ਚੰਡੀਗੜ੍ਹ ਦੀ ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਨੇ ਇਸ ਸਾਲ ਦੇ ਮੁੱਢਲੇ ਮਹੀਨਿਆਂ ਵਿੱਚ ਇੱਕ ਕਾਵਿ-ਕਿਤਾਬ ਪ੍ਰਸਤੁਤ ਕੀਤੀ ਹੈ – ‘ਕਾਵਿਕ ਲਕੀਰਾਂ’ (ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ; ਪੰਨੇ 150; ਮੁੱਲ 395/-)। ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਇਸ ਪੁਸਤਕ ਵਿੱਚ 52 ਕਵੀਆਂ ਦੇ ਗੀਤ, ਗ਼ਜ਼ਲਾਂ ਤੇ ਕਵਿਤਾਵਾਂ ਸ਼ਾਮਲ ਹਨ। ਜਿਸ ਵਿੱਚ ਨਵੇਂ-ਪੁਰਾਣੇ ਕਵੀ ਮੌਜੂਦ ਹਨ। ਕਵੀਆਂ ਦੀਆਂ ਰਚਨਾਵਾਂ ਦੀ ਕੋਈ ਸੀਮਾ ਨਹੀਂ ਹੈ। ਇਨ੍ਹਾਂ ਦੀਆਂ 1 ਤੋਂ ਲੈ ਕੇ 5 ਤੱਕ ਕਾਵਿ ਰਚਨਾਵਾਂ ਸੰਕਲਿਤ ਹਨ। ਕਵੀਆਂ ਦੇ ਕ੍ਰਮ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਨਾ ਤਾਂ ਇਹ ੳ, ਅ, ੲ ਮੁਤਾਬਕ ਹੈ ਤੇ ਨਾ ਹੀ ਜਨਮ ਮਿਤੀ ਮੁਤਾਬਕ। ਇੱਕ ਪਾਸੇ ਇਸ ਵਿੱਚ ਸ਼ਮਸ਼ੇਰ ਸੰਧੂ, ਮਨਮੋਹਨ ਸਿੰਘ ਦਾਊਂ, ਦਲਜੀਤ ਕੌਰ ਦਾਊਂ, ਲਾਭ ਸਿੰਘ ਚਤਾਮਲੀ, ਪ੍ਰੀਤਮ ਲੁਧਿਆਣਵੀ, ਬਚਨ ਬੇਦਿਲ ਜਿਹੇ ਸਥਾਪਤ, ਚਰਚਿਤ ਤੇ ਪ੍ਰੌਢ ਕਵੀ ਹਨ, ਉੱਥੇ ਨਾਲ ਹੀ ਅਸਲੋਂ ਨਵੇਂ ਚਿਹਰਿਆਂ ਨੂੰ ਵੀ ਲਿਆ ਗਿਆ ਹੈ। ਚਾਰ ਸਵਰਗੀ ਕਵੀਆਂ ਦੀਆਂ ਰਚਨਾਵਾਂ ਵੀ ਸ਼ਾਮਲ ਹਨ। ਪੁਸਤਕ ਵਿੱਚ ਰਾਜਕੁਮਾਰ ਸਾਹੋਵਾਲੀਆ (ਜੋ ਪੰਜਾਬ ਸਰਕਾਰ ਵਿੱਚ ਉਪ ਸਕੱਤਰ ਦੇ ਅਹੁਦੇ ਤੇ ਤੈਨਾਤ ਹਨ) ਦੀ ਲੰਮੀ ਭੂਮਿਕਾ (ਕੁਝ ਜ਼ਰੂਰੀ ਗੱਲਾਂ ਤੇ ਪੁਸਤਕ ਪ੍ਰਯੋਜਨ) ਅਤੇ ਸੰਪਾਦਕ ਦਾ ਮੁੱਖਬੰਧ (ਸੰਪਾਦਕੀ ਕਲਮ ‘ਚੋਂ) ਹੈ, ਜਿਸਦੇ ਅੰਤਰਗਤ ਕੁਦਰਤ, ਅਧਿਆਤਮਵਾਦ, ਸਾਹਿਤ ਸਭਾ ਦੀ ਸਥਾਪਨਾ, ਸ਼ਾਮਲ ਕਵੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੰਪਾਦਕ ਨੇ ਇਸ ਕਿਤਾਬ ਤੋਂ ਪਹਿਲਾਂ ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆ ਦੀ ਜੀਵਨੀ ਤੇ ਗਾਇਕੀ ਬਾਰੇ ਕਿਤਾਬ ਲਿਖਣ ਤੋਂ ਇਲਾਵਾ ਕੁਝ ਲੇਖ ਵੀ ਲਿਖੇ ਹਨ।
ਪੁਸਤਕ ਵਿੱਚ ਸ਼ਾਮਲ ਕਵੀਆਂ ਨੇ ਆਪੋ-ਆਪਣੇ ਅਹਿਸਾਸਾਂ, ਜਜ਼ਬਿਆਂ ਤੇ ਵਲਵਲਿਆਂ ਨੂੰ ਕਾਵਿ ਦਾ ਰੂਪ ਦਿੱਤਾ ਹੈ। ਸਭ ਤੋਂ ਵੱਧ (5-5) ਕਵਿਤਾਵਾਂ ਲਿਖਣ ਵਾਲਿਆਂ ਵਿੱਚ ਸੰਪਾਦਕ ਮਲਕੀਤ ਸਿੰਘ ਔਜਲਾ ਤੇ ਨਵਪ੍ਰੀਤ ਸਿੰਘ ਦੇ ਨਾਂ ਆਉਂਦੇ ਹਨ, ਜਦਕਿ ਸਭ ਤੋਂ ਘੱਟ (1-1) ਕਵਿਤਾ ਲਿਖਣ ਵਾਲੇ 6 ਕਵੀਆਂ (ਪਰਮਦੀਪ ਭਬਾਤ, ਜਸਵੀਰ ਸਿੰਘ, ਸੁਖਵਿੰਦਰ ਨੂਰਪੁਰੀ, ਗੁਰਮੀਤ ਸਿੰਗਲ, ਸਵ. ਕੇਵਲ ਮਾਣਕਪੁਰੀ, ਜੌਨ ਪੰਜਾਬੀ) ਨੇ ਵੀ ਇਸ ਵਿੱਚ ਆਪਣੀ ਹਾਜ਼ਰੀ ਲਵਾਈ ਹੈ। ਹਰ ਕਵੀ ਦੀ ਰਚਨਾ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਹਦੀ ਤਸਵੀਰ ਅਤੇ ਸੰਪਰਕ ਨੰ. ਦਿੱਤਾ ਗਿਆ ਹੈ। ਕਵੀਆਂ ਨੇ ਆਪੋ-ਆਪਣੀ ਸਮਰੱਥਾ ਮੁਤਾਬਕ ਹਰ ਰੰਗ ਦੀ ਰਚਨਾ ਲਿਖੀ ਹੈ, ਜਿਸ ਵਿੱਚ ਸਾਹਿਤਕ, ਸਮਾਜਕ, ਸਭਿਆਚਾਰਕ, ਧਾਰਮਿਕ, ਰਾਜਨੀਤਿਕ, ਪਰਿਵਾਰਕ, ਵਾਤਾਵਰਣਿਕ, ਹਾਸਰਸੀ, ਦਫ਼ਤਰੀ ਤੇ ਸੰਸਮਰਣਿਕ ਆਦਿ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਪੁਸਤਕ ਵਿੱਚ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਗੀਤ ਰਿਕਾਰਡ ਕਰਵਾਉਣ ਵਾਲਾ ਕਵੀ ਅਲਬੇਲ ਬਰਾੜ (ਹੋਇਆ ਕੀ ਜੇ ਧੀ ਜੰਮ ਪਈ…) ਵੀ ਸ਼ਾਮਲ ਹੈ ਅਤੇ ਨਿੱਜੀ ਭਾਵਨਾਵਾਂ ਅਭਿਵਿਅਕਤ ਕਰਨ ਵਾਲੇ ਕਵੀਆਂ ਦੀਆਂ ਰਚਨਾਵਾਂ ਵੀ ਹਨ। ਖ਼ੁਸ਼ੀ ਦੀ ਗੱਲ ਹੈ ਕਿ ਕਿਤਾਬ ਵਿੱਚ ਸਿਰਫ਼ ਕਵੀ ਹੀ ਨਹੀਂ ਹਨ, ਸਗੋਂ 5 ਕਵਿੱਤਰੀਆਂ (ਸੁਦੇਸ਼ ਕੁਮਾਰੀ, ਨਿਰਮਲਾ, ਬਲਜੀਤ ਕੌਰ, ਜਤਿੰਦਰ ਕੌਰ ਬਿੰਦਰਾ ਅਤੇ ਦਲਜੀਤ ਕੌਰ ਦਾਊਂ) ਨੇ ਵੀ ਕਾਵਿ ਉਡਾਰੀਆਂ ਰਾਹੀਂ ਆਪਣੇ ਮਨੋਭਾਵਾਂ ਨੂੰ ਪੇਸ਼ ਕੀਤਾ ਹੈ।
ਪਾਠਕਾਂ ਦੀ ਦਿਲਚਸਪੀ ਲਈ ਪੁਸਤਕ ਵਿੱਚੋਂ ਕਵਿਤਾਵਾਂ ਦੀਆਂ ਕੁਝ ਚੋਣਵੀਆਂ ਪੰਕਤੀਆਂ ਹਾਜ਼ਰ ਹਨ :
ਬੋਹੜ ਪੱਟ ਦਿੱਤਾ ਪਿੰਡ ਵਾਲੀ ਸੱਥ ‘ਚੋਂ
ਬੂਟਾ ਘਰ ਵਿੱਚ ਇੱਕ ਵੀ ਨਾ ਲਾਇਆ।
ਆਕਸੀਜਨ ਦੀ ਘਾਟ ਪੈਦਾ ਹੋ ਜੂ ਗੀ
ਜੇ ਰੁੱਖ ਕੱਟਣੋਂ ਲੋਕਾਂ ਨੂੰ ਨਾ ਹਟਾਇਆ।
(30)
ਹੇਰਾ ਫੇਰੀ ਚੁਸਤ ਚਲਾਕੀ ਮਾਇਆ ਸੱਤਾ ਤੇ ਕੁਰਸੀ
ਚੱਜ ਦੇ ਬੰਦਿਆਂ ਨੂੰ ਇਹ ਰਾਸ ਕਦੇ ਵੀ ਨਾ ਆਇਆ ਹੈ।
(40)
ਕਾਲ਼ੀ ਵਗੀ ਹਨੇਰੀ ਸੀ, ਹੌਕਾ ਧਰਤ-ਅੰਬਰ ਨੇ ਭਰਿਆ
ਚੰਨ-ਸੂਰਜ ਧਾਹ ਮਾਰੀ, ਗ਼ਮ ਤਾਂ ਤਾਰਿਆਂ ਨੇ ਵੀ ਕਰਿਆ।
(45)
ਦਾਰੂ ਦਾ ਨਸ਼ਾ ਤਾਂ ਪੀਣ ਵਾਲੇ ਨੂੰ ਹੀ ਮਾਰਦਾ।
ਰਾਜ ਨਸ਼ਾ ਸੱਚਿਆਂ ਨੂੰ ਸੂਲੀ ਉੱਤੇ ਚਾੜ੍ਹਦਾ।
(56)
ਸਾਰੇ ਦਰਵਾਜ਼ੇ ਖੋਲ੍ਹ ਦਿੱਤੇ, ਕੋਈ ਭਰਨੀ ਨਵੀਂ ਉਡਾਰੀ ਸੀ
ਅੱਖਰਾਂ ਤੇ ਬਿੰਦੀਆਂ ਟਿੱਪੀਆਂ ਲਾ, ਮੈਂ ਕਵਿਤਾ ਇੱਕ ਉਚਾਰੀ ਸੀ।
(62)
ਤੂੰ ‘ਅਧਵਾਟੇ’ ਦਾ ਯਾਤਰੀ, ਅੱਜ ਲੰਘਿਆ ਪਰਲੇ ਪਾਰ।
ਤੇਰਾ ਫੁੱਲ ‘ਕਸੁੰਭੜਾ’ ਮਹਿਕਦਾ, ਤੂੰ ਸੀ ਯਾਰਾਂ ਦਾ ਯਾਰ।
(88)
ਗੀਤਾਂ ਵਾਲਿਓ ਤੁਸੀਂ ਵੀ ਭੋਰਾ ਹੱਥ ਅਕਲ ਨੂੰ ਮਾਰੋ
ਬੜਾ ਵਿਗੜਿਆ ਅਕਸ ਜੱਟ ਦਾ, ਨਾ ‘ਵਿਰਦੀ’ ਹੋਰ ਵਿਗਾੜੋ।
(95)
ਸਦਾਚਾਰ ਦੀ ਪੌੜੀ ਜਿਹੜੇ ਚੜ੍ਹ ਜਾਂਦੇ
ਸਿਖਰਾਂ ਉੱਤੇ ਜਾ ‘ਲੁਧਿਆਣਵੀ’ ਖੜ੍ਹ ਜਾਂਦੇ।
(114)
ਗੋਲੀ,ਬੰਬ, ਬਾਰੂਦ ਦੀਆਂ ਗੱਲਾਂ, ਮਰਨ ਮਾਰਨ ਦੀਆਂ ਕਰਦੇ ਨੇ।
ਆਪਣੇ ਹੋਣ ਜਾਂ ਹੋਣ ਪਰਾਏ, ਪੁੱਤ ਤਾਂ ਮਾਵਾਂ ਦੇ ਹੀ ਮਰਦੇ ਨੇ।
(136)
ਗੱਲ ‘ਸਾਹੋਵਾਲੀਏ’ ਦੀ ਜ਼ਿਹਨ ‘ਚ ਬਿਠਾ ਕੇ ਰੱਖੀਂ
ਕੰਮ ਨਹੀਂ ਆਉਂਦੀ ਸਦਾ ਜ਼ਿੰਦਗੀ ‘ਚ ਘੂਰ ਵੇ।
(146)
‘ਕਾਵਿਕ ਲਕੀਰਾਂ’ ਵਿੱਚ ਸ਼ਾਮਲ ਸਾਰੇ ਸਿਖਾਂਦਰੂ ਤੇ ਸਥਾਪਤ ਕਵੀਆਂ ਦਾ ਇਹ ਸੰਗ੍ਰਹਿ ਪ੍ਰਕਾਸ਼ਿਤ ਕਰਨ ਲਈ ਸੰਪਾਦਕ ਤੇ ਉਸਦੀ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ।

~ ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ)