ਸੁੱਖੀ ਬਾਠ ਪਹੁੰਚੇ ਬਾਲ ਲੇਖਕ ਸਨਮਾਨ ਸਮਾਰੋਹ ਵਿਚ
ਬੁਢਲਾਡਾ, 9 ਜੂਨ (ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਵਲੋਂ ਬੱਚਿਆਂ ਵਿਚ ਸਾਹਿਤ ਪ੍ਰਤੀ ਚੇਤਨਾ ਪੈਦਾ ਕਰਨ ਦੇ ਮਨੋਰਥ ਨਾਲ “ਨਵੀਆਂ ਕਲਮਾਂ ਨਵੀਆਂ ਉਡਾਣ” ਨਾਂਅ ਦੇ ਸ਼ੁਰੂ ਕੀਤੇ ਪ੍ਰੋਜੈਕਟ ਅਧੀਨ ਸਥਾਨਕ ਗੁਰੂ ਨਾਨਕ ਕਾਲਜ ਵਿਚ ਜ਼ਿਲ੍ਹਾ ਮਾਨਸਾ ਦੇ ਉਨ੍ਹਾਂ 70 ਦੇ ਕਰੀਬ ਬਾਲ ਲੇਖਕਾਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਇਸ ਪ੍ਰੋਜੈਕਟ ਤਹਿਤ ਪ੍ਰਕਾਸ਼ਿਤ ਪੁਸਤਕ ਲਈ ਆਪਣੀਆਂ ਰਚਨਾਵਾਂ ਭੇਜੀਆਂ ਸਨ। ਇਸ ਸਨਮਾਨ ਸਮਾਰੋਹ ਦੌਰਾਨ ਬਾਲ ਲੇਖਕਾਂ ਨੂੰ ਪ੍ਰੇਰਿਤ ਕਰਨ ਵਾਲੇ ਅਧਿਆਪਕਾਂ ਜਿਨ੍ਹਾਂ ਵਿਚ ਰਜਿੰਦਰ ਭਾਈਰੂਪਾ, ਹਰਜਿੰਦਰ ਸ਼ਰਮਾ, ਗੁਰਵਿੰਦਰ ਸਿੰਘ ਚਹਿਲ ਅਤੇ ਸ੍ਰੀਮਤੀ ਵਿਰਾਂਗਣਾਂ ਸ਼ਾਮਲ ਹਨ, ਨੂੰ ਵੀ ਸਨਮਾਨਤ ਕੀਤਾ ਗਿਆ। ਗੁਰਬਾਣੀ ਦੇ ਸ਼ਬਦ ਗਾਇਣ ਨਾਲ ਸ਼ੁਰੂ ਕੀਤੇ ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਦੇ ਨਾਲ ਨਾਲ ਭਾਰਤ ਦੇ ਦੂਸਰੇ ਰਾਜਾਂ ਅਤੇ ਦੂਸਰੇ ਦੋਸ਼ਾਂ ਤੱਕ ਪਹੁੰਚ ਗਿਆ ਹੈ । ਸ੍ਰੀ ਬਾਠ ਨੇ ਇਸ ਪ੍ਰੋਜੈਕਟ ਲਈ ਜ਼ਿਲ੍ਹਾ ਮਾਨਸਾ ਦੇ ਮੁੱਖ ਸੰਪਾਦਕ ਰਮਨੀਤ ਚਾਨੀ ਵਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਖਚਾਖਚ ਭਰੇ ਹਾਲ ਵਿਚ ਹੋਏ ਸਮਾਗਮ ਦੌਰਾਨ ਸ੍ਰੀ ਬਾਠ ਨੇ ਕਾਲਜ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਪ੍ਰਸੰਸਾ ਕਰਦਿਆਂ ਇਸ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਸਮਝੌਤਾ ਸਹੀਬੰਦ ਛੇਤੀ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਦੋ ਰੋਜਾ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ 16 ਅਤੇ 17 ਨਵੰਬਰ ਨੂੰ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਕਾਨਫਰੰਸ ਵਿਚ ਕੈਨੇਡਾ, ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਦੇ ਇਕ ਹਜਾਰ ਦੇ ਕਰੀਬ ਬਾਲ ਲੇਖਕ ਸ਼ਾਮਲ ਹੋਣਗੇ। ਵਿਸ਼ੇਸ਼ ਗੱਲ ਇਹ ਕਿ ਇਸ ਕਾਨਫਰੰਸ ਵਿਚ ਲਹਿੰਦੇ ਪੰਜਾਬ ਦੇ ਉੱਘੇ ਸ਼ਾਇਰ ਬਾਬਾ ਨਜ਼ਮੀ ਵਿਸ਼ੇਸ਼ ਤੌਰ ਉੱਤੇ ਪਹੁੰਚ ਰਹੇ ਹਨ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸ੍ਰੀ ਬਾਠ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ। ਬਲਜੀਤ ਸ਼ਰਮਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਧੀ ਪੰਜਾਬਣ ਮੰਚ ਦੇ ਡਾਇਰੈਕਟਰ ਹਰਜੀਤ ਸਿੰਘ ਢੀਂਗਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਪ੍ਰਧਾਨ ਸ੍ਰੀਮਤੀ ਰਾਜਦੀਪ ਬਰਾੜ ਨੇ ਧੰਨਵਾਦ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਰਮਨੀਤ ਚਾਨੀ ਨੇ ਕਿਹਾ ਕਿ ਜੇ ਬੱਚਿਆਂ ਨੂੰ ਗੈਂਗਸਟਰ ਜਾਂ ਨਸ਼ੇੜੀ ਹੋਣ ਤੋਂ ਰੋਕਣਾ ਹੈ ਤਾਂ ਉਨ੍ਹਾਂ ਦੇ ਹੱਥਾਂ ਵਿੱਚ ਕਲਮਾਂ ਫੜਾਉਣਗੀਆਂ ਪੈਣਗੀਆਂ ਅਤੇ ਸੁੱਖੀ ਬਾਠ ਨੇ ਇਹ ਪ੍ਰਾਜੈਕਟ ਇਸੇ ਮਕਸਦ ਲਈ ਆਰੰਭਿਆ ਹੈਂ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਦੂਸਰੀ ਪੁਸਤਕ ਲਈ ਤਿਆਰੀ ਆਰੰਭ ਕਰ ਦਿੱਤੀ ਗਈ ਹੈ।ਇਸ ਮੌਕੇ ਰਮਨੀਤ ਚਾਨੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੰਪਾਦਿਤ ਪੁਸਤਕ ਅਤੇ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡਾ. ਰੇਖਾ ਕਾਲੜਾ ਵਾਇਸ ਪ੍ਰਿੰਸੀਪਲ, ਪ੍ਰੋ. ਗੁਰਦੀਪ ਸਿੰਘ, ਸ੍ਰੀਮਤੀ ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫਸਰ, ਸ੍ਰੀ ਅਸ਼ੋਕ ਕੁਮਾਰ ਸਿੱਖਿਆ ਸ਼ਾਸ਼ਤਰੀ, ਜਸਵਿੰਦਰ ਪੰਜਾਬੀ, ਉਕਾਰ ਸਿੰਘ ਤੇਜੇ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰੀਤ ਹੀਰ ਇੰਚਾਰਜ ਪੰਜਾਬ ਭਵਨ ਜਲੰਧਰ, ਸੁਖਵਿੰਦਰ ਸਿੰਘ ਫੁੱਲ ਇੰਚਾਰਜ ਅਜੀਤ ਉੱਪ ਦਫਤਰ ਪਟਿਆਲਾ, ਬਲਵਿੰਦਰ ਸਿੰਘ ਧਾਲੀਵਾਲ ਇੰਚਾਰਜ ਅਜੀਤ ਉੱਪ ਦਫਤਰ ਮਾਨਸਾ, ਗੁਰਵਿੰਦਰ ਸਿੰਘ ਕਾਂਗੜ ਮੀਡੀਆ ਇੰਚਾਰਜ, ਗੁਰਵਿੰਦਰ ਸਿੰਘ ਸਿੱਧੂ, ਸ੍ਰੀਮਤੀ ਕੁਲਵਿੰਦਰ ਕੌਰ ਢੀਂਗਰਾ, ਸ੍ਰੀਮਤੀ ਹਰਜਿੰਦਰ ਕੌਰ ਢੀਂਡਸਾ, ਪ੍ਰਿੰਸੀਪਲ ਅਮਿਤਾ ਸ਼ਰਮਾ, ਸ੍ਰੀਮਤੀ ਚੰਚਲ, ਸੁਖਪਾਲ ਕੌਰ, ਜਸਬੀਰ ਕੌਰ ਬਦਰਾ, ਰੁਪਿੰਦਰ ਕੌਰ ਬਠਿੰਡਾ, ਰਾਜਵਿੰਦਰ ਕੌਰ ਬਠਿੰਡਾ, ਬਲਵਿੰਦਰ ਸਿੰਘ ਕਾਕਾ, ਗੁਰਜੰਟ ਸਿੰਘ ਚਹਿਲ, ਇੰਦਰਜੀਤ ਸਿੰਘ, ਪ੍ਰੋ. ਸੰਧਿਆ ਵਤਸ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਸਿਮਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਅਵਤਾਰ ਸਿੰਘ ਚੋਟੀਆਂ ਮੁੱਖ ਸੰਪਾਦਕ ਸੰਗਰੂਰ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।
Leave a Comment
Your email address will not be published. Required fields are marked with *