ਪ੍ਰਸਿੱਧ ਅੰਗਰੇਜ਼ੀ ਨਾਟਕਕਾਰ ਸ਼ੇਕਸਪੀਅਰ ਅਨੁਸਾਰ,” ਸਾਰੀ ਦੁਨੀਆਂ ਇੱਕ ਰੰਗਮੰਚ ਹੈ ਤੇ ਸਾਰੇ ਲੋਕ ਇਸ ਰੰਗਮੰਚ ਦੇ ਪਾਤਰ ” | ਰੰਗਮੰਚੀ ਇਸ ਦੁਨੀਆਂ ਵਿਚ ਹਰ ਪਾਤਰ ਆਪੋ ਆਪਣਾ ਰੋਲ ਨਿਭਾ ਕੇ ਸਟੇਜ ਤੋਂ ਰੁਖ਼ਸਤ ਹੋ ਰਿਹਾ ਹੈ | ਕੋਈ ਡਾਕਟਰ ਦਾ ਰੋਲ ਨਿਭਾ ਰਿਹੈ ਤੇ ਕੋਈ ਮਰੀਜ਼ ਬਣਿਐ | ਕੋਈ ਅਧਿਆਪਕ ਹੈ ਤੇ ਕੋਈ ਵਿਦਿਆਰਥੀ | ਕੋਈ ਘੜੀਸਾਜ਼ ਹੈ ਤੇ ਕੋਈ ਰੰਗਸਾਜ਼ | ਸਮਾਜਿਕ ਵਰਤਾਰੇ ਅੰਦਰ ਵਿਚਰਦੇ ਸਾਰੇ ਪਾਤਰਾਂ ਦੀ ਆਪੋ ਆਪਣੀ ਅਹਿਮੀਅਤ ਹੈ | ਸਮਾਜ ਅੰਦਰ ਆਪਣੇ ਰੁਤਬੇ ਅਤੇ ਕੰਮ ਅਨੁਸਾਰ ਪਾਤਰ ਰੂਪ ਚ ਵਿਚਰਦੇ ਬਹੁਤ ਸਾਰੇ ਵਿਅਕਤੀਆਂ ਨੂੰ ਸਾਡਾ ਸਮਾਜ ਵਧੇਰੇ ਮਾਣਤਾ ਦਿੰਦਾ ਹੈ | ਲੇਕਿਂਨ ਸਮਾਜ ਵਿਚ ਕਈ ਵਿਅਕਤੀ ਜਾਂ ਕਹਿ ਲਵੋ ਪਾਤਰ ਇਹੋ ਜਿਹੇ ਨੇ ਜਿਨ੍ਹਾਂ ਦੀ ਉਹਨਾਂ ਦੇ ਕੰਮ ਅਨੁਸਾਰ ਸਾਨੂੰ ਲੋੜ ਤਾਂ ਰਹਿੰਦੀ ਹੈ ਪਰ ਫੇਰ ਵੀ ਉਹ ਸਾਡੇ ਸਮਾਜ ਦੇ ਅਣਗੌਲੇ ਪਾਤਰ ਬਣ ਕੇ ਰਹਿ ਗਏ ਨੇ | ਮੋਚੀ ਦੌਲਤੀ ਰਾਮ ਵੀ ਸਾਡੇ ਸਮਾਜ ਦਾ ਇਹੋ ਜਿਹਾ ਹੀ ਇੱਕ ਪਾਤਰ ਹੈ ਜਿਸ ਦਾ ਜ਼ਿਕਰ ਇਸ ਲਿਖਤ ਵਿਚ ਕੀਤਾ ਜਾ ਰਿਹਾ ਹੈ |
ਸ਼ਹਿਰ ਦੇ ਬੱਸ ਅੱਡੇ ਨਜਦੀਕ ਸ਼ੁਰੂ ਹੁੰਦੇ ਬਾਜ਼ਾਰ ਵਿਚ ਲੱਗੇ ਬੋਹੜ ਦਰੱਖਤ ਦੇ ਨਾਲ ਵਾਲੀ ਖਾਲੀ ਥਾਂ ਚ ਫਸਾਇਆ ਨਿੱਕਾ ਜਿਹਾ ਲੱਕੜ ਦਾ ਪੁਰਾਣਾ ਜਿਹਾ ਖੋਖਾ ਜਿਹਦੇ ਵਿਚ ਬੈਠਕੇ ਦੌਲਤੀ ਰਾਮ ਮੋਚੀ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੰਢਦੈ ਤੇ ਉਸਦੇ ਖੋਖੇ ਤੇ ਲਿਖਿਆ ਹੋਇਐ ” ਦੌਲਤੀ ਮੋਚੀ ਦਾ ਖੋਖਾ ” | ਚੁਰੰਜਾ-ਪਚਵੰਜਾ ਸਾਲ ਨੂੰ ਢੁੱਕਿਆ ਦੌਲਤੀ ਇਕਹਿਰੀ ਕਾਠੀ ਦੇ ਸਰੀਰ ਵਾਲਾ ਮਾੜਚੂ ਜਿਹਾ ਬੰਦਾ | ਅੱਧੇ ਕਾਲੇ-ਚਿੱਟੇ ਮੁੰਨੇ ਸਿਰ ਦੇ ਅਤੇ ਦਾੜ੍ਹੀ-ਮੁੱਛਾਂ ਦੇ ਵਾਲ, ਮੋਟੇ ਬੁੱਲ੍ਹ , ਅੱਖਾਂ ਦੇ ਕੋਇਆਂ ਚ ਆਈ ਚਿੱਟੀ ਗਿੱਦ, ਉੱਚੇ ਪਰ ਹਸੂੰ-ਹਸੂੰ ਕਰਦੇ ਦੰਦ ਅਤੇ ਗਲ ਵਿਚ ਬਾਬੇ ਨਾਨਕ ਦੀ ਫੋਟੋ ਵਾਲਾ ਪਾਇਆ ਲੋਕਟ ਦੇਖਕੇ ਲੱਗਦਾ ਕਿ ਉਹ ਕਿਰਤ ਨੂੰ ਪਿਆਰ ਕਰਨ ਵਾਲਾ ਕਰਮਯੋਗੀ ਬੰਦਾ ਹੈ |
ਆਪਣੀ ਡਿਊਟੀ ਤੇ ਦੂਸਰੇ ਸ਼ਹਿਰ ਜਾਣ ਲਈ ਬੱਸ ਅੱਡੇ ਤੋਂ ਬੱਸ ਫੜਨ ਤੋਂ ਪਹਿਲਾਂ ਮੈਂ ਅਕਸਰ ਆਪਣੀ ਜੁੱਤੀ ਨੂੰ ਪਾਲਸ਼ ਕਰਵਾਉਣ ਲਈ ਉਹਦੇ ਕੋਲ ਜਾਂਦਾ ਆਉਂਦਾ ਰਹਿੰਦਾ ਹਾਂ | ਮੋਚੀ ਦੌਲਤੀ ਰਾਮ ਇੱਕ ਇਹੋ ਜਿਹਾ ਪਾਤਰ ਹੈ ਜਿਹੜਾ ਸਾਡੇ ਸਮਾਜ ਵਿਚ ਹੈ ਤਾਂ ਅਣਗ਼ੌਲਿਆ, ਪਰ ਸਾਨੂੰ ਉਹਦੇ ਤਾਈਂ ਕਦੇ ਕਦੇ ਕੰਮ ਪੈਣ ਕਰਕੇ ਉਸ ਦੀ ਲੋੜ ਰਹਿੰਦੀ ਹੈ | ਕਿਸੇ ਦੀ ਚੱਪਲ ਜਾਂ ਜੁੱਤੀ ਟੁੱਟ ਜਾਵੇ ਤਾਂ ਉਸਨੂੰ ਗੰਢਕੇ ਤੁਰਨ ਲਾਇਕ ਬਣਾਉਣ ਲਈ ਬੰਦੇ ਨੂੰ ਦੌਲਤੀ ਮੋਚੀ ਕੋਲ ਜਾਣਾ ਹੀ ਪਵੇਗਾ | ਲੇਕਿਂਨ ਫੇਰ ਵੀ ਉਹ ਕਿਸੇ ਦੀ ਨਿਗ੍ਹਾ ਹੇਠ ਨਹੀਂ , ਬਿਨਾਂ ਕੰਮ ਤੋਂ ਉਸ ਵੱਲ ਕੋਈ ਤਵੱਕੋ ਹੀ ਨਹੀਂ ਦਿੰਦਾ | ਲੋਕਾਂ ਨੂੰ ਉਸਦੇ ਕੰਮ ਨਾਲ ਤਾਂ ਮਤਲਬ ਹੈ ਪਰ ਉਸਦੀ ਸ਼ਖ਼ਸੀਅਤ, ਵਿਚਾਰਧਾਰਾ ਅਤੇ ਵਜੂਦ ਵਿਚ ਕਿਸੇ ਦੀ ਕੋਈ ਦਿਲਚਸਪੀ ਨਹੀਂ | ਕਈਆਂ ਨੂੰ ਲੱਗਦਾ ਹੈ ਕਿ ਇਹ ਤਾਂ ਛੋਟੇ ਕੰਮ ਵਾਲਾ ਬੰਦਾ ਹੈ ਇਸ ਦੀ ਕੀ ਵਿਚਾਰਧਾਰਾ ਤੇ ਕੀ ਫ਼ਲਸਫ਼ਾ | ਪਰ ਇਹੋ ਜਿਹੇ ਬੰਦੇ ਨੂੰ ਮਿਲ ਕੇ ਜਦੋਂ ਸਾਨੂੰ ਉਸਦੇ ਸਮੱਸਿਆ ਨੂੰ ਸੁਲਝਾਉਣ ਦੇ ਢੰਗ ਅਤੇ ਵਿਚਾਰ ਸੁਣਨ ਦਾ ਮੌਕਾ ਮਿਲਦੈ ਤਾਂ ਭਾਸ ਹੁੰਦੈ ਕਿ ਥੁੜਾਂ ਦੇ ਬਾਵਜ਼ੂਦ ਚੰਗੇਰਾ ਜੀਵਨ ਕਿੰਝ ਜਿਉਣੈ , ਦਾ ਫ਼ਲਸਫ਼ਾ ਜੁੱਤੀਆਂ ਗੰਢਣ ਵਾਲੇ ਅਦਨੇ ਜਿਹੇ ਬੰਦੇ ਕੋਲੋਂ ਵੀ ਮਿਲ ਸਕਦੈ |
ਇੱਕ ਦਿਨ ਮੈਂ ਉਸਨੂੰ ਜੱਕਦੇ ਜੱਕਦੇ ਨੇ ਪੁੱਛ ਲਿਆ ,” ਦੌਲਤੀ ਰਾਮ ਜੀ ਜਿਦਾਂ ਦਾ ਤੁਹਾਡਾ ਕੰਮ ਹੈ ਉਸ ਮੁਤਾਬਿਕ ਦਿਹਾੜੀ ਤਾਂ ਥੋੜੀ ਹੀ ਬਣਦੀ ਹੋਉ ? ਗੁਜ਼ਾਰਾ ਮੁਸ਼ਕਿਲ ਨਾਲ ਹੀ ਚੱਲਦਾ ਹੋਣਾ ? ” | ਮੇਰੀ ਗੱਲ ਸੁਣਕੇ ਉਸਨੇ ਮੁੱਛਾਂ ਨੂੰ ਤਾਅ ਜਿਹਾ ਦਿੰਦੇ ਨੇ ਕਿਹਾ ,” ਓ ਕੀ ਗੱਲ ਕਰਤੀ ਮਾਹਟਰ ਜੀ , ਨਾਂਓ ਮੇਰਾ ਦੌਲਤੀ , ਸਿਰ ਤੇ ਲੱਛਮੀ ਮਾਤਾ ਦਾ ਹੱਥ ( ਉਸਨੇ ਖੋਖੇ ਦੀ ਛੱਤ ਤੇ ਲੱਗੇ ਲਕਸ਼ਮੀ ਕੰਪਨੀ ਦੇ ਨਿੱਕੇ ਜਿਹੇ ਪੱਖੇ ਵੱਲ ਇੱਛਾਰਾ ਕੀਤਾ ) | ਆਪਣੀਆਂ ਤਾਂ ਲਹਿਰਾਂ-ਬਹਿਰਾਂ ਨੇ , ਕਿਸੇ ਚੀਜ਼ ਦੀ ਤੋਟ ਨੀ , ਕ੍ਰਿਪਾ ਹੈ ਬਾਬੇ ਨਾਨਕ ਦੀ ” | ਇਹ ਕਹਿ ਉਹ ਖਿੜ ਖਿੜ ਹੱਸਣ ਲੱਗਾ | ਮੈਨੂੰ ਉਹਦੀ ਹਿੰਮਤ ਅਤੇ ਬੇਬਾਕੀ ਗੁਰਬਤ ਨੂੰ ਛਿੱਥਾ ਪਾਉਂਦੀ ਨਜ਼ਰ ਆਈ |
ਉਹ ਚਮੜੇ ਦੇ ਛੋਟੇ ਛੋਟੇ ਟੁਕੜਿਆਂ ਨੂੰ ਸਾਂਭ ਸਾਂਭ ਰੱਖਦਾ ਕਹਿੰਦਾ,” ਮਾਹਟਰ ਜੀ , ਹਰੇਕ ਛੋਟੀ ਤੋਂ ਛੋਟੀ ਚੀਜ ਵੀ ਕਿਸੇ ਨਾ ਕਿਸੇ ਮੌਕੇ ਤੇ ਕੰਮ ਆਉਂਦੀ ਹੈ , ਲੋੜ ਵੇਖੇ ਹਮੇਸ਼ਾ ਛੋਟਾ ਬੰਦਾ ਹੀ ਕੰਮ ਦਿੰਦੈ , ਵੱਡੇ ਤਾਂ ਖਹਿੜਾ ਛੁਡਵਾ ਕੇ ਭੱਜ ਜਾਂਦੇ ਨੇ ” | ਉਹ ਦਿਨ ਚ ਕਈ ਵਾਰ ਬਾਬੇ ਨਾਨਕ ਦੀ ਫੋਟੋ ਵਾਲੇ ਲਾਕਟ ਨੂੰ ਮੱਥੇ ਨਾਲ ਲਾ ਕੇ ਨਮਸਕਾਰ ਕਰਦਾ ਆਖਦਾ ,” ਬਾਬੇ ਨੇ ਮੇਰੀ ਲੋਕਾਂ ਦੇ ਜੋੜੇ ਝਾੜਨ ਦੀ ਪੱਕੀ ਸੇਵਾ ਇਥੇ ਹੀ ਲਾਈ ਹੋਈ ਹੈ, ਮੱਥਾ ਮੈਂ ਗੁਰੂ ਘਰ ਜਾ ਕੇ ਟੇਕ ਆਉਣਾ ” | ਉਸ ਦਾ ਕੰਮ ਚੋਂ ਸੰਤੁਸ਼ਟੀ ਭਾਲਣ ਦਾ ਇਹ ਅੰਦਾਜ਼ ਉਹਨਾਂ ਲੋਕਾਂ ਲਈ ਇੱਕ ਸਿੱਖਿਆ ਸੀ ਜਿਹੜੇ ਵੱਡੇ ਅਹੁਦਿਆਂ ਤੇ ਹੋਣ ਦੇ ਬਾਵਜੂਦ ਅਸੰਤੁਸ਼ਟ ਤੇ ਕੰਮ ਚੋਰ ਨੇ |
ਇੱਕ ਦਿਨ ਉਹ ਕੁਝ ਖਿਝਿਆ ਜਾ ਬੈਠਾ ਸੀ | ਮੈਂ ਪੁੱਛਿਆ ,” ਅੱਜ ਕੀ ਗੱਲ ਹੋ ਗਈ ਦੌਲਤੀ ਰਾਮ ਜੀ ਗੁੱਸੇ ਹੋਏ ਬੈਠੇ ਓ ? ” | ਕੀ ਦੱਸਾਂ ਮਾਹਟਰ ਜੀ , ਅੱਜ ਇੱਕ ਬੜੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਲੱਗਦੀ ਬੀਬੀ ਆਈ ਚੱਪਲ ਗੰਧਾਉਣ , ਚੱਪਲ ਗੰਦ ਨਾਲ ਭਰੀ ਹੋਈ ਸੀ ਮੈਂ ਹੱਥ ਨਾਲ ਸਾਫ ਕਰਕੇ ਗੰਢਣ ਲੱਗਾ ਤਾਂ ਉਹ ਬੀਬੀ ਸੂਗ ਜਹੀ ਮੰਨਦੀ ਮੈਨੂੰ ਕਹਿੰਦੀ ,” ਹੈਂ ਵੇ ਭਾਈ , ਤੂੰ ਰੋਟੀ ਵੀ ਇਹਨਾਂ ਹੱਥਾਂ ਨਾਲ ਹੀ ਖਾਨੈ ? ਮੈਂ ਹੈਰਾਨ ਹੋਵਾਂ ਤੇ ਨਾਲੇਂ ਮੈਨੂੰ ਗੁੱਸਾ ਜਿਹਾ ਆਵੇ , ਮੈਂ ਉਹਨੂੰ ਕਿਹਾ ,” ਹੋਰ ਭਾਈ ਬੀਬੀ ਰੋਟੀ ਖਾਣ ਲਈ ਮੇਰੇ ਕੋਲ ਕਿਹੜਾ ਕੋਈ ਹੋਰ ਹੱਥ ਨੇ ਇਹਨਾਂ ਹੱਥਾਂ ਨਾਲ ਹੀ ਖਾਨਾਂ | ਫੇਰ ਉਹ ਮੈਨੂੰ ਸੰਬੋਧਿਤ ਹੁੰਦਾ ਕਹਿੰਦਾ ,” ਨਾ ਕਿਰਤ ਵਾਲੇ ਹੱਥ ਤਾਂ ਮੈਲੇ ਕੁਚੈਲੇ ਹੀ ਹੁੰਦੇ ਨੇ ਮਾਹਟਰ ਜੀ ? ” | ਦੌਲਤੀ ਦੀ ਗੱਲ ਸੁਣਕੇ ਮੈਂਨੂੰ ਵੀ ਉਸ ਬੀਬੀ ਤੇ ਗੁੱਸਾ ਆਇਆ | ਮੈਂ ਦੌਲਤੀ ਨੂੰ ਹੌਂਸਲਾ ਦਿੰਦੇ ਨੇ ਕਿਹਾ ,” ਹਾਂ ਦੌਲਤੀ ਰਾਮ ਜੀ ਕਿਰਤੀ ਦੇ ਹੱੱਥ ਮੈਲੇ ਕੁਚੈਲੇ ਹੀ ਹੁੰਦੇ ਨੇ , ਕਿਰਤੀ ਦੇ ਇਹਨਾਂ ਹੱਥਾਂ ਨਾਲ ਹੀ ਦੇਸ਼ ਅਤੇ ਕੌਮ ਤਰੱਕੀ ਕਰਦੀ ਹੈ ਤੇ ਇਹ ਹੱਥ ਉਹਨਾਂ ਸੋਹਣੇ ਪਰ ਵਿਹਲੇ ਹੱਥਾਂ ਨਾਲੋਂ ਲੱਖ ਦਰਜੇ ਚੰਗੇ ਨੇ ” | ਮੇਰੀ ਗੱਲ ਸੁਣਕੇ ਉਹ ਮੁੜ ਤਰਾਰ ਚ ਆ ਗਿਆ | ਉਸਦੀ ਸਾਦਗੀ ਤੇ ਸਰਲ ਜੀਵਨ ਸ਼ੈਲੀ ਦੇਖਕੇ ਉਹ ਮੈਨੂੰ ਹਮੇਸ਼ਾ ਕਿਸੇ ਗੁੰਝਲ ਨੂੰ ਸੁਲਝਾਉਣ ਵਾਲਾ ਪ੍ਰੇਰਕ ਤੇ ਕਿਸੇ ਕਹਾਣੀਕਾਰ ਦੀ ਅਣਲਿੱਖੀ ਕਹਾਣੀ ਦਾ ਅਣਗੌਲਿਆ ਪਾਤਰ ਜਾਪਦਾ ਹੈ | *
ਪ੍ਰੋ ਹਰਦੀਪ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ , ਸੰਗਰੂਰ
9417665241
Leave a Comment
Your email address will not be published. Required fields are marked with *