ਫਰੀਦਕੋਟ, 26 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਜਿਲਾ ਫਰੀਦਕੋਟ ’ਚ ਝੋਨੇ ਦੀ ਪਰਾਲੀ ਨੂੰ ਜੀਰੋ ਪੱਧਰ ’ਤੇ ਲਿਆਉਣ ਦੇ ਟੀਚੇ ਦੀ ਪੂਰਤੀ ਲਈ ਜਿਲਾ ਪ੍ਰਸ਼ਾਸ਼ਨ ਵਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਫਰੀਦਕੋਟ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਓਜਸਵੀ ਵਲੋਂ ਬਲਾਕ ਕੋਟਕਪੂਰਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਖੇਤਾਂ ’ਚ ਸੰਭਾਲਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਪਿੰਡ ਕੋਠੇ ਧਾਲੀਵਾਲ ’ਚ ਸੁਪਰ ਐੱਸ.ਐੱਮ.ਐਸ. ਲੱਗੀ ਕੰਬਾਈਨ ਨਾਲ ਹੋ ਰਹੀ ਝੋਨੇ ਦੀ ਕਟਾਈ ਦਾ ਜਾਇਜਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਉਨਾਂ ਦੇ ਨਾਲ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ, ਰਾਜਾ ਸਿੰਘ ਸਹਾਇਕ ਤਕਨੀਕੀ ਪ੍ਰਬੰਧਕ, ਨੋਡਲ ਹਾਜਰ ਸਨ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਵਿਸੇਸ ਕਰਕੇ ਛੋਟੇ ਕਿਸਾਨਾਂ ਦੀ ਸਹੂਲਤ ਲਈ ਜਿਲਾ ਫਰੀਦਕੋਟ ਵਿੱਚ ਪੰਜਾਬ ਸਰਕਾਰ ਵਲੋਂ ਸਬਸਿਡੀ ’ਤੇ ਖੇਤੀ ਮਸ਼ੀਨਰੀ ਦੀ ਪਿੰਡ ਵਾਰ ਸੂਚੀ ਵੈੱਬਸਾਈਟ ’ਤੇ ਅੱਪਲੋਡ ਕਰਕੇ ਜਾਰੀ ਕੀਤੀ ਅਤੇ ਇਸ ਸੂਚੀ ਤਕ ਪਹੁੰਚ ਵਧਾਉਣ ਲਈ ਕਿਊ.ਆਰ. ਕੋਡ ਵੀ ਜਾਰੀ ਕੀਤਾ ਗਿਆ, ਜਿਸ ਦੀ ਵਰਤੋਂ ਕਰਕੇ ਕੋਈ ਵੀ ਕਿਸਾਨ ਆਪਣੇ ਪਿੰਡ ਵਿੱਚ ਨਿੱਜੀ ਕਿਸਾਨਾਂ ਜਾਂ ਸਹਿਕਾਰੀ ਸਭਾਵਾਂ ਕੋਲ ਮੌਜੂਦ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦਾ ਪਤਾ ਲਾ ਕੇ ਕਿਰਾਏ ’ਤੇ ਲੈ ਕੇ ਆਪਣੀ ਕਣਕ ਦੀ ਬਿਜਾਈ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਕਿਸਾਨ ਘੱਟ ਰੇਟਾਂ ’ਤੇ ਕਿਰਾਏ ਵਾਲੀ ਮਸ਼ੀਨਰੀ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਪ੍ਰਾਈਵੇਟ ਗਰੁੱਪਾਂ ਤੋਂ ਕਿਰਾਏ ਤੇ ਲੈ ਕੇ ਆਪਣੀ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨਾਂ ਕਿਹਾ ਕਿ ਇਸ ਸਮੇਂ ਸਭ ਤੋਂ ਜਰੂਰੀ ਹੈ ਕਿ ਮਿੱਟੀ ਉਪਜਾਊ ਸਕਤੀ ਨੂੰ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਸਮੇਤ ਸਮੁੱਚੀ ਫਸਲੀ ਰਹਿੰਦ-ਖੂਹੰਦ ਨੂੰ ਖੇਤ ਵਿਚ ਹੀ ਸੰਭਾਲਿਆ ਜਾਵੇ। ਉਨਾਂ ਦੱਸਿਆ ਕਿ ਜਲਿਾ ਫਰੀਦਕੋਟ ਵਿੱਚ ਕੰਬਾਈਨ ਹਾਰਵੈਸਟਰ ਉੱਪਰ ਸੁਪਰ ਐੱਸ ਐੱਮ ਐੱਸ ਲਗਾਉਣਾ ਲਾਜਮੀ ਕੀਤਾ ਗਿਆ ਹੈ ਤਾਂ ਜੋਂ ਪਰਾਲੀ ਦੀ ਸੰਭਾਲ ਵਿਚ ਕੋਈ ਮੁਸਕਲ ਪੇਸ ਨਾਂ ਆਵੇ। ਉਨਾਂ ਕਿਹਾ ਕਿ ਪਿਛਲੇ ਪੰਜ ਸਾਲ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ ਤੇ ਕਿਸਾਨਾਂ ਨੂੰ 6200 ਮਸੀਨਾਂ ਉਪਲੱਬਧ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿਚੋਂ 2410 ਸੁਪਰ ਸੀਡਰ, 563 ਹੈਪੀ ਸੀਡਰ, 380ਸਰਫੇਸ ਸੀਡਰ 38 ਅਤੇ 105 ਬੇਲਰ ਹਨ। ਉਨਾਂ ਦੱਸਿਆ ਕਿ ਕਿਸਾਨ ਘੱਟ ਰੇਟਾਂ ਤੇ ਕਿਰਾਏ ਵਾਲੀ ਮਸ਼ੀਨਰੀ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਪ੍ਰਾਈਵੇਟ ਗਰੁੱਪਾਂ ਤੋਂ ਕਿਰਾਏ ਤੇ ਲੈ ਕੇ ਆਪਣੀ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਕਿਸਾਨ ਸਬਸਿਡੀ ਵਾਲੀ ਮਸ਼ੀਨ ਕਿਰਾਏ ਤੇ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਉਸ ਖਿਲਾਫ ਨੋਟਿਸ ਜਾਰੀ ਕਰਨ ਲਈ ਉਪ ਮੰਡਲ ਅਫਸਰਾਂ ਨੂੰ ਅਧਿਕਾਰਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜੇਕਰ ਕੋਈ ਕਿਸਾਨ ,ਜਿਸ ਨੇ ਖੇਤੀ ਮਸੀਨਰੀ ਸਬਸਿਡੀ ਤੇ ਲਈ ਹੈ, ਕਿਸੇ ਕਿਸਾਨ ਨੂੰ ਕਿਰਾਏ ਤੇ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਦਿੱਤੀ ਗਈ ਸਬਸਿਡੀ ਸਮੇਤ ਵਿਆਜ ਵਾਪਿਸ ਲਈ ਜਾਵੇਗੀ। ਉਹਨਾਂ ਮਸੀਨਰੀ ਮਾਲਕ ਕਿਸਾਨਾਂ ਨੁੰ ਅਪੀਲ ਕੀਤੀ ਕਿ ਜਲਿਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜੀਰੋ ਪੱਧਰ ਤੇ ਲਿਆਉਣ ਦੇ ਮਿਥੇ ਟੀਚੇ ਦੀ ਪ੍ਰਾਪਤੀ ਲਈ ਸਹਿਯੋਗ ਕਰਦਿਆਂ ਖੇਤੀ ਮਸੀਨਰੀ ਦੀ ਵਰਤੋਂ ਕਰਨ ਉਪਰੰਤ ,ਹੋਰਨਾਂ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਵੱਲੋਂ ਪਰਾਲੀ ਦੀ ਖੇਤਾਂ ਵਿਚ ਸੰਭਾਲਣ ਵਿਚ ਮਦਦ ਕਰਨ ਅਤੇ ਕਿਰਾਏ ਤੇ ਛੋਟੇ ਕਿਸਾਨਾਂ ਦੀ ਕਣਕ ਦੀ ਬਿਜਾਈ ਕਰਕੇ ਜਲਿਾ ਪ੍ਰਸਾਸਨ ਦੀ ਮਦਦ ਕਰਨ। ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਆਮ ਕਰਕੇ ਦੇਖਿਆ ਗਿਆ ਹੈ ਕਿ ਕੁਝ ਸੁਪਰ ਸੀਡਰ ਮਾਲਕ ਕਿਸਾਨ ,ਕਿਰਾਏ ਤੇ ਕਿਸੇ ਹੋਰ ਕਿਸਾਨ ਦੀ ਕਣਕ ਦੀ ਬਿਜਾਈ ਕਰਨ ਸਮੇਂ ਕਿਸਾਨ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਪਰਾਲੀ ਨੁੰ ਅੱਗ ਲਾਉਣ ਲਈ ਕਹਿੰਦੇ ਹਨ ਤਾਂ ਜੋਂ ਡੀਜਲ ਦੀ ਖਪਤ ਘਟਾਈ ਜਾ ਸਕੇ, ਜਿਸ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਵਾਧਾ ਹੁੰਦਾ ਹੈ।ਉਨਾਂ ਕਿਹਾ ਕਿ ਸਬਸਿਡੀ ਤੇ ਸੁਪਰ ਸੀਡਰ ਦੇਣ ਦਾ ਮਕਸਦ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕਰਨੀ ਹੈ। ਉਨਾਂ ਅਜਿਹੇ ਸੁਪਰ ਸੀਡਰ ਮਾਲਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਸੁਪਰ ਸੀਡਰ, ਝੋਨੇ ਦੀ ਪਰਾਲੀ ਨੂੰ ਅੱਗ ਲੱਗੇ ਖੇਤ ਵਿਚ ਕਣਕ ਦੀ ਬਿਜਾਈ ਕਰਦਾ ਪਾਇਆ ਗਿਆ ਤਾਂ ਦਿੱਤੀ ਗਈ ਸਬਸਿਡੀ ਦੀ ਰਕਮ ਸਮੇਤ ਵਿਆਜ ਵਾਪਸ ਲਈ ਜਾਵੇਗੀ। ਉਦਮੀ ਕਿਸਾਨ ਅਤੇ ਕੰਬਾਈਨ ਮਾਲਿਕ ਗੁਰਵਿੰਦਰ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਪਿਛਲੇ 6-7 ਸਾਲ ਤੋਂ ਸੁਪਰ ਐੱਸ ਐੱਮ ਐਮ ਲੱਗੀ ਕੰਬਾਈਨ ਨਾਲ ਆਪਣੀ ਅਤੇ ਹੋਰਨਾਂ ਕਿਸਾਨ ਦੀ ਝੋਨੇ ਦੀ ਕਟਾਈ ਕਰ ਰਿਹਾ ਹੈ ਅਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੀਆਂ ਲਿਸਟਾਂ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਤੇ ਲਗਵਾ ਦਿੱਤੀ ਗਈਆਂ ਹਨ,ਲੋੜਵੰਦ ਕਿਸਾਨ ਖੇਤੀ ਮਸ਼ੀਨਰੀ ਸਬੰਧੀ ਜਾਣਕਾਰੀ ਇਹਨਾਂ ਲਿਸਟਾਂ ਤੋਂ ਲੈ ਸਕਦੇ ਹਨ। ਉਨਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਇੱਕ (ਕਿਊ-ਆਰ) ਕੋਡ ਵੀ ਜਾਰੀ ਕੀਤਾ ਗਿਆ ਹੈ ਜਿਸ ਨੂੰ ਸਕੈਨ ਕਰਨ ਨਾਲ ਜਿਲ੍ਹਾ ਫਰੀਦੋਕਟ ਦੀ ਵੈਬਸਾਈਟ ਤੇ ਅਪਲੋਡ ਕੀਤੀਆਂ ਗਈਆਂ ਖੇਤੀ ਮਸ਼ੀਨਰੀ ਦੀਆਂ ਪਿੰਡ ਵਾਈਜ਼ ਲਿਸਟਾਂ ਖੁੱਲ ਜਾਣਗੀਆਂ ਅਤੇ ਕੋਈ ਵੀ ਕਿਸਾਨ ਆਪਣੇ ਨੇੜੇ ਦੀ ਮਸ਼ੀਨਰੀ ਬਾਰੇ ਜਾਣਕਾਰੀ ਇਨ੍ਹਾਂ ਲਿਸਟਾਂ ਵਿੱਚੋਂ ਲੈ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ‘ਉੱਨਤ ਕਿਸਾਨ‘ ਮੋਬਾਇਲ ਐਪ ਦੀ ਵੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਰਾਹੀਂ ਕਿਸਾਨ ਆਪਣੇ ਨੇੜੇ ਮੌਜੂਦ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਦੀ ਆਸਾਨੀ ਨਾਲ ਬੁਕਿੰਗ ਕਰਵਾ ਸਕਦੇ ਹਨ।