ਰਵਾਇਤੀ ਪਾਰਟੀਆਂ ਦੀ ਵੋਟ ਬਟੋਰੂ ਨੀਤੀ ਤੋਂ ਜਾਣੂ ਹੋ ਚੁੱਕਾ ਹੈ ਜਾਗਰੂਕ ਵੋਟਰ : ਸਪੀਕਰ ਸੰਧਵਾਂ

ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਜੈਤੋ ਸੜਕ ’ਤੇ ਸਥਿੱਤ ਅਰੋੜਬੰਸ ਧਰਮਸ਼ਾਲਾ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਦੀ ‘ਵਰਕਰ ਮਿਲਣੀ’ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕ ਸਭਾ ਚੋਣਾ ਦੀਆਂ ਤਿਆਰੀਆਂ ਸਬੰਧੀ ਵੱਖ ਵੱਖ ਨੁਕਤਿਆਂ ਤੋਂ ਜਾਣੂ ਕਰਵਾਇਆ। ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਾਰੇ ਬੂਥ ਇੰਚਾਰਜਾਂ ਸਮੇਤ ਵੱਖ ਵੱਖ ਅਹੁਦਿਆਂ ’ਤੇ ਬਿਰਾਜਮਾਨ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਆਖਿਆ ਕਿ ਰਵਾਇਤੀ ਪਾਰਟੀਆਂ ਨੇ ਲਗਾਤਾਰ 70 ਸਾਲ ਤੋਂ ਜਿਆਦਾ ਸਮਾਂ ਆਮ ਵੋਟਰ ਨੂੰ ਝੂਠੇ ਲਾਰੇ ਲਾ ਕੇ, ਸਬਜਬਾਗ ਦਿਖਾ ਕੇ, ਸ਼ਰਾਬ ਜਾਂ ਪੈਸਾ ਵੰਡ ਕੇ ਹਰ ਵਾਰ ਮੂਰਖ ਬਣਾਇਆ ਅਤੇ ਵੋਟਾਂ ਬਟੋਰਨ ਤੋਂ ਬਾਅਦ ਕਿਸੇ ਦੀ ਸਾਰ ਤੱਕ ਲੈਣ ਦੀ ਜਰੂਰਤ ਨਾ ਸਮਝੀ। ਉਹਨਾ ਆਖਿਆ ਕਿ 4 ਫਰਵਰੀ 2017 ਅਤੇ 20 ਫਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਮੌਕੇ ਹਲਕਾ ਕੋਟਕਪੂਰਾ ਦੇ ਵੋਟਰਾਂ ਨੇ ਨਾ ਤਾਂ ਸ਼ਰਾਬ ਜਾਂ ਕਿਸੇ ਹੋਰ ਵਸਤੂ ਦੀ ਮੰਗ ਕੀਤੀ ਅਤੇ ਨਾ ਹੀ ਪੈਸੇ ਲੈ ਕੇ ਵੋਟ ਪਾਉਣ ਦੀ ਜਿੱਦ ਕੀਤੀ, ਉਲਟਾ ਸ਼ਰਾਬ ਅਤੇ ਪੈਸਾ ਵੰਡਣ ਵਾਲੇ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਨਕਾਰਦਿਆਂ ਵੋਟਾਂ ਦੀ ਵੱਡੀ ਲੀਡ ਦੇ ਫਰਕ ਨਾਲ ਜਿੱਤ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਕੋਈ ਵੀ ਵੋਟਰ ਰਵਾਇਤੀ ਪਾਰਟੀਆਂ ਦੇ ਲਾਲਚ ਵਿੱਚ ਨਹੀਂ ਆਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਸੁਖਵੰਤ ਸਿੰਘ ਸਰਾਂ ਜਿਲਾ ਯੂਥ ਪ੍ਰਧਾਨ, ਸੁਖਵਿੰਦਰ ਸਿੰਘ ਬੱਬੂ, ਅਰੁਣ ਚਾਵਲਾ, ਬਾਬੂ ਸਿੰਘ ਫਿੱਡੇ, ਐਡਵੋਕੇਟ ਬਾਬੂ ਲਾਲ ਸਮੇਤ ਪ੍ਰਦੀਪ ਕੌਰ ਢਿੱਲੋਂ ਆਦਿ ਨੇ ਵੀ ਸੰਬੋਧਨ ਕੀਤਾ।