ਮਾਪਿਆਂ ਵੱਲੋਂ ਮੇਲਾ ਨਾ ਦੇਣ ਤੇ ਬਦਸਲੂਕੀ ਤੇ ਉੱਤਰੇ ਕਰਮਚਾਰੀ
ਅੰਮ੍ਰਿਤਸਰ 29 ਅਕਤੂਬਰ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼)
2024 ਦੀ ਦਿਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਦੇ ਇੱਕ ਪ੍ਰਾਇਵੇਟ ਸਕੂਲ ਵਿੱਚ ਸਫਾਈ ਕਰਮਚਾਰੀ ਤੇ ਚਪੜਾਸੀ ਸਕੂਲ ਦੇ ਗੇਟਾਂ ਉੱਤੇ ਨਾਕੇ ਲਾ ਕੇ ਡੱਟ ਕੇ ਖੜ ਗਏ ਹਨ। ਸਕੂਲ ਦੀ ਛੁੱਟੀ ਦੇ ਸਮੇਂ ਆਪਣੇ ਬੱਚਿਆਂ ਨੂੰ ਲੈਣ ਆਏ ਮਾਪਿਆਂ ਕੋਲੋਂ ਉਹ ਦਿਵਾਲੀ ਮੰਗਦੇ ਹੋਏ ਦਿਖਾਈ ਦੇ ਰਹੇ ਹਨ। ਸਕੂਲ ਦੇ ਗੇਟ ਦੇ ਉੱਤੇ ਦੋ-ਦੋ ਸਕੂਲ ਦੇ ਕਰਮਚਾਰੀ ਤੈਨਾਤ ਕੀਤੇ ਗਏ ਹਨ ਅਤੇ ਆਂਦੇ-ਜਾਂਦੇ ਮਾਪਿਆਂ ਕੋਲੋਂ ਦਿਵਾਲੀ ਦਾ ਮੇਲਾ ਮੰਗ ਰਹੇ ਹਨ। ਜਿਹੜੇ ਮਾਪਿਆਂ ਨੇ ਦਿਵਾਲੀ ਦਾ ਮੇਲਾ ਦੇਣ ਤੋਂ ਇਨਕਾਰ ਕੀਤਾ, ਉਹਨਾਂ ਨਾਲ ਬਦਸਲੂਕੀ ਕਰਨ ਤੋਂ ਵੀ ਉਹ ਗੁਰੇਜ ਨਹੀਂ ਕਰਦੇ। ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਸਾਰੇ ਕਰਮਚਾਰੀ ਸਕੂਲ ਤੋਂ ਤਨਖਾਹ ਵੀ ਲੈਂਦੇ ਹਨ ਅਤੇ ਦਿਵਾਲੀ ਦੇ ਮੌਕੇ ਤੇ ਸਕੂਲ ਵੱਲੋਂ ਸਾਰੇ ਆਪਣੇ ਕਰਮਚਾਰੀਆਂ ਨੂੰ ਮੇਲਾ ਵੀ ਦਿੱਤਾ ਜਾਂਦਾ ਜਰੂਰ ਹੋਵੇਗਾ। ਪਰ ਇਸਦੇ ਬਾਵਜੂਦ ਵੀ ਸਕੂਲ ਆਏ ਮਾਪਿਆਂ ਕੋਲੋਂ ਦਿਵਾਲੀ ਦਾ ਮੇਲਾ ਮੰਗਣਾ ਕਿੰਨਾ ਕੁ ਜਾਇਜ਼ ਹੈ? ਸਕੂਲ ਵਿੱਚ ਕਿੰਨੇ ਬੱਚੇ ਪੜਦੇ ਹਨ ਤੇ ਹਰ ਬੱਚੇ ਦੇ ਮਾਪੇ ਕੋਲੋਂ ਮੇਲੇ ਦੇ ਨਾਮ ਤੇ ਇਹ ਕਰਮਚਾਰੀ ਕਿੰਨੇ ਪੈਸੇ ਇਕੱਠੇ ਕਰਦੇ ਹੋਣਗੇ। ਸਾਲ ਵਿੱਚ ਕਿੰਨੇ ਮੇਲੇ ਆਉਂਦੇ ਹਨ? ਹਰ ਮੇਲੇ ਤੇ ਸਕੂਲ ਕਰਮਚਾਰੀਆਂ ਨੂੰ ਕਿੰਨੀ ਉਗਰਾਹੀ ਹੁੰਦੀ ਹੋਵੇਗੀ? ਸਕੂਲ ਦੇ ਸਫਾਈ ਕਰਮਚਾਰੀ ਅਤੇ ਚਪੜਾਸੀ ਮੇਲਾ ਨਾ ਮਿਲਣ ਤੇ ਮਾਪਿਆਂ ਨਾਲ ਬਦਸਲੂਕੀ ਕਰਣ ਤੋਂ ਵੀ ਗੁਰੇਜ਼ ਨਹੀਂ ਕਰਦੇ ਬਲਕਿ ਮਾਪਿਆਂ ਨੂੰ ਸ਼ਰੇਆਮ ਉੱਚੀ-ਉੱਚੀ ਬੋਲ ਕੇ ਜਲੀਲ ਕਰਦੇ ਦੇਖੇ ਗਏ। ਸਕੂਲ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਸਦਾਚਾਰ ਸਿੱਖਣ ਲਈ ਭੇਜਦੇ ਹਨ ਉੱਥੇ ਹੀ ਸਕੂਲ ਦੇ ਸਫਾਈ ਕਰਮਚਾਰੀ ਅਤੇ ਚਪੜਾਸੀ ਸ਼ਰੇਆਮ ਮਾਪਿਆਂ ਨੂੰ ਗੇਟ ਤੇ ਖੜਾ ਕਰਕੇ ਬਦਸਲੂਕੀ ਕਰਦੇ ਹਨ। ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਉਣ ਦੀ ਹਰ ਮਹੀਨੇ ਮਾਪਿਆਂ ਵੱਲੋਂ ਫੀਸ ਵੀ ਦਿੱਤੀ ਜਾਂਦੀ ਹੈ। ਸਕੂਲ ਵਿੱਚ ਕੰਮ ਕਰ ਰਹੇ ਹਰ ਕਰਮਚਾਰੀ ਨੂੰ ਸਕੂਲ ਮੈਨੇਜਮੈਂਟ ਹਰ ਮਹੀਨੇ ਤਨਖਾਹ ਵੀ ਦਿੰਦੀ ਹੈ। ਫਿਰ ਸਕੂਲ ਦੇ ਸਫਾਈ ਕਰਮਚਾਰੀ ਅਤੇ ਚਪੜਾਸੀਆਂ ਦੀ ਇਸ ਗੁੰਡਾਗਰਦੀ ਦਾ ਜਿੰਮੇਵਾਰ ਕੌਣ ਹੈ? ਜਦੋਂ ਸਾਰੇ ਸਕੂਲ ਦਾ ਜ਼ਾਇਜ਼ਾ ਲਿਆ ਗਿਆ ਤਾਂ ਸਕੂਲ ਦੇ ਹਰ ਗੇਟ ਉੱਤੇ ਸਕੂਲ ਦੇ ਸਫਾਈ ਕਰਮਚਾਰੀ ਅਤੇ ਚਪੜਾਸੀ ਤੈਨਾਤ ਸਨ ਅਤੇ ਮਾਪਿਆਂ ਕੋਲੋਂ ਦਿਵਾਲੀ ਦਾ ਮੇਲਾ ਮੰਗ ਰਹੇ ਸਨ। ਕੁਝ ਮਾਪਿਆਂ ਨਾਲ ਇਹ ਸਫਾਈ ਕਰਮਚਾਰੀ ਮੇਲਾ ਨਾ ਮਿਲਣ ਤੇ ਉੱਚੀ-ਉੱਚੀ ਬੋਲ-ਬੁਲਾਰਾ ਕਰਦੇ ਵੀ ਦਿਖੇ। ਸਕੂਲ ਦੇ ਅਧਿਆਪਕਾਂ ਦੇ ਧਿਆਨ ਵਿੱਚ ਇਹ ਗੱਲ ਲਿਆ ਦਿੱਤੀ ਗਈ ਹੈ। ਹੁਣ ਸਕੂਲ ਆਪਣੇ ਕਰਮਚਾਰੀਆਂ ਦੀ ਇਸ ਗੁੰਡਾਗਰਦੀ ਨੂੰ ਠੱਲ ਪਾਉਂਂਦਾ ਹੈ ਜਾਂ ਨਹੀਂ ਇਹ ਦੇਖਣਾ ਹੈ।