈਸ
ਪਰੀਟੈਂਡ ਹੀ ਸੀ
ਮੈਂ ਆਪਣੀ ਮੁਸਕਰਾਹਟ ਛਿਪਾ
ਥੋੜਾ ਕਰਾਹੁਣ ਦੀ ਕੋਸ਼ਿਸ਼ ਰਹੀ ਸੀ ਜਿਵੇਂ
ਟੀਕਾ ਲੱਗਣ ਦੀ ਦਰਦ ਹੋ ਰਹੀ ਹੋਏ
ਟੀਕਾ ਲਗਾ ਉਸਨੇ ਫਿਰ ਮੇਰੀ
ਬਾਂਹ ਤੇ ਬੈਂਡਏਡ ਲਗਾ ਦਿੱਤੀ
ਜਿਵੇਂ ਡਾ. ਕਰਦੇ ਹਨ
ਟੀਕਾ ਲਗਾਉਣ ਦਾ ਸਾਰਾ
ਪਰੋਸੈਸ ਉਸੇ ਤਰਾਂ ਕੀਤਾ
ਉਸਦਾ ਮੈਂ ਥੈਂਕਸ ਕੀਤਾ ਤੇ
ਮੁਸਕਰਾਉਂਦਾ ਹੋਇਆ ਚਲੇ ਗਿਆ
ਉਹ ਨੰਨਾ ਡਾ. ਜੋ ਮੁੜ ਮੁੜ ਕੇ
ਮੈਨੂੰ ਦੇਖ ਖ਼ੁਸ਼ ਹੋ ਰਿਹਾ ਸੀ
ਉਸਨੂੰ ਦੇਖ ਮੈਂ ਫਿਰ ਦਰਦ
ਹੋਣ ਦਾ ਬਹਾਨਾ ਕਰ ਰਹੀ ਸੀ
ਤੇ ਬੈਂਡਏਡ ਵੱਲ ਇਸ਼ਾਰਾ ਕਰਦੀ
ਕਹਿੰਦੀ ਉਈ ਮੈਨੂੰ ਬਹੁਤ
ਦਰਦ ਹੋ ਰਿਹਾ ਹੈ
ਤੇ ਉਹ ਬੈਂਡਏਡ ਮੈਂ
ਘਰ ਆ ਕੇ ਹੀ ਰੀਮੂਵ ਕੀਤੀ
ਉਸਦੇ ਸਾਹਮਣੇ ਰੀਮੂਵ ਨਹੀਂ ਕੀਤੀ
ਅੱਜਕੱਲ ਕਿਸੇ ਕੋਲ ਕਿਸੇ ਨਾਲ
ਗੱਲ ਕਰਨ ਦਾ ਸਮਾਂ ਨਹੀਂ ਪਰ
ਉਸ ਨੰਨੇ ਡਾ. ਨੇ ਐਨਾ ਸਮਾਂ
ਦਿੱਤਾ ਆਪਣਾ ਮੈਨੂੰ
ਜਾਂਦੇ ਹੋਏ ਸਾਰਾ ਰਸਤਾ ਮੈਂ
ਇਹੀ ਸੋਚਦੀ ਗਈ ਕਿ ਅਗਰ
ਘਰ ਘਰ ਇਹੋ ਜਿਹੇ
ਨੰਨੇ ਡਾਕਟਰ ਵਰਗੇ
ਇਨਸਾਨ ਹੋਣ ਜੋ
ਪਰਵਾਹ ਕਰਨ ਵਾਲੇ
ਹੋਣ ਦੂਸਰਿਆਂ ਦੀ
ਤੇ ਇਨਸਾਨ ਵੈਸੇ ਹੀ
ਠੀਕ ਹੋ ਜਾਏ
ਮੇਰੀ ਨਜ਼ਰੇ ਉਹ
ਨੰਨਾ ਡਾ. ਨਹੀਂ ਸੀ
ਉਹ ਤੇ ਕੋਈ ਵੱਡਾ ਡਾਕਟਰ ਸੀ
ਜਿਸਦੇ ਅੰਦਰ ਮਨੁੱਖਤਾ ਲਈ
ਪਿਆਰ , ਹਮਦਰਦੀ ਤੇ
ਸੇਵਾ ਦਾ ਜ਼ਜ਼ਬਾ ਸੀ
ਹਾਂ ਉਹ ਇਕ
ਵੱਡਾ ਡਾਕਟਰ ਸੀ
ਵੱਡਾ ਡਾਕਟਰ ।
( ਰਮਿੰਦਰ ਰੰਮੀ )
Leave a Comment
Your email address will not be published. Required fields are marked with *