ਜ਼ਿੰਦਗੀ ਦੇ ਨੌ ਦਹਾਕੇ ਬਤੀਤ ਕਰਨ ਵਾਲੇ ਸ਼੍ਰ. ਇੰਦਰ ਸਿੰਘ ਢੀਂਡਸਾ ਇੱਕ ਬਹੁ-ਪੱਖੀ ਸ਼ਖਸੀਅਤ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।ਦੇਸ਼ ਨੂੰ ਆਜ਼ਾਦੀ ਮਿਲਣ ਸਮੇਂ ਪੰਜਾਬ ਦੀ ਵੰਡ ਸਮੇਂ ਉਨ੍ਹਾਂ ਨੇ ਜਵਾਨੀ ‘ਚ ਪੈਰ ਧਰਿਆ ਹੀ ਸੀ ਕਿ ਉਨ੍ਹਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਇਹ ਦੁਖਾਂਤ ਵਾਪਰਦਾ ਦੇਖਣਾ ਪਿਆ।ਉਨ੍ਹਾਂ ਦਾ ਜਨਮ ਮੱਧ ਵਰਗੀ ਕਿਸਾਨ ਸ਼੍ਰ. ਕਿਸ਼ਨ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿੰਡ ਦੰਦਰਾਲਾ ਢੀਂਡਸਾ ਵਿਖੇ 4 ਜੂਨ 1929 ਨੂੰ ਹੋਇਆ ਤਾਂ ਦਾਦਾ ਸ਼੍ਰ. ਨਰਾਇਣ ਸਿੰਘ ਅਤੇ ਦਾਦੀ ਬਸੰਤ ਕੌਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ।ਮੁਢਲੀ ਪੜ੍ਹਾਈ ਦੀ ਸ਼ੁਰੂਆਤ ਸਮੇਂ ਪਹਿਲੀ ਜਮਾਤ ਵਿੱਚ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਤੰਦਾਬੱਧਾ ਵਿਖੇ ਦਾਖਲਾ ਲੈ ਲਿਆ।ਸਕੂਲ ਛੱਡ ਕੇ ਉਹ ਪਿੰਡ ਹੀ ਸੂਬੀਆ ਖਾਂ ਕੋਲ ਪੜ੍ਹਨ ਲੱਗ ਪਏ ਅਤੇ ਗੁਰਦੁਆਰਾ ਸਾਹਿਬ ਵਿਖੇ ਇੱਕ ਹੋਰ ਅਧਿਆਪਕ ਨੇ ਵੀ ਪ੍ਰਾਈਵੇਟ ਤੌਰ ਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ।ਪੰਜਵੀਂ ਸ਼੍ਰੇਣੀ ਵਿੱਚ ਦਾਖਲਾ ਐਂਗਲੋ ਵਰਨੇਕੂਲਰ ਸਕੂਲ ਚੌਂਦਾ (ਸੰਗਰੂਰ) ਵਿਖੇ ਲੈ ਲਿਆ।ਅੱਠਵੀਂ ਉਨ੍ਹਾਂ ਨੇ 1945 ਵਿੱਚ ਇਸੇ ਸਕੂਲ ਤੋਂ ਪਹਿਲੇ ਨੰਬਰ ਤੇ ਰਹਿ ਕੇ ਪਾਸ ਕਰ ਲਈ।ਇਸੇ ਸਾਲ ਉਨ੍ਹਾਂ ਦਾ ਵਿਆਹ ਪਿੰਡ ਰੈਸਲ ਦੇ ਸ਼੍ਰ. ਮੋਤਾ ਸਿੰਘ ਦੀ ਪੁੱਤਰੀ ਬੀਬੀ ਜਸਵੰਤ ਕੌਰ ਨਾਲ ਹੋ ਗਿਆ ਪਰ ਵਿਆਹ ਹੋਣ ਦੇ ਬਾਵਜੂਦ ਉਨ੍ਹਾਂ ਨੇ ਪੜ੍ਹਾਈ ਨੂੰ ਜਾਰੀ ਰੱਖਦੇ ਹੋਏ ਨੌਵੀਂ ਸ੍ਰੇਣੀ ‘ਚ ਦਾਖਲਾ ਆਰੀਆ ਹਾਈ ਸਕੂਲ ਨਾਭਾ ਵਿਖੇ ਲੈ ਲਿਆ ਅਤੇ 1947 ਵਿੱਚ ਪਹਿਲੇ ਸਥਾਨ ਤੇ ਰਹਿ ਕੇ ਦਸਵੀਂ ਪਾਸ ਕਰ ਲਈ।ਇਸ ਉਪਰੰਤ ਉਨ੍ਹਾਂ ਨੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਦਾਖਲਾ ਲੈ ਕੇ 1951 ਵਿੱਚ ਬੀ.ਏ. ਕਰ ਲਈ।ਉਹ ਕਾਲਜ ਸਮੇਂ ਦੌਰਾਣ ਵਾਲੀਵਾਲ ਦੇ ਵਧੀਆ ਖਿਡਾਰੀ ਰਹੇ।ਕਾਲਜ ਦੀ ਵਾਲੀਵਾਲ ਟੀਮ ਦੇ ਕੈਪਟਨ ਹੋਣਾ ਉਨ੍ਹਾਂ ਅੰਦਰਲੀ ਵਧੀਆ ਸਪੋਰਟਸਮੈਨਸ਼ਿਪ ਦੀ ਗਵਾਹੀ ਭਰਦਾ ਹੈ।ਉਨ੍ਹਾਂ ਨੇ ਪੰਜਾਬ ਦੀ ਵੰਡ ਤੋਂ ਬਾਅਦ ਵਲੰਟੀਅਰ ਦੇ ਤੌਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੀੜ੍ਹਤਾਂ ਦੀ ਕਈ ਤਰ੍ਹਾਂ ਨਾਲ ਮਦਦ ਵੀ ਕੀਤੀ। ਸਰਕਾਰੀ ਕਾਲਜ ਲੁਧਿਆਣੇ ਤੋਂ ਉਨ੍ਹਾਂ ਨੇ ਐਮ.ਏ. (ਜਿਊਗਰਫੀ) 1953 ‘ਚ ਕਰ ਲਈ ।ਅਧਿਆਪਕ ਕਿੱਤੇ ਨੂੰ ਤਰਜੀਹ ਦਿੰਦੇ ਹੋਏ ਉਨ੍ਹਾਂ ਨੇ ਫਰੀਦਕੋਟ ਕਾਲਜ ਤੋਂ ਬੀ.ਟੀ. ਦੀ ਪੜ੍ਹਾਈ 1956 ਵਿੱਚ ਕਰ ਲਈ।ਇਹ ਸਾਰੀ ਉਚੇਰੀ ਪੜ੍ਹਾਈ ਉਨ੍ਹਾਂ ਨੇ ਵਿਆਹ ਤੋਂ ਬਾਅਦ ਪ੍ਰਾਪਤ ਕੀਤੀ ਜੋ ਕਿ ਉਸ ਸਮੇਂ ਕਠਿਨ ਕੰਮ ਸੀ।ਉਨ੍ਹਾਂ ਦੀ ਨਿਯੁਕਤੀ ਬਤੌਰ ਅਧਿਆਪਕ ਹੋਣ ਤੇ ਪਹਿਲੀ ਹਾਜ਼ਰੀ 25 ਅਕਤੂਬਰ 1956 ਨੂੰ ਉਨ੍ਹਾਂ ਨੇ ਸਰਕਾਰੀ ਮਿਡਲ ਸਕੂਲ ਬੇਰਾਵਾਸ ਜਿਲ੍ਹਾ ਮਹਿੰਦਰਗੜ੍ਹ ( ਹੁਣ ਹਰਿਆਣਾੁ) ਵਿਖੇ ਦਿੱਤੀ।ਇਥੇ ਉਨ੍ਹਾਂ ਨੇ ਸੀਨੀਅਰ ਹੋਣ ਦੇ ਨਾਤੇ ਬਤੌਰ ਮੁੱਖ ਅਧਿਆਪਕ 23 ਨਵੰਬਰ 1957 ਤੱਕ ਕੰਮ ਕੀਤਾ ਤੇ ਉਨ੍ਹਾਂ ਦੀ ਬਦਲੀ ਸ.ਮਿ.ਸ.ਕੁਰਾੜ ( ਸੰਗਰੂਰ ) ਵਿਖੇ ਹੋ ਗਈ।ਇਸ ਤੋਂ ਬਾਅਦ ਸ.ਹ.ਸ.ਧਨੋਲਾ (ਸੰਗਰੂਰ) ਵਿਖੇ ਬਤੌਰ ਸੀਨੀਅਰ ਮਾਸਟਰ ਬਦਲੀ ਹੋਣ ਤੇ 10 ਜੁਲਾਈ 1958 ਨੂੰ ਹਾਜ਼ਰੀ ਦਿੱਤੀ ।ਬਤੌਰ ਲੈਕਚਰਾਰ (ਜੋਗਰਫੀ ) ਤਰੱਕੀ ਹੋਣ ਉਪਰੰਤ ਉਨ੍ਹਾਂ ਦੀ ਪੋਸਟਿੰਗ 18 ਅਪ੍ਰੈਲ 1961 ਨੂੰ ਸਰਕਾਰੀ ਸੈਕੰਡਰੀ ਸਕੂਲ ਨਾਭਾ ਵਿਖੇ ਹੋ ਗਈ ।ਇਥੋਂ ਹੀ ਉਨ੍ਹਾਂ ਦੀ ਅਡਜਸ਼ਟਮੈਨਟ ਸਰਕਾਰੀ ਸੀਨੀ: ਸੈਕੰ: ਸਕੂਲ (ਗਰਲਜ਼) ਗੋਬਿੰਦਗੜ੍ਹ ਵਿਖੇ ਹੋ ਗਈ,ਤਕਰੀਬਨ ਤਿੰਨ ਮਹੀਨੇ ਸੇਵਾ ਕਰਨ ਉਪਰੰਤ ਮੁੜ ਵਾਪਸ ਨਾਭੇ ਸਕੂਲ ਆ ਗਏ।ਇਥੇ ਉਨ੍ਹਾਂ ਨੇ 1967 ਤੱਕ ਕੰਮ ਕੀਤਾ ਇਸ ਉਪਰੰਤ ਉਨ੍ਹਾਂ ਦੀ ਬਦਲੀ ਸ.ਸ.ਸਕੂਲ (ਲੜਕੇ) ਬਸੀ ਪਠਾਨਾ ਵਿਖੇ ਹੋਣ ਤੇ 1973 ਤੱਕ ਬਤੌਰ ਲੈਕਚਰਾਰ(ਜੋਗਰਫੀ) ਕੰਮ ਕੀਤਾ।ਤਰੱਕੀ ਹੋਣ ਉਪਰੰਤ ਬਤੌਰ ਹੈਡਮਾਸਟਰ ਉਹ ਸਰਕਾਰੀ ਹਾਈ ਸਕੂਲ ਬਾਗੋਵਾਣੀ (ਗੁਰਦਾਸਪੁਰ) ਵਿਖੇ ਸੰਨ 1973 ਨੂੰ ਹਾਜ਼ਰ ਹੋਏ। ਅਗਲੇ ਸਾਲ 1974 ਵਿੱਚ ਸ.ਹ.ਸ. ਸੌਜਾ (ਪਟਿਆਲਾ) ਵਿਖੇ ਬਤੌਰ ਹੈਡਮਾਸਟਰ ਆਪਣੀ ਡਿਊਟੀ ਨਿਭਾਉਣੀ ਸ਼ੁਰੂ ਕੀਤੀ।ਇਥੇ ਉਨ੍ਹਾਂ ਲੰਬਾ ਸਮਾਂ 18 ਅਪ੍ਰੈਲ 1985 ਤੱਕ ਸਕੂਲ ਦੀ ਸੇਵਾ ਕੀਤੀ ਅਤੇ ਬਦਲੀ ਹੋਣ ਤੇ ਆਖਰੀ ਸਮੇਂ ਸ.ਹ.ਸ.ਧਬਲਾਨ ਵਿਖੇ ਉਨ੍ਹਾਂ ਨੇ ਤਕਰੀਬਨ ਦੋ ਸਾਲ ਤੋਂ ਵੱਧ ਸਮਾਂ ਸਕੂਲ ਨੂੰ ਵਧੀਆ ਤਰੀਕੇ ਨਾਲ ਚਲਾਇਆ।ਉਹ ਇੱਕ ਸੂਝਵਾਨ ਕੁਸ਼ਲ ਪ੍ਰਬੰਧਕ ਰਹੇ ਹਨ। ਵੱਖ-ਵੱਖ ਸਕੂਲਾਂ ਵਿੱਚ ਤਕਰੀਬਨ 31 ਸਾਲ ਦੀ ਸ਼ਾਨਦਾਰ ਅਤੇ ਬੇਦਾਗ ਸੇਵਾ ਕਰਨ ਉਪਰੰਤ ਸ਼੍ਰ. ਇੰਦਰ ਸਿੰਘ ਢੀਂਡਸਾ ਸ.ਹ.ਸ. ਧਬਲਾਨ (ਪਟਿਆਲਾ) ਤੋਂ 30 ਜੂਨ 1987 ਨੂੰ ਸੇਵਾ ਮੁਕਤ ਹੋ ਗਏ।
ਇੰਦਰ ਸਿੰਘ ਢੀਂਡਸਾ ਸੇਵਾ ਮੁਕਤੀ ਉਪਰੰਤ ਸਿੱਖਿਆ ਕਾਰਜਾਂ ਅਤੇ ਸਮਾਜ ਸੇਵਾ ਨਾਲ ਜੁੜੇ ਹੋੇਏ ਹਨ।ਉਹ ਸ਼ਹਿਰ ਦੇ ਨਾਮਵਰ ਸਰਕਾਰੀ ਜੂਨੀਅਰ ਮਾਡਲ ਸਕੂਲ ਨਾਭਾ ਦੇ ਤਕਰੀਬਨ 10 ਸਾਲ ਪੀ.ਟੀ.ਏ. ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਅਰਸ਼ੇ ਦੌਰਾਣ ਉਨ੍ਹਾਂ ਦੀ ਦੇਖ-ਰੇਖ ਹੇਠ ਸਕੂਲ ਦੀ ਦਿੱਖ ਸੰਵਾਰਨ ਅਤੇ ਬੱਚਿਆਂ ਨੂੰ ਬੇਹਤਰ ਸਹੂਲਤਾਂ ਦੇਣ ਲਈ ਉਨ੍ਹਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ।ਇਸੇ ਤਰ੍ਹਾਂ ਹੀ ਸ.ਸ.ਸ.ਸ. (ਲੜਕੇ) ਨਾਭਾ ਦੇ ਪ.ਸ.ਵ.ਕ. ਕਮੇਟੀ ਦੇ ਪ੍ਰਧਾਨ ਵੀ ਰਹੇ।ਸੀਨੀਅਰ ਸਿਟੀਜਨ ਲਈ ਸ਼ਹਿਰ ਵਿੱਚ ਕੋਈ ਸੰਸਥਾ ਨਾ ਹੋਣ ਕਾਰਣ ਉਨ੍ਹਾਂ ਨੇ ਆਪਣੇ ਮਿੱਤਰਾਂ ਨਾਲ ਰਲ ਕੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਕਰਵਾਇਆ। ਇਸ ਰਜ਼ਿਸਟਰਡ ਸੰਸਥਾ ਦੇ ਉਹ ਫਾਊਂਡਰ ਮੈਂਬਰ ਹਨ।ਇਸ ਸੰਸਥਾ ਦੇ ਉਹ ਦੋ ਵਾਰ 1 ਅਪ੍ਰੈਲ 2001 ਤੋਂ 31 ਮਾਰਚ 2003 ਅਤੇ 1 ਅਪ੍ਰੈਲ 2010 ਤੋਂ 31 ਮਾਰਚ 2012 ਤੱਕ ਪ੍ਰਧਾਨ ਰਹਿ ਚੁੱਕੇ ਹਨ।ਇਸ ਸੰਸਥਾ ਦੀ ਸ਼ਾਨਦਾਰ ਬਿਲਡਿੰਗ ਬਣਾਉਣ ਲਈ ਉਨ੍ਹਾਂ ਦਾ ਅਹਿਮ ਰੋਲ ਹੈ।ਉਹ ਸੰਸਥਾ ਦੀ ਬੇਹਤਰੀ ਲਈ ਨੱਬਿਆਂ ਤੋਂ ਉੱਪਰ ਪਹੁੰਚਣ ਦੇ ਬਾਵਜੂਦ ਵੀ ਸਰਗਰਮ ਭੂਮਿਕਾ ਨਿਭਾਉਂਦੇ ਰਹੇ ।ਇਸ ਸੰਸਥਾਂ ਨਾਲ ਬਹੁਤ ਹੀ ਗਿਆਨਵਾਨ ਅਤੇ ਸੂਝਵਾਨ ਮੈਂਬਰ ਜੁੜੇ ਹੋਏ ਹਨ।ਇਸੇ ਲਈ ਸ਼ਹਿਰ ਵਿੱਚ ਇਸ ਸੰਸਥਾ ਦਾ ਨਾਂ ਹਰ ਕਿਸੇ ਦੇ ਮੂੰਹ ਤੇ ਹੈ।ਇਹ ਸੰਸਥਾ ਬੇਸਹਾਰਾ ਬਜ਼ੁਰਗਾਂ ਲਈ ਵਰਦਾਨ ਸਾਬਤ ਹੋ ਰਹੀ ਹੈ।ਨਾਲ ਹੀ ਉਹ ਅਮਲ ਸੋਸਾਇਟੀ ਨਾਭਾ ਦੇ ਐਗਜੈਕਟਿਵ ਮੈਂਬਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਨ।ਉਹ ਪੈਨਸ਼ਨਰ ਐਸੋਸ਼ੀਏਸ਼ਨ ਦੇ ਮੈਂਬਰ ਵੀ ਹਨ।ਸਾਰਥਿਕ ਸੋਚ ਦੇ ਧਾਰਨੀ ਹੋਣ ਕਰਕੇ ਉਨ੍ਹਾਂ ਨੇ ਸਮਾਜ ਦੀ ਬੇਹਤਰੀ ਲਈ ਕੰਮ ਕਰਦੇ ਰਹਿਣ ਕਰਕੇ ਆਪਣੀ ਜ਼ਿੰਦਗੀ ਨੂੰ ਰੰਗੀਨ ਬਣਾ ਕੇ ਰੁਝਾ ਰੱਖਿਆ ਹੈ ।ਉਹ ਇਨ੍ਹਾਂ ਸੰਸਥਾਵਾਂ ਦੀਆਂ ਨਿਰਧਾਰਤ ਮੀਟਿੰਗਾਂ ਵਿੱਚ ਹਮੇਸ਼ਾਂ ਸਮੂਲੀਅਤ ਕਰਦੇ ਹੋਏ ਆਪਣੇ ਵੱਡਮੁੱਲੇ ਸੁਝਾਅ ਦਿੰਦੇ ਰਹਿੰਦੇ ਹਨ।
ਸ਼੍ਰ. ਇੰਦਰ ਸਿੰਘ ਢੀਂਡਸਾ ਅਤੇ ਉਨ੍ਹਾਂ ਦੀ ਸੁਪਤਨੀ ਸ਼ੀਮਤੀ ਜਸਵੰਤ ਕੌਰ ਨੇ ਆਪਣੇ ਬੱਚਿਆਂ ਨੂੰ ਸਮੇਂ ਦੇ ਹਾਲਾਤਾਂ ਮੁਤਾਬਕ ਨਾਭਾ ਵਿਖੇ ਰਹਿੰਦੇ ਹੋਏ ਵਧੀਆ ਪੜ੍ਹਾਈ ਕਰਾਕੇ ਆਪਣੇ ਪੈਰਾਂ ਤੇ ਖੜ੍ਹਣਯੋਗ ਬਣਾਇਆ।ਉਨ੍ਹਾਂ ਦੀਆਂ ਤਿੰਨ ਬੇਟੀਆਂ ਪਰਮਜੀਤ ਕੌਰ (ਸੇਵਾ ਮੁਕਤ ਜੇ.ਬੀ.ਟੀ.ਅਧਿਆਪਿਕਾ) ਨਾਭੇ ਆਪਣੇ ਪਤੀ ਕੈਪਟਨ ਗੁਰਚਰਨ ਸਿੰਘ ਨੱਤ ,ਦੂਸਰੀ ਬੇਟੀ ਸੁਖਜੀਤ ਕੌਰ ਬਹਿਰਾਮਪੁਰ ਬੇਟ (ਆਪਣਾ ਹਸਪਤਾਲ ਚਲਾ ਰਹੀ ਹੈ) ਆਪਣੇ ਪਤੀ ਸ਼੍ਰ. ਸੁਰਿੰਦਰਪਾਲ ਸਿੰਘ ਕੰਗ (ਰਿਟਾ: ਫੀਲਡ ਅਫਸਰ,ਏਅਰ ਫੋਰਸ) ਅਤੇ ਤੀਸਰੀ ਬੇਟੀ ਸੁਖਵਿੰਦਰ ਕੌਰ ਪੰਜਾਬੀ ਮਿਸਟ੍ਰੈਸ ਆਪਣੇ ਪਤੀ ਸ਼੍ਰ. ਹਰਦੇਵ ਸਿੰਘ ਢਿੱਲੋਂ (ਪ੍ਰਿੰਸੀਪਲ ਸ.ਸ.ੁਸ.ਗਾਜੇਵਾਸ) ਨਾਲ ਸਮਾਨਾ ਵਿਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਖੁਸ਼ ਰਹਿ ਰਹੀਆਂ ਹਨ।ਉਨ੍ਹਾਂ ਦਾ ਵੱਡਾ ਬੇਟਾ ਸੁਖਦੇਵ ਸਿੰਘ ਐਡਵੋਕੇਟ ਆਪਣੀ ਪਤਨੀ ਸਤਵੰਤ ਕੌਰ (ਸਾਬਕਾ ਮਿਊਂਸਪਲ ਕੌਂਸਲਰ) ਅਤੇ ਬੇਟੇ ਗੁਰਸ਼ਰਨਜੀਤ ਸਿੰਘ ਅਤੇ ਨੂੰਹ ਪਰਨੀਤ ਕੌਰ ਨਾਲ ਨਿਊਜੀਲੈਂਡ ਵਿਖੇ ਰਹਿ ਰਿਹਾ ਹੈ।ਉਸ ਦਾ ਇੱਕ ਬੇਟਾ ਗੁਰਿੰਦਰਜੀਤ ਸਿੰਘ ਆਪਣੀ ਪਤਨੀ ਸੰਦੀਪ ਕੌਰ ਨਾਲ ਉਨ੍ਹਾਂ ਕੋਲ ਰਹਿ ਰਿਹਾ ਹੈ। ਸ਼੍ਰ. ਇੰਦਰ ਸਿੰਘ ਢੀਂਡਸਾ ਦਾ ਛੋਟਾ ਬੇਟਾ ਬਲਵਿੰਦਰ ਸਿੰਘ (ਵੈਟਰਨਰੀ ਡਾਕਟਰ) ਜੀ.ਐਸ.ਕੇ.ਨਾਭਾ ਵਿਖੇ ਡਿਊਟੀ ਕਰਦਾ ਹੈ ਅਤੇ ਉਸਦੀ ਪਤਨੀ ਮਹਿੰਦਰ ਕੌਰ ਬਿਜਲੀ ਬੋਰਡ ਵਿੱਚ ਨੌਕਰੀ ਕਰ ਰਹੀ ਹੈ ,ਪੋਤਰਾ ਜਸ਼ਨਪ੍ਰੀਤ ਸਿੰਘ ਐਮ.ਬੀ.ਏ. ਕਰ ਰਿਹਾ ਹੈ।ਪੋਤਰੀ ਅਮਨਦੀਪ ਕੌਰ ਆਪਣੇ ਪਤੀ ਕਰਨਲ ਅਵਿਨਾਸ਼ ਸਹਿਰਾਬਤ ਨਾਲ ਰਹਿੰਦੀ ਹੋਈ ਮਿਲਟਰੀ ਸਕੂਲ ‘ਚ ਪੜ੍ਹਾ ਰਹੀ ਹੈ।ਸ਼੍ਰ. ਇੰਦਰ ਸਿੰਘ ਢੀਂਡਸਾ ਸਰੀਰਕ ਪੱਖੋਂ ਪੂਰੇ ਫਿੱਟ ਹਨ, ਇਸੇ ਲਈ ਜਦੋਂ ਜੀਅ ਕਰਦਾ ਉਹ ਰੋਹਟੀ ਦੇ ਪੁਲਾਂ ਨਜਦੀਕ ਆਪਣੀ ‘ਢੀਂਡਸਾ ਨਰਸਰੀ’ ਵਿਖੇ ਫੁੱਲਾਂ ਦਾ ਅਨੰਦ ਮਾਣਨ ਲਈ ਫੁਰਸਤ ਦੇ ਪਲਾਂ ‘ਚ ਜਾ ਬੈਠਦੇ ।ਉਨ੍ਹਾਂ ਦੀ ਸਿਹਤ ਪਿਛਲੇ ਕੁਝ ਅਰਸੇ ਤੋਂ ਬਾਹਰ ਜਾਣ ਦੇ ਅਸਮਰੱਥ ਹੋਣ ਕਾਰਨ ਉਹ ਘਰ ਹੀ ਆਰਾਮ ਕਰਦੇ ਹਨ । ਪ੍ਰਮਾਤਮਾ ਉਨ੍ਹਾਂ ਨੂੰ ਹਮੇਸ਼ਾਂ ਚੜ੍ਹਦੀਕਲਾ , ਤੰਦਰੁਸਤੀ ਬਖ਼ਸ਼ੇ ਤਾਂ ਕਿ ਉਹ ਸਮਾਜ ਦੀ ਹੋਰ ਵਧੇਰੇ ਸੇਵਾ ਕਰ ਸਕਣ।
…….ਮੇਜਰ ਸਿੰਘ ਨਾਭਾ ਮੋ:9463553962