ਕੋਟਕਪੂਰਾ, 6 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਵੇਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਬੱਚਿਆਂ ਨੇ ਆਪਣੇ ਨਾਨਕਿਆਂ ਦੇ ਘਰ ਜਾਣ ਵਾਸਤੇ ਤਿਆਰੀਆਂ ਖਿੱਚ ਲਈਆਂ ਹਨ ਪਰ ਪਿੰਡ ਕਿੱਲੀ ਅਰਾਈਆਂ ਵਿਖੇ ਦਰਦਨਾਕ ਹਾਦਸੇ ਦੌਰਾਨ ਇੱਕ ਬੱਚੇ ਦੇ ਨਹਿਰ ਵਿੱਚ ਡਿੱਗ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਜਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਤੋ ਬੱਚਾ ਗੁਰਸਿਮਰਨ ਸਿੰਘ (14) ਆਪਣੇ ਨਾਨਕੇ ਪਿੰਡ ਪਿੰਡ ਕਿੱਲੀ ਅਰਾਈਆਂ ਵਿਖੇ ਆਇਆ ਹੋਇਆ ਸੀ। ਅੱਜ ਸਵੇਰੇ ੳਹ ਆਪਣੇ ਮਾਮੇ ਗੁਰਬਾਜ ਸਿੰਘ ਦੇ ਲੜਕੇ ਅਰਮਾਨ ਨਾਲ ਆਪਣੀ ਸਕੂਟਰੀ ਪਰ ਪਿੰਡ ਦੇ ਕੋਲ ਦੀ ਲੰਘਦੀ ਗੰਗ ਕੈਨਾਲ ਨਹਿਰ ਵਾਲੇ ਜਾ ਰਹੇ ਹਨ। ਉਸ ਵਕਤ ਸਕੂਟਰੀ ਨੂੰ ਅਰਮਾਨ ਚਲਾ ਰਿਹਾ ਸੀ। ਗੁਰਸਿਮਰਨ ਸਿੰਘ ਨੇ ਨਹਿਰ ਕੰਡੇ ਲੱਗੇ ਨਲਕੇ ਤੋ ਪਹਿਲਾਂ ਜਲਦੀ ਨਾਲ ਪਾਣੀ ਪੀਤਾ ਤੇ ਅਰਮਾਨ ਪਾਣੀ ਪੀ ਰਿਹਾ ਸੀ। ਐਨੇ ਵਿੱਚ ਗੁਰਸਿਮਰਨ ਸਕੂਟਰੀ ਨੂੰ ਵਾਪਿਸ ਮੋੜਣ ਲੱਗਿਆ ਤਾਂ ਸਕੂਟਰੀ ਦੀ ਰੇਸ ਜਿਆਦਾ ਹੋਣ ਕਰਕੇ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਤੇ ਅਚਾਨਕ ਸਕੂਟਰੀ ਸਮੇਤ ਬੱਚਾ ਨਹਿਰ ਵਿੱਚ ਜਾ ਡਿੱਗਿਆ। ਦੂਜੇ ਬੱਚੇ ਨੇ ਜਲਦੀ ਨਾਲ ਘਰ ਆ ਕੇ ਆਪਣੇ ਮਾਪਿਆਂ ਨੂੰ ਦੱਸਿਆ ਤੇ ਫਿਰ ਬੱਚੇ ਦੀ ਨਹਿਰ ਵਿੱਚ ਭਾਲ ਕਰਨੀ ਸ਼ੁਰੂ ਕੀਤੀ। ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਨਾਇਬ ਤਹਿਸੀਲਦਾਰ ਸਾਦਿਕ ਹਰਸ਼ ਗੋਇਲ, ਥਾਣਾ ਸਾਦਿਕ ਮੁਖੀ ਨਵਦੀਪ ਸਿੰਘ ਭੱਟੀ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜਾਇਜਾ ਲਿਆ। ਨੌਜਵਾਨ ਦੀ ਪਛਾਣ ਗੁਰਸਿਮਰਨ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਬਸਤੀ ਹਜਾਰਾ ਸਿੰਘ ਮੋਗਾ ਰੋਡ ਕੋਟਕਪੂਰਾ ਵਜੋ ਹੋਈ ਹੈ। ਪਿੰਡ ਵਾਸੀਆਂ ਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਸਕੂਟਰੀ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਤੇ ਬੱਚੇ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।